Headlines

ਐਬਸਫੋਰਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਐਬਸਫੋਰਡ ( ਡਾ ਗੁਰਵਿੰਦਰ ਸਿੰਘ)- ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਸਾਹਿਬ ਸੁਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ 3 ਸਤੰਬਰ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ‘ਤੇ ਸੰਗਤਾਂ ਦੇ 2 ਲੱਖ ਤੋਂ ਵੱਧ ਇਕੱਠ ਨੇ ਨਵਾਂ ਇਤਿਹਾਸ ਸਿਰਜਿਆ। ਨਗਰ ਕੀਰਤਨ ਦੀ ਇਹ ਵੀ ਇਤਿਹਾਸਿਕ ਪ੍ਰਾਪਤੀ ਸੀ ਤਿੰਨੇ ਸਿੱਖ ਸੁਸਾਈਟੀਆਂ ; ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਭ ਤੋਂ ਪੁਰਾਣੀ ਸੁਸਾਇਟੀ ਖਾਲਸਾ ਦੀਵਾਨ ਸੁਸਾਇਟੀ, ਨੇ ਇਕੱਠਿਆਂ, ਸੰਗਤਾਂ ਦੀ ਸੇਵਾ ਵਿੱਚ ਸਾਂਝੀ ਭੂਮਿਕਾ ਨਿਭਾਈ। ਨਗਰ ਕੀਰਤਨ ਦੇ ਆਰੰਭ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਬੜੇ ਸਤਿਕਾਰ ਨਾਲ ਬੱਚਿਆਂ ਅਤੇ ਨੌਜਵਾਨਾਂ ਵਜੋਂ ਸਜਾਇਆ ਗਿਆ ਹੈ। ਸਿੱਖ ਮੋਟਰਸਾਈਕਲ, ਬੀ ਸੀ ਸਿੱਖ ਰਾਈਡਰਜ਼, ਖ਼ਾਲਸਾ ਸਕੂਲ ਦੇ ਬੱਚੇ ਸੇਵਾਦਾਰ ਤੇ ਦਸਮੇਸ਼ ਪੰਜਾਬੀ ਸਕੂਲ ਸਣੇ, ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਸੰਗਤਾਂ ਦੀ ਭਾਰੀ ਇਕੱਤਰਤਾ ਸੀ। ਨਗਰ ਕੀਰਤਨ ਦੌਰਾਨ ਸਿੱਖ ਬੱਚਿਆਂ ਅਤੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਦਿਖਾਉਂਦਿਆਂ ਸੰਗਤਾਂ ਨੂੰ ਪ੍ਰਭਾਵਿਤ ਕੀਤਾ।10 ਸਤੰਬਰ ਨੂੰ ਪੈ ਰਹੀਆਂ ਖ਼ਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪ੍ਰਭਾਵ ਅਧੀਨ, ਨਗਰ ਕੀਰਤਨ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਨੂੰ ਲੈ ਕੇ ਭਾਰੀ ਬੋਲਬਾਲਾ ਰਿਹਾ। ਜਿੱਥੇ ਨਗਰ ਕੀਰਤਨ ‘ਚ ਰਾਗੀਆਂ, ਢਾਡੀਆਂ ਅਤੇ ਕਥਾਵਾਚਕਾਂ ਨੇ ਹਾਜ਼ਰੀ ਲਵਾਈ, ਉਥੇ ਭੋਜਨ ਅਤੇ ਪੁਸਤਕਾਂ ਦੇ ਵੱਖ-ਵੱਖ ਸਟਾਲਾਂ ਦਾ ਵੀ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ, ਗੁਰੂ ਬਾਣੀ ਦੇ ਸਿਧਾਂਤ ਨੂੰ ਪ੍ਰਚਾਰਦਾ ਹੋਇਆ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ ਹੋਇਆ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।

ਤਸਵੀਰਾਂ : ਨਗਰ ਕੀਰਤਨ ਵੱਖ ਵੱਖ ਸੰਸਥਾਵਾਂ, ਸਿੱਖ ਸੋਸਾਇਟੀਆਂ ਅਤੇ ਸੰਗਤਾਂ ਦੀ ਸਮੂਲੀਅਤ।