Headlines

ਵਿੰਨੀਪੈਗ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਵਿੰਨੀਪੈਗ ( ਨਰੇਸ਼ ਸ਼ਰਮਾ)- ਐਤਵਾਰ 3 ਸਤੰਬਰ ਨੂੰ ਵਿੰਨੀਪੈਗ ਡਾਊਨ ਟਾਊਨ ਵਿਖੇ ਮੈਨੀਟੋਬਾ ਵਿਧਾਨ ਸਭਾ ਦੀ ਬਿਲਡਿੰਗ ਦੇ ਸਾਹਮਣੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੀ ਸੰਪੂਰਨਤਾ ਦੌਰਾਨ ਲੈਜਿਸਲੇਚਰ ਪਾਰਕ ਵਿਚ ਵਿਸ਼ਾਲ ਦੀਵਾਨ ਸਜਾਏ ਗਏ।ਢਾਡੀ ਜਥਿਆਂ ਨੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ। ਸਥਾਨਕ ਆਗੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਵਿਚ ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਟੈਰੀ, ਐਮ ਪੀ ਕੇਵਨ ਲੈਮਰੂ , ਸਾਬਕਾ ਮੰਤਰੀ ਡਾ ਗੁਲਜਾਰ ਸਿੰਘ ਚੀਮਾ, ਐਮ ਪੀ ਰਣਦੀਪ ਸਿੰਘ ਸਰਾਏ ਤੇ ਹੋਰਾਂ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਸਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੈਨੇਡਾ ਵਿਚ ਪੰਜਾਬੀ ਤੇ ਸਿੱਖ ਭਾਈਚਾਰੇ ਨੇ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਹਰ ਖੇਤਰ ਵਿਚ ਬੁਲੰਦੀਆਂ ਨੂੰ ਛੋਹਿਆ ਹੈ। ਕੋਵਿਡ ਦੌਰਾਨ ਸਿੱਖ ਗੁਰੂ ਘਰਾਂ ਤੇ ਸੰਸਥਾਵਾਂ ਨੇ ਜੋ ਮਨੁਖਤਾ ਦੀ ਸੇਵਾ ਲਈ ਕੰਮ ਕੀਤਾ, ਉਸ ਨਾਲ ਅਸੀ ਦੁਨੀਆ ਭਰ ਵਿਚ ਗੁਰੂ ਸਾਹਿਬਾਨ ਦਾ ਸਰਬਤ ਦੇ ਭਲੇ ਦਾ ਸੰਦੇਸ਼ ਪਹੁੰਚਾਉਣ ਵਿਚ ਕਾਮਯਾਬ ਹੋਏ ਹਾਂ। ਉਹਨਾਂ ਕਿਹਾ ਕਿ ਸਾਨੂੰ ਸਿਖ ਭਾਈਚਾਰੇ ਦਾ ਇਕ ਹਿੱਸਾ ਹੋਣ ਤੇ ਮਾਣ ਹੈ।

ਇਸ ਮੌਕੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਨੇ ਕੈਨੇਡਾ ਵਿਚ ਸਿੱਖ ਭਾਈਚਾਰੇ ਦੀਆਂ ਘਾਲਣਾਵਾਂ ਨੂੰ ਯਾਦ ਕੀਤਾ ਤੇ ਦੱਸਿਆ ਕਿ ਕੈਨੇਡਾ ਵਿਚ ਅੱਜ ਜੋ ਸਿੱਖ ਭਾਈਚਾਰੇ ਨੂੰ ਮਾਣ ਸਨਮਾਨ ਮਿਲ ਰਿਹਾ ਹੈ, ਉਸ ਲਈ ਸਾਡੇ ਵੱਡੇ ਵਡੇਰਿਆਂ ਨੇ ਸਖਤ ਮਿਹਨਤ ਕੀਤੀ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਪੰਜਾਬੀ ਤੇ ਸਿੱਖ ਭਾਈਚਾਰਾ ਕੈਨੇਡਾ ਦਾ ਇਕ ਅਹਿਮ ਅੰਗ ਹੈ। ਉਹਨਾਂ ਪੰਜਾਬ ਤੋਂ ਵਿਦਿਆਰਥੀ ਵੀਜੇ ਉਪਰ ਆਉਣ ਵਾਲੇ ਨੌਜਵਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਭਾਈਚਾਰੇ ਨੂੰ ਸਾਡੇ ਬੱਚਿਆਂ ਦੀ ਹਰ ਤਰਾਂ ਮਦਦ ਕਰਨੀ ਚਾਹੀਦੀ ਹੈ। ਜਿੰਨੇ ਵੀ ਨੌਜਵਾਨ ਕੈਨੇਡਾ ਵਿਚ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਆਉਂਦੇ ਹਨ, ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈ। ਭਾਈਚਾਰੇ ਦੀ ਵੱਧ ਤੋ ਵੱਧ ਗਿਣਤੀ ਹੋਣ ਨਾਲ ਹੀ ਅਸੀਂ ਕੈਨੇਡਾ ਵਿਚ ਹੋਰ ਮਜ਼ਬੂਤ ਹੋਵਾਂਗੇ। ਉਹਨਾਂ ਗੁਰੂ ਸਾਹਿਬਾਨ ਵਲੋ ਦਰਸਾਏ ਮਾਰਗ ਤੇ ਚਲਦਿਆਂ ਭਾਈਚਾਰੇ ਵਲੋਂ ਮਨੁੱਖਤਾ ਦੀ ਭਲਾਈ ਲਈ ਵਧ ਤੋ ਵੱਧ ਕੰਮ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਵੱਖ ਵੱਖ ਪਕਵਾਨਾਂ ਦੇ ਸਟਾਲ ਲਗਾਏ ਗਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਇਸ ਦੌਰਾਨ ਸਥਾਨਕ ਸਿੱਖ ਨੌਜਵਾਨਾਂ ਵਲੋਂ ਗੁਰਵਿੰਦਰ ਸਿੰਘ ਤੇ ਜਰਨੈਲ ਸਿੰਘ ਦੀ ਅਗਵਾਈ ਹੇਠ ਦਸਤਾਰ ਸਜਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।