Headlines

ਉਘੇ ਰੰਗਕਰਮੀ ਤੇ ਟੀ ਵੀ ਹੋਸਟ ਜਸਕਰਨ ਨੂੰ ਸਦਮਾ-ਪਿਤਾ ਮਾਸਟਰ ਹਰਜਿੰਦਰ ਸਿੰਘ ਸਹੋਤਾ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਉਘੇ ਰੰਗ ਕਰਮੀ ਤੇ ਰੇਡੀਓ, ਟੀਵੀ ਹੋਸਟ ਪ੍ਰੋ. ਜਸਕਰਨ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ  ਪਿਤਾ ਮਾਸਟਰ ਹਰਜਿੰਦਰ ਸਿੰਘ ਸਹੋਤਾ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸੰਸਕਾਰ 2 ਸਤੰਬਰ ਦਿਨ ਸ਼ਨਿਚਰਵਾਰ ਨੂੰ ਉਹਨਾਂ ਦੇ ਪਿੰਡ ਚੱਕ ਦੇਸ ਰਾਜ ਵਿਖੇ ਵੱਡੀ ਗਿਣਤੀ ਵਿਚ ਪੁੱਜੇ ਸਕੇ ਸਬੰਧੀਆਂ, ਇਨਕਲਾਬੀ ਆਗੂਆਂ ਤੇ ਸਨੇਹੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ।ਮਾਸਟਰ ਹਰਜਿੰਦਰ ਸਹੋਤਾ ਪਿਛਲੇ ਲੰਮੇ ਸਮੇਂ ਤੋ ਬੀਮਾਰ ਚਲੇ ਆ ਰਹੇ ਸਨ।
ਮਾਸਟਰ ਹਰਜਿੰਦਰ ਸਿੰਘ ਦਾ ਜਨਮ 6 ਜੂਨ 1949 ਨੂੰ ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਟਹਿਲ ਸਿੰਘ  ਦੇ ਪਰਿਵਾਰ ਵਿਚ ਪਿਤਾ ਸ੍ਰੀ ਹਰਬੰਸ ਸਿੰਘ ਅਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ  ਦੇ ਘਰ ਹੋਇਆ।
ਮਾਸਟਰ ਜੀ ਨੇ ਬੀ. ਐੱਸ. ਸੀ. ਬੀ. ਐਡ ਕਰਨ ਉਪਰੰਤ ਬਤੌਰ ਅਧਿਆਪਕ, ਵਿਦਿਆਰਥੀਆਂ ਨੂੰ ਰੌਸ਼ਨ ਭਵਿੱਖ਼ ਵੱਲ ਤੋਰਨ, ਮੁਲਾਜ਼ਮ ਸੰਘਰਸ਼ ਕਮੇਟੀ , ਗੌਰਮਿੰਟ ਟੀਚਰਜ਼ ਯੂਨੀਅਨ,ਪ.ਸ.ਸ.ਫ. ਦੇ ਆਗੂ ਤੋਂ ਇਲਾਵਾ ਆਪਣੇ ਖੇਤਰ ਵਿਚ ਹੁੰਦੀਆਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਵਿੱਚ ਮੁੱਲਵਾਨ ਯੋਗਦਾਨ ਪਾਇਆ ।
ਉਹਨਾਂ ਨੇ ਆਪਣੀਆਂ ਧੀਆਂ ਅਮਰਦੀਪ, ਸਤਵੀਰ ਅਤੇ ਸਪੁੱਤਰ ਜਸਕਰਨ ਨੂੰ ਸਖ਼ਤ ਮਿਹਨਤ ਕਰਕੇ ਉੱਚ ਵਿੱਦਿਆ ਹਾਸਲ ਕਰਵਾਈ।
ਜਸਕਰਨ ਨੇ ਅਮਰਦੀਪ ਸ਼ੇਰਗਿੱਲ ਕਾਲਜ਼ ਮੁਕੰਦਪੁਰ ਹੁੰਦਿਆਂ ਅਤੇ ਇਸ ਉਪਰੰਤ ਪੰਜਾਬ ਅਤੇ ਕਨੇਡਾ ਵਿਚ ਆਪਣੇ ਪਿਤਾ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੀ ਰੰਗ ਮੰਚ ਅਤੇ ਲੋਕ ਪੱਖੀ ਮੀਡੀਆ ਵਿੱਚ ਮਾਣਮੱਤੀ ਤੇ ਨਿਵੇਕਲੀ ਪਛਾਣ ਸਥਾਪਤ ਕੀਤੀ।
ਇਸੇ ਦੌਰਾਨ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਦੇਸ਼ ਭਗਤ ਯਾਦਗਾਰ ਕਮੇਟੀ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਸਮੁੱਚੀ ਜਮਹੂਰੀ ਇਨਕਲਾਬੀ ਲਹਿਰ ਵੱਲੋਂ ਸਾਥੀ ਹਰਜਿੰਦਰ ਸਿੰਘ ਸਹੋਤਾ ਦੇ ਦੇਹਾਂਤ ਉਪਰ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਪ੍ਰੋ ਜਸਕਰਨ ਤੇ ਪਰਿਵਾਰ ਨਾਲ ਸੰਵੇਦਨਾ ਜ਼ਾਹਰ ਕੀਤੀ ਹੈ।