Headlines

ਖਾਲਿਸਤਾਨ ਰੀਫਰੈਂਡਮ ਲਈ ਮੁੜ ਵੋਟਾਂ 29 ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਿਖਸ ਫਾਰ ਜਸਟਿਸ ਨਾਮ ਦੀ ਜਥੇਬੰਦੀ ਵਲੋਂ ਪੰਜਾਬ ਵਿਚ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਲੈਕੇ ਰਿਫਰੈੰਡਮ ਦੀ ਚਲਾਈ ਗਈ ਮੁਹਿੰਮ ਤਹਿਤ ਗੁਰਦੁਆਰਾ ਸਰੀ ਡੈਲਟਾ ਵਿਖੇ ਵੋਟਾਂ ਪੁਆਈਆਂ ਗਈਆਂ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵੋਟਿੰਗ ਦੌਰਾਨ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਤੇ ਵੋਟਿੰਗ ਲਈ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਰਿਫਰੈਂਡਮ ਪੱਖੀ ਇਕ ਰਿਪੋਰਟਰ ਵਲੋਂ ਡੇਢ ਲੱਖ ਦੇ ਕਰੀਬ ਵੋਟਾਂ ਪੈਣ ਦਾ ਦਾਅਵਾ ਕੀਤਾ ਗਿਆ ਹੈ ਜਦੋਂਕਿ ਰਿਫਰੈਂਡਮ ਵਿਰੋਧੀ ਮੀਡੀਆ ਵਲੋਂ ਸਵੇਰ ਤੋਂ ਸ਼ਾਮ ਤੱਕ 8 ਘੰਟੇ ਦੀ ਪੋਲਿੰਗ ਦੌਰਾਨ 10 ਹਜ਼ਾਰ ਦੇ ਕਰੀਬ ਵੋਟਾਂ ਪੋਲ ਹੋਣ ਬਾਰੇ ਕਿਹਾ ਗਿਆ ਹੈ।  ਪ੍ਰਬੰਧਕਾਂ ਵਲੋਂ  ਰਿਫਰੈਂਡਮ ਵੋਟਾਂ ਮੁੜ 29 ਅਕਤੂਬਰ ਨੂੰ ਪੁਆਉਣ ਦਾ ਐਲਾਨ ਕੀਤਾ ਗਿਆ ਹੈ।  ਰਿਫਰੈਂਡਮ ਵੋਟਿੰਗ ਦੇ  ਮੁੱਖ ਅਧਿਕਾਰੀ ਪਾਲ ਜੈਕਬ ਨੇ ਦਾਅਵਾ ਕੀਤਾ ਕਿ ਇਸ ਰਿਫਰੈਂਡਮ ਦੌਰਾਨ ਸਾਰੇ ਸਿੱਖ ਵੋਟਾਂ ਨਹੀਂ ਪਾ ਸਕੇ। ਲਿਹਾਜ਼ਾ 29 ਅਕਤੂਬਰ ਨੂੰ ਇਕ ਵਾਰ ਫਿਰ ਵੋਟਾਂ ਪੈਣਗੀਆਂ। ਜ਼ਿਕਰਯੋਗ ਹੈ ਕਿ ਰਿਫਰੈਂਡਮ ਵੋਟਿੰਗ ਦਾ ਸਥਾਨ ਪਹਿਲਾਂ ਇਕ ਸਕੂਲ ਵਿਚ ਰੱਖਿਆ ਗਿਆ ਸੀ ਪਰ ਕੁਝ ਸਮਾਜਿਕ ਸੰਸਥਾਵਾਂ ਵਲੋਂ ਸਕੂਲ ਵਿਚ ਇਤਰਾਜਯੋਗ ਪੋਸਟਰਾਂ ਦਾ ਵਿਰੋਧ ਕਰਨ ਪਿੱਛੋ ਸਕੂਲ ਦੀ ਮੈਨਜਮੈਂਟ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਸੀ । ਬਾਦ ਵਿਚ ਵੋਟਿੰਗ ਦੀ ਥਾਂ ਗੁਰਦੁਆਰਾ ਸਾਹਿਬ ਵਿਚ ਤਬਦੀਲ ਕੀਤੀ ਗਈ ਸੀ।