Headlines

ਸਰੀ ਵਿਚ ਮੰਦਿਰ ਦੀ ਦੀਵਾਰ ਉਪਰ ਇਤਰਾਜ਼ਯੋਗ ਨਾਅਰੇ ਲਿਖੇ

ਮੰਦਿਰ ਕਮੇਟੀ ਤੇ ਕੈਨੇਡਾ-ਇੰਡੀਆ ਫਰੈਂਡਜ ਫਾਊਂਡੇਸ਼ਨ ਵਲੋਂ ਘਟਨਾ ਦੀ ਨਿੰਦਾ-

ਸਰੀ ( ਦੇ ਪ੍ਰ ਬਿ)-  ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸਰੀ ਸਥਿਤ ਇਕ  ਹਿੰਦੂ ਮੰਦਰ ਦੀ ਬਾਹਰੀ ਦੀਵਾਰ ਉਪਰ ਇਤਰਾਜਯੋਗ ਨਾਅਰੇ ਲਿਖੇ ਜਾਣ ਦੀ ਖਬਰ  ਹੈ। ਪ੍ਰਾਪਤੀ ਜਾਣਕਾਰੀ ਮੁਤਾਬਿਕ ਸਰੀ ਦੀ 123 ਸਟੀਰਟ ਉਪਰ  7984 ਤੇ ਸਥਿਤ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਕੰਧਾਂ ‘ਤੇ ਕੁਝ ਅਪਮਾਨਜਨਕ ਨਾਅਰੇ ਲਿਖੇ ਗਏ ਹਨ। ਇਹਨਾਂ ਦੀ ਇਬਾਰਤ ਹੈ- ਪੰਜਾਬ ਇੰਡੀਆ ਨਹੀਂ ਹੈ ਅਤੇ ਮੋਦੀ ਅੱਤਵਾਦੀ ਹੈ।

ਇਸ ਕਾਰਵਾਈ ਨਾਲ ਸਥਾਨਕ ਹਿੰਦੂ ਭਾਈਚਾਰੇ ਵਿਚ ਚਿੰਤਾ ਪਾਈ ਜਾ ਰਹੀ ਹੈ।  ਮੰਦਿਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਦਰ ਇਕ ਪੂਜਾ ਸਥਾਨ ਹੈ ਨਾ ਕਿ ਕਿਸੇ ਰਾਜਨੀਤਿਕ ਸਮੂਹ ਜਾਂ ਵਿਚਾਰਧਾਰਾ ਦਾ ਮੈਦਾਨ ਹੈ। ਇਹ ਮੰਦਰ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਇਥੇ  ਨਫ਼ਰਤ’ ਜਾਂ ਭੰਨਤੋੜ ਵਾਲੀ ਕਿਸੇ ਵੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਜਾਣੀ ਬਣਦੀ ਹੈ।
ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਸਰੀ  ਦੇ ਮਨਿੰਦਰ ਸਿੰਘ ਗਿੱਲ ਨੇ ਇਸ ਸ਼ਰਾਰਤੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਵਿਚ ਭਾਰਤੀ ਭਾਈਚਾਰੇ ਨੂੰ  ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਵਰਣਨਯੋਗ ਹੈ ਕਿ ਕੈਨੇਡਾ ਵਿਚ ਸਿਖਸ ਫਾਰ ਜਸਟਿਸ ਨਾਮ ਦੀ ਜਥੇਬੰਦੀ ਵਲੋਂ  ‘ਖਾਲਿਸਤਾਨ ਰੈਫਰੈਂਡਮ’ ਕਰਵਾਇਆ ਜਾ ਰਿਹਾ  ਹੈ, ਜਿਸ ਲਈ ਵੋਟਿੰਗ 10 ਸਤੰਬਰ 2023 ਨੂੰ  ਹੈ। ਕੁਝ ਦਿਨ ਪਹਿਲਾਂ ਇਸ ਰਾਏਸ਼ੁਮਾਰੀ ਦੇ ਵੋਟਿੰਗ ਸਥਾਨ ਜੋ ਕਿ ਟਮੈਨਵਿਸ ਸੈਕੰਡਰੀ ਸਕੂਲ ਵਿਚ ਰੱਖਿਆ ਗਿਆ ਸੀ, ਨੂੰ  ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਪ੍ਰੋਗਰਾਮ ਇਕ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਰੱਖਿਆ ਗਿਆ ਹੈ।