Headlines

 ਪੰਜਾਬੀ ਐਸੋਸੀਏਸ਼ਨ ਆਫ ਕੈਨੇਡਾ ਇਮੀਗ੍ਰੇਸ਼ਨ ਕੰਸਲਟੈਂਟਸ ਵੱਲੋਂ ਵਿਸ਼ੇਸ਼ ਇਕੱਤਰਤਾ

ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਖਿਲਾਫ ਕਾਰਵਾਈ ਦੀ ਮੰਗ-

ਸਰੀ, 10 ਸਤੰਬਰ ( ਸੰਦੀਪ ਸਿੰਘ ਧੰਜੂ)-

ਬੀਤੀ ਸ਼ਾਮ ਸਰੀ ਦੇ ਬੰਬੇ ਬੈਂਕੁਇਟ ਹਾਲ ਵਿੱਚ ਕੈਨੇਡਾ ਦੀ ਪੰਜਾਬੀ ਐਸੋਸੀਏਸ਼ਨਆਫ ਕੈਨੇਡਾ ਇਮੀਗ੍ਰੇਸ਼ਨ ਕੰਸਲਟੈਂਟਸ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਰੈਗੂਲੇਟਿਡ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਹਾਜਰੀ ਭਰੀ ਗਈ।  ਇਸ ਇਕੱਤਰਤਾ ਦੌਰਾਨ ਇਕ ਇਕ ਕਰਕੇ ਸਾਰੇ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਮੰਚ ਉਤੇ ਆ ਕੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੀ ਪ੍ਰੈਕਟਿਸ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੀ ਸਾਂਝ ਪਾਈ।  ਬਹੁਤੇ ਸਲਾਹਕਾਰਾਂ ਨੇ ਇਸ ਪੇਸ਼ੇ ਵਿੱਚ ਗਲਤ ਢੰਗ ਨਾਲ ਕੰਮ ਕਰ ਰਹੇ ਗੈਰ ਲਾਇਸੈਂਸ ਸ਼ੁਦਾ ਲੋਕਾਂ ਵੱਲੋਂ ਕੈਨੇਡਾ ਦੇ ਸੰਵਿਧਾਨ ਵੱਲੋਂ ਬਣਾਏ ਗਏ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਵੱਲ ਧਿਆਨ ਦੁਆਇਆ ਗਿਆ ਅਤੇ ਇਸ ਨਾਲ ਆਪਣੇ ਪੇਸ਼ੇ  ਦੀ ਵਿਗਾੜੀ ਜਾ ਰਹੀ ਸਾਖ ਪ੍ਰਤੀ ਚਿੰਤਾ ਪ੍ਰਗਟ ਕੀਤੀ । ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੁਆਇਆ ਗਿਆ ਕਿ ਕਿਵੇਂ ਪੰਜਾਬ ਬੈਠੇ ਅਣ ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਆਮ ਲੋਕਾਂ ਨੂੰ ਕੈਨੇਡਾ ਦਾ  ਵੀਜਾ ਲਗਵਾਉਣ ਲਈ ਭਾਂਤ ਭਾਂਤ ਤਰਾਂ ਨਾਲ ਠੱਗੀ ਕੀਤੀ ਜਾਂਦੀ ਹੈ ਅਤੇ ਭੋਲੇ ਭਾਲੇ ਲੋਕ ਉਨਾਂ ਨੂੰ ਹੀ ਕੈਨੇਡਾ ਦੇ ਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰ ਸਮਝ ਕੇ ਉਨਾ ਦਾ ਸ਼ਿਕਾਰ ਬਣਦੇ ਹਨ।  ਇਸ ਸਮੇਂ ਜਿਥੇ ਪੰਜਾਬ ਸਰਕਾਰ ਨੂੰ ਇਸ ਅਹਿਮ ਮੁੱਦੇ ਵੱਲ ਧਿਆਨ ਦੇ ਕੇ ਗਲਤ ਅਨਸਰਾਂ ਖਿਲਾਫ ਸਖਤ ਕਾਰਵਾਈ ਲਈ ਅਪੀਲ ਕੀਤੀ ਗਈ  ਉਥੇ ਸਾਂਝੇ ਤੌਰ ਤੇ ਲਏ ਇਕ ਫੈਸਲੇ ਉਪਰੰਤ ਕੈਨੇਡਾ ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਪ੍ਰਕਾਰ ਦੀ ਸੇਵਾ ਦੇ ਚਾਹਵਾਨਾਂ ਵਿੱਚ ਕੇਵਲ ਲਾਇਸੈਂਸ ਸ਼ੁਦਾ ਇਮੀਗ੍ਰੇਸ਼ਨ ਸਲਾਹਕਾਰਾਂ ਪਾਸੋਂ ਹੀ ਸੇਵਾਵਾਂ ਲੈਣ ਲਈ ਜਾਗਰੂਕਤਾ ਫੈਲਾਉਣ ਪ੍ਰਤੀ ਮੁਹਿੰਮ ਚਲਾਉਣ ਸਬੰਧੀ ਅਹਿਦ ਕੀਤਾ ਗਿਆ।
 ਇਸ ਇਕੱਤਰਤਾ ਲਈ ਕੀਤੇ ਗਏ ਯਤਨਾਂ ਅਤੇ ਪ੍ਰਬੰਧਾਂ ਲਈ ਸਾਰਿਆਂ ਵੱਲੋਂ ਸ.ਰਘਬੀਰ ਸਿੰਘ ਭਰੋਵਾਲ ਦਾ ਧੰਨਵਾਦ ਕੀਤਾ ਗਿਆ ਅਤੇ ਆਉਂਦੇ ਸਮੇਂ ਵਿੱਚ ਵੀ ਅਜਿਹੇ ਇਕੱਠ ਕਰਨ ਲਈ ਬੇਨਤੀ ਕੀਤੀ। ਅੰਤ ਵਿੱਚ ਸ. ਰਘਬੀਰ ਸਿੰਘ ਭਰੋਵਾਲ ਨੇ ਇਸ ਮੌਕੇ ਪਹੁੰਚੇ ਸਾਰੇ ਰੈਗੂਲੇਟਿਡ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦੁਆਇਆ ਗਿਆ ਕਿ ਨੇੜਲੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ ਜਿਨਾਂ ਵਿੱਚ ਇਸ ਪੇਸ਼ੇ ਨਾਲ ਸੰਬੰਧਿਤ ਸਾਰੇ ਲੋਕ ਇਕ ਮੰਚ ਉਤੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰ ਸਕਣ ਅਤੇ ਇਕ ਦੂਜੇ ਦੇ ਸਹਿਯੋਗ ਨਾਲ ਆਪਣੇ ਪੇਸ਼ੇ ਵਿੱਚ ਅੱਗੇ ਵਧ ਸਕਣ।