Headlines

ਪੰਜਾਬ ਭਵਨ ਸਰੀ ਵਲੋਂ 5ਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ ਨੂੰ-ਸੁੱਖੀ ਬਾਠ

ਪ੍ਰਬੰਧਕਾਂ ਵਲੋਂ ਬੀ ਸੀ ਪੰਜਾਬੀ ਪ੍ਰੈਸ ਕਲੱਬ ਨਾਲ ਵਿਸ਼ੇਸ਼ ਮਿਲਣੀ-

ਸਰੀ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਵਲੋਂ ਪੰਜਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ 2023 ਨੂੰ ਤਾਜ ਪਾਰਕ ਕੈਨਵੈਨਸ਼ਨ ਸੈਂਟਰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਮੇਲਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਅਤੇ ਉਹਨਾਂ ਨਾਲ ਕਵੀ ਕਵਿੰਦਰ ਚਾਂਦ, ਅਮਰੀਕ ਸਿੰਘ ਪਲਾਹੀ ਤੇ ਪੱਤਰਕਾਰ ਜੋਗਿੰਦਰ ਸਿੰਘ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਮਿਲਣੀ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਵਿਸ਼ਾ ਪੰਜਾਬੀ ਸਾਹਿਤ, ਚੇਤਨਤਾ ਅਤੇ ਪਰਵਾਸ ਰੱਖਿਆ ਗਿਆ ਹੈ ਜਿਸ ਉਪਰ ਵਿਦਵਾਨਾਂ ਵਲੋਂ ਪਰਚੇ ਪੜੇ ਜਾਣਗੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਤੋਂ ਬਾਹਰ ਕੈਨੇਡਾ ਵਿਚ ਵਸਦੇ ਮਿੰਨੀ ਪੰਜਾਬ ਵਿਚ ਹੋਣ ਜਾ ਰਹੇ ਇਸ ਕੌਮਾਂਤਰੀ ਸੰਮੇਲਨ ਦੌਰਾਨ ਪਰਵਾਸੀ ਪੰਜਾਬੀ ਭਾਈਚਾਰੇ ਅਤੇ ਪਰਵਾਸੀ ਪੰਜਾਬ ਸਾਹਿਤ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਸੰਭਾਵਨਾਵਾਂ ਉਪਰ ਵਿਚਾਰ ਵਿਮਰਸ਼ ਤੋਂ ਇਲਾਵਾ ਪੰਜਾਬ ਤੋ  ਆ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਉਹਨਾਂ ਦੀ ਕੈਨੇਡੀਅਨ ਸਮਾਜ ਵਿਚ ਸੰਮਿਲਤ ਹੋਣ ਸਬੰਧੀ ਵੀ ਵਿਚਾਰਾਂ ਹੋਣਗੀਆਂ। ਉਹਨਾਂ ਦੱਸਿਆ ਕਿ ਕੈਨੇਡੀਅਨ ਪੰਜਾਬੀ ਨੌਜਵਾਨਾਂ ਨੂੰ ਗੈਂਗ ਅਤੇ ਹਿੰਸਾ ਤੋ ਦੂਰ ਰੱਖਣ ਅਤੇ ਇਕ ਚੰਗੇਰੇ ਸਮਾਜ ਦੀ ਉਸਾਰੀ ਲਈ ਯਤਨਾਂ ਤਹਿਤ ਵੀ ਮਾਹਿਰ ਆਪਣੇ ਵਿਚਾਰ ਰੱਖਣਗੇ। ਇਸ ਕੌਮਾਂਤਰੀ ਸੰਮੇਲਨ ਦੀਆਂ ਤਿਆਰੀਆਂ ਦੇ ਨਾਲ ਭਾਰਤੀ ਪੰਜਾਬ, ਪਾਕਿਸਤਾਨ ਅਤੇ ਹੋਰ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਵਿਦਵਾਨਾਂ ਤੇ ਸਾਹਿਤਕਾਰਾਂ ਦੇ ਪੁੱਜਣ ਦੀ ਉਮੀਦ ਹੈ।

ਇਸ ਮੌਕੇ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮਾਗਮਾਂ ਵਾਂਗ ਇਸ ਸਮਾਗਮ ਵਿਚ ਵੀ ਕੁਝ ਨਵਾਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਸੰਮੇਲਨ ਦੇ ਦੋਵੇਂ ਦਿਨ ਜਿਥੇ ਸਾਹਿਤ ਤੇ ਸਭਿਆਚਾਰ ਬਾਰੇ ਵਿਚਾਰਾਂ ਹੋਣਗੀਆਂ, ਉਥੇ ਪ੍ਰਸਿਧ ਨਾਟਕਕਾਰ ਡਾ ਸਾਹਿਬ ਸਿੰਘ ਵਲੋਂ ਦੋਵੇ ਦਿਨ ਨਾਟਕ ਖੇਡੇ ਜਾਣਗੇ। ਹੋਰ ਵਿਸ਼ਵ ਪੰਜਾਬੀ ਕਾਨਫਰੰਸਾਂ ਤੋਂ ਇਸ ਸੰਮੇਲਨ ਦੀ ਵੱਖਰਤਾ ਬਾਰੇ ਪੁੱਛੇ ਜਾਣ ਤੇ ਸੁੱਖੀ ਬਾਠ ਨੇ ਕਿਹਾ ਕਿ ਇਹ ਫੈਸਲਾ ਦਰਸ਼ਕਾਂ ਤੇ ਸਾਹਿਤ ਪ੍ਰੇਮੀਆਂ ਨੇ ਕਰਨਾ ਹੈ ਕਿ ਇਹ ਸੰਮੇਲਨ ਆਪਣੇ ਮਕਸਦ ਵਿਚ ਕਿੰਨਾ ਕੁ ਸਫਲ ਹੈ। ਉਹਨਾਂ ਹਰ ਸਾਲ ਦੀ ਤਰਾਂ ਕਿਸੇ ਇਕ ਪ੍ਰਮੁੱਖ ਵਿਦਵਾਨ ਨੂੰ ਸਨਮਾਨਿਤ ਕੀਤੇ ਜਾਣ ਦੇ ਨਾਲ ਸਮਾਜ ਲਈ ਕੁਝ ਨਿਵੇਕਲਾ ਕਰਨ ਵਾਲੀਆਂ ਸਖਸ਼ੀਅਤਾਂ ਦਾ ਵੀ ਸਨਮਾਨ ਕੀਤੇ ਜਾਣ ਬਾਰੇ ਦੱਸਿਆ। ਸਨਮਾਨਿਤ ਸਖਸੀਅਤਾਂ ਦੇ ਨਾਵਾਂ ਦਾ ਫੈਸਲਾ ਅਜੇ ਵਿਚਾਰ ਅਧੀਨ ਹੈ। ਇਸ ਮੌਕੇ ਉਹਨਾਂ ਪੰਜਾਬੀ ਮੀਡੀਆ ਤੋਂ ਇਸ ਸੰਮੇਲਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਹਿਯੋਗ ਦੀ ਅਪੀਲ ਕੀਤੀ।