Headlines

ਗਲੈਡੀਏਟਰ ਗੀਤ ਨਾਲ ਫਿਰ ਚਰਚਾ ਵਿਚ ਆਇਆ ਗਾਇਕ ਗੁਰਜਾਨ

ਮਹੇਸ਼ਇੰਦਰ ਸਿੰਘ ਮਾਂਗਟ-

ਸਰੀ-ਜ਼ਿਲ੍ਹਾ ਰੂਪਨਗਰ ਦੇ ਇਤਿਹਾਸਿਕ ਸ਼ਹਿਰ ਸ੍ਰੀ ਚਮਕੌਰ ਸਾਹਿਬ ਨਾਲ ਸਬੰਧਤ ਪੰਜਾਬੀ ਗਾਇਕ ਗੁਰਜਾਨ (ਗੁਰਿੰਦਰ ਸਿੰਘ) ਆਪਣਾ ਨਵਾਂ ਸੋਲੋ ਟਰੈਕ “ਗਲੈਡੀਏਟਰ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ।ਇਹ ਟਰੈਕ ਪ੍ਰਸਿੱਧ ਕਬੱਡੀ ਖਿਡਾਰੀ ਸਵਰਗੀ ਸੰਦੀਪ ਨੰਗਲ ਅੰਬੀਆਂ ਦਾ ਜੋ ਹਰਪ੍ਰੀਤ ਸਿੰਘ ਲੋਹਚਮ੍ਹ (ਹੈਪੀ ਸਿੱਲ) ਵੱਲੋਂ ਲਿਖਿਆ ਗਿਆ ਹੈ, ਜਿਸ ਦਾ ਮਿਊਜਕ ਕਿਲ ਬਨਦਾ ਨੇ ਦਿੱਤਾ ,ਨੂੰ ਗਾ ਕੇ ਉਸ ਨੂੰ ਸੱਚੀ ਸਰਧਾਜ਼ਲੀ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਗੁਰਜਾਨ ਦੱਸਦਾ ਹੈ ਕਿ ਖਾਲਸਾ ਸੀਨੀਅਰ ਸਕੂਲ ਸ਼੍ਰੀ ਚਮਕੌਰ ਸਾਹਿਬ ਪੜ੍ਹਦੇ ਉਸ ਨੂੰ ਪੰਜਾਬੀ ਮਾਸਟਰ ਦਲਵੀਰ ਸਿੰਘ ਦੀ ਪ੍ਰੇਰਨਾ ਤੇ ਹੱਲਾਸ਼ੇਰੀ ਸੱਦਕੇ ਉਸਨੂੰ ਗਾਉਣ ਦਾ ਅਜਿਹਾ ਸ਼ੌਂਕ ਪਿਆ ਜੋ ਉਸਨੂੰ ਸਹਿਜੇ -ਸਹਿਜੇ ਪ੍ਰੋਫੈਸ਼ਨਲ ਸਿੰਗਰ ਬਣਨ ਤੱਕ ਲੈ ਗਿਆ। ਫਿਰ ਕਾਲਜ ਦੀ ਪੜਾਈ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਬੇਲਾ ਦੌਰਾਨ ਪੰਜਾਬ ਯੂਨੀਵਰਸਟੀ ਵਲੋਂ ਕਰਵਾਇਆ ਜਾਂਦੇ ਯੂਥ ਫੈਸਟੀਵਲਾਂ ‘ਚ ਕਈ ਵਾਰ ਨਾਮ ਜਿੱਤ ਕੇ ਆਪਣੇ ਮਾਂ ਬਾਪ ਤੇ ਕਾਲਜ ਦਾ ਨਾਮ ਖ਼ੂਬ ਰੌਸ਼ਨ ਕੀਤਾ। ਕਾਲਜ ਦੀ ਪੜਾਈ ਦੌਰਾਨ ਉਸ ਨੂੰ ਉਸ ਵੇਲੇ ਦੇ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਕੀ ਤੇ ਸਤਵਿੰਦਰ ਬੁੱਗਾ ਦੀਆਂ ਸਟੇਜਾਂ ਤੇ ਗਾਉਣ ਦਾ ਮੌਕਾ ਮਿਲਿਆ। ਇਸ ਦੌਰਾਨ ਸਰੋਤਿਆ ਵੱਲੋਂ ਮਿਲੇ ਭਰਪੂਰ ਹੁੰਗਾਰੇ ਕਾਰਨ ਉਨ੍ਹਾਂ ਆਪਣੀ ਪਹਿਲੀ ਨੌ ਗੀਤਾ ਦੀ ਐਲਬਮ “ਸੱਚੀਆਂ- ਮੁਹੱਬਤਾਂ” ਮਾਰਕਿਟ ਵਿੱਚ ਲੈ ਕੇ ਆਏ। ਇਸ ਐਲਬਮ ਦੇ ਗੀਤ ਜੈਲੀ ਮਨਜੀਤਪੁਰੀ, ਸ਼ਫੀ ਜਲਵੜਾ ,ਜੱਸੀ ਮੰਡ, ਰਿੰਪਾ ਕਾਲੇਵਾਲ ਦੇ ਲਿਖੇ ਹੋਏ ਸਨ ਤੇ ਕਲੀ ਢਾਡੀ ਅਮਰ ਸਿੰਘ ਸ਼ੌਕੀ ਦੀ ਗਾਈ ਗਈ ਸੀ। ਜਿਸਦੇ ਸਾਰਿਆ ਗਾਣਿਆਂ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ।ਹੁਣ ਤੱਕ ਆਏ ਉਸ ਦੇ ਸੋਲੋ ਟਰੈਕਾਂ ਜਿਵੇਂ ਡਾਲਰ,11 ਕਿਲੋਮੀਟਰ, ਗ਼ਲਤ ਸੋਚ ਸਰਕਾਰਾਂ ਦੀ, ਹੈਪੀ ਬਰਥ ਡੇ ਟੁ ਯੂ, ਟਾਈਮ ਵਿਲ ਚੈਂਜ, ਅਬੌਟ ਮੀ, ਟੋਹਰ ਆਦਿ ਵੀ ਖੂਬ ਚੱਲੇ। ਪ੍ਰਮਾਤਮਾ ਇਸ ਮਿਲਣਸਾਰ, ਮਿੱਠੀ ,ਸੁਰੀਲੀ ਤੇ ਦਿਲਕਸ਼ ਆਵਾਜ਼ ਦੇ ਮਾਲਕ ਗੁਰਜਾਨ ਨੂੰ ਹਮੇਸ਼ਾਂ ਤਰੱਕੀਆਂ ਬਖਸ਼ੇ।