Headlines

ਸ੍ਰੋਮਣੀ ਕਮੇਟੀ ਵਲੋਂ ਕੈਲੀਫੋਰਨੀਆ ਵਿਚ ਗੁਰੂ ਗਰੰਥ ਸਾਹਿਬ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਲਗਾਉਣ ਦਾ ਫੈਸਲਾ

-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਪੇਸ਼ਕਸ਼ ਉਪਰੰਤ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਦੀ ਅਮਰੀਕਾ ਫੇਰੀ ਜਲਦ–

ਅੰਮ੍ਰਿਤਸਰ ( ਲਾਂਬਾ, ਭੰਗੂ )-ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ  ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਪਣੀ ਪ੍ਰਿੰਟਿੰਗ ਪ੍ਰੈੱਸ ਲਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਛੇਤੀ ਹੀ ਅਮਰੀਕਾ ਜਾਵੇਗਾ। ਇਸ ਵਫ਼ਦ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀਂ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ ’ਚ ਆਪਣੀ ਪ੍ਰੀਟਿੰਗ ਪ੍ਰੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਸਬੰਧੀ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਨਾਲ ਸਬੰਧਿਤ ਭਾਈ ਲਖਵਿੰਦਰ ਸਿੰਘ ਕਾਹਨੇਕੇ,  ਵਿਸ਼ਵ ਸਿੱਖ ਸੰਗਠਨ ਦੇ ਬਾਨੀ ਪ੍ਰਧਾਨ ਸ ਗਿਆਨ ਸਿੰਘ ਸੰਧੂ ਕੈਨੇਡਾ ਤੇ ਅਮਰੀਕਾ ਵਸਦੇ ਧਨਾਢ ਸਿੱਖ ਕਰਨੈਲ ਸਿੰਘ ਸੰਧੂ ਵਲੋਂ ਸ੍ਰੋਮਣੀ ਕਮੇਟੀ ਨੂੰ ਟਰੇਸੀ ਵਿਖੇ ਗੁਰੂ ਗਰੰਥ ਦੀ ਛਪਾਈ ਲਈ ਸਾਰੇ ਪ੍ਰਬੰਧ ਕਰਕੇ ਦੇਣ ਦੀ ਪੇਸ਼ਕਸ਼ ਕੀਤੇ ਜਾਣ ਉਪਰੰਤ ਇਹ ਫੈਸਲਾ ਲਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀਆਂ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਵੱਡੀ ਮੰਗ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਵੇਖਦਿਆਂ ਪ੍ਰਿਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਦੇ ਟਰੇਸੀ  ’ਚ ਸਥਾਪਤ ਕੀਤਾ ਜਾਣ ਵਾਲਾ ਸ਼੍ਰੋਮਣੀ ਕਮੇਟੀ ਦਾ ਇਹ ਕੇਂਦਰ ਸਿਰਫ ਪਾਵਨ ਸਰੂਪਾਂ ਦੀ ਛਪਾਈ ਹੀ ਨਹੀਂ ਕਰੇਗਾ, ਬਲਕਿ ਇਹ ਅਮਰੀਕਾ ਕੈਨੇਡਾ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਤੀਨਿਧਤਾ ਵੀ ਕਰੇਗਾ। ਇਹ ਕੇਂਦਰ ਸ੍ਰੀ ਅਕਾਲ ਤਖ਼ਤ ਦੀ ਅਗਵਾਈ ’ਚ ਕਾਰਜਸ਼ੀਲ ਹੋਵੇਗਾ, ਜਿਸ ਦੀ ਸੇਵਾ ਸ ਗਿਆਨ ਸਿੰਘ ਸੰਧੂ, ਕਰਨੈਲ ਸਿੰਘ ਸੰਧੂ, ਸਤਨਾਮ ਸਿੰਘ ਸੰਧੂ ਅਤੇ ਇਕਬਾਲ ਸਿੰਘ ਸੰਧੂ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਮੁੱਚੇ ਪ੍ਰਾਜੈਕਟ ਦੀ ਰੂਪ-ਰੇਖਾ ਤੈਅ ਕਰਨ ਅਤੇ ਹੋਰ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦੀ ਹੀ ਅਮਰੀਕਾ ਜਾਵੇਗਾ। ਇਸ ਵਫ਼ਦ ’ਚ ਉਨ੍ਹਾਂ ਸਮੇਤ ਮੈਂਬਰ ਅਤੇ ਅਧਿਕਾਰੀ ਸ਼ਾਮਲ ਹੋਣਗੇ। ਸ੍ਰੀ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਯੂਬਾ ਸਿਟੀ ਵੀ ਜਾਵੇਗਾ, ਜਿਥੇ ਪਹਿਲਾਂ ਤੋਂ ਹੀ ਧਰਮ ਪ੍ਰਚਾਰ ਕੇਂਦਰ ਸਥਾਪਤ ਕੀਤੇ ਜਾਣ ਦੀ ਕਾਰਵਾਈ ਚੱਲ ਰਹੀ ਹੈ।

ਇਸੇ ਦੌਰਾਨ ਸ ਗਿਆਨ ਸਿੰਘ ਸੰਧੂ ਜੋ ਅੱਜਕੱਲ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਨਾਮ ਦੀ ਸੰਸਥਾ ਚਲਾ ਰਹੇ ਹਨ, ਨੇ ਦੇਸ ਪ੍ਰਦੇਸ ਨਾਲ ਗੱਲ ਕਰਦਿਆਂ, ਸ੍ਰੋਮਣੀ ਕਮੇਟੀ ਪ੍ਰਧਾਨ ਵਲੋਂ ਕੀਤੇ ਗਏ ਉਕਤ ਖੁਲਾਸੇ ਦੀ ਪੁਸ਼ਟੀ ਕੀਤੀ ਹੈ। ਉਹਨਾਂ  ਦੱਸਿਆ ਕਿ ਉਤਰੀ ਅਮਰੀਕਾ ਵਿਚ ਵਸਦੇ ਸਿੱਖਾਂ ਦੀ ਵੱਡੀ ਮੰਗ, ਲੋੜ ਅਤੇ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦਿਆਂ ਅਮਰੀਕਾ ਦੇ ਧਨਾਢ ਸਿੱਖ ਸ ਕਰਨੈਲ ਸਿੰਘ ਸੰਧੂ ਵਲੋਂ ਗੁਰੂ ਗਰੰਥ ਸਾਹਿਬ ਦੀ ਛਪਾਈ ਲਈ ਕੇਂਦਰ ਸਥਾਪਿਤ ਕਰਨ ਵਾਸਤੇ ਜ਼ਮੀਨ, ਇਮਾਰਤ ਦੀ ਉਸਾਰੀ, ਪ੍ਰਿਟਿੰਗ ਪ੍ਰੈਸ ਲਗਾਉਣ ਦਾ ਜਿੰਮਾ ਲਿਆ ਗਿਆ ਹੈ। ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਦਾ ਪ੍ਰਬੰਧ ਅਤੇ ਨਿਗਰਾਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖੁਦ ਕੀਤੀ ਜਾਵੇਗੀ।