Headlines

ਜਦੋਂ ਵਿਆਹ ਵਾਲੇ ਵਿਹੜੇ ‘ਚ ਕਵਿਤਾਵਾਂ ਦੀ ਗ਼ੁਲਜ਼ਾਰ ਖਿੜੀ…

 –ਸਰੀ ਦੇ ਸਿੱਧੂ ਭਰਾਵਾਂ ਨੇ ਪਾਈ ਨਿਵਕੇਲੀ ਪਿਰਤ-

ਸਰੀ, 14 ਸਤੰਬਰ (ਹਰਦਮ ਮਾਨ)-ਇੱਥੋਂ ਦੇ ਸਿੱਧੂ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਵਿਆਹ ਮੌਕੇ ਆਪਣੇ ਵਿਹੜੇ ਵਿਚ ਸਥਾਨ ਕਵੀਆਂ ਦੀ ਮਹਿਫ਼ਿਲ ਸਜਾ ਕੇ ਨਿਵੇਕਲਾ ਕਾਰਜ ਕੀਤਾ ਗਿਆ। ਸਾਹਿਤਕਾਰ ਅਜੈਬ ਸਿੰਘ ਸਿੱਧੂ ਦੇ ਬੇਟੇ ਅਤੇ ਸ਼ਾਇਰ ਗੁਰਮੀਤ ਸਿੰਘ ਸਿੱਧੂ ਦੇ ਭਤੀਜੇ ਮਨਵੀਰ ਸਿੰਘ ਸਿੱਧੂ ਦੇ ਵਿਆਹ ਦੀ ਰੌਣਕ ਵਿਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਹੁਤ ਹੀ ਖੁਸ਼ਗਵਾਰ ਮਾਹੌਲ ਸਿਰਜਿਆ।

ਇਸ ਸੁਰਮਈ ਸ਼ਾਮ ਦਾ ਆਗਾਜ਼ ਗੁਰਮੀਤ ਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਫਿਰ ਸਟੇਜ ਸੰਚਾਲਕ ਅਤੇ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਰਾਜਵੰਤ ਰਾਜ ਨੇ ਇੰਦਰਜੀਤ ਧਾਮੀ ਦੇ ਕਲਾਮ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਕਾਵਿ ਮਹਿਫ਼ਿਲ ਵਿਚ ਉਸਤਾਦ ਕ੍ਰਿਸ਼ਨ ਭਨੋਟ, ਡਾ. ਗੋਪਾਲ ਸਿੰਘ ਬੁੱਟਰ, ਪਲਵਿੰਦਰ ਰੰਧਾਵਾ, ਮੋਹਨ ਗਿੱਲ, ਕਵਿੰਦਰ ਚਾਂਦ, ਬਿੰਦੂ ਮਠਾੜੂ, ਦਰਸ਼ਨ ਸੰਘਾ, ਹਰਦਮ ਮਾਨ, ਦਵਿੰਦਰ ਗੌਤਮ, ਸੁਖਜੀਤ, ਦਸ਼ਮੇਸ਼ ਗਿੱਲ ਫਿਰੋਜ਼, ਮੇਜਰ ਸਿੰਘ ਰੰਧਾਵਾ, ਪ੍ਰੀਤ ਮਨਪ੍ਰੀਤ, ਸੁਖਵਿੰਦਰ ਚੋਹਲਾ, ਸੁਰਜੀਤ ਮਾਧੋਪੁਰੀ, ਰਾਜਵੰਤ ਰਾਜ, ਜਸਵਿੰਦਰ ਅਤੇ ਗੁਰਮੀਤ ਸਿੰਘ ਸਿੱਧੂ ਨੇ ਆਪੋ ਆਪਣੇ ਕਾਵਿ-ਰੰਗਾਂ ਨਾਲ ਮਹਿਫ਼ਿਲ ਨੂੰ ਸ਼ਿੰਗਾਰਿਆ। ਕਵੀਆਂ ਦੇ ਰੰਗ ਸਨ-

“ਮੇਰੇ ਸੂਰਜ ਚੰਦ ਸਿਤਾਰਿਓ, ਝੁਕਣਾ ਨਹੀਂ ਠਰਣਾ ਨਹੀਂ

ਹਨੇਰੇ ਯੁਗ ਤੋਂ ਪਿਆਰਿਓ ਡਰਨਾ ਨਹੀਂ ਠਰਣਾ ਨਹੀਂ” (ਡਾ. ਗੋਪਾਲ ਸਿੰਘ ਬੁੱਟਰ)

“ਪਿੰਡਾਂ ਦੇ ਵਿਚ ਰੱਬ ਵਸਦਾ ਸੀ ਹੁਣ ਵਸਦਾ ਉਹ ਦਿੱਲੀ

ਲਗਦੈ ਹਾਕਮ ਦੀ ਅਕਲ ਖਾਨਿਓਂ ਹਿੱਲੀ” (ਮੋਹਨ ਗਿੱਲ)

ਇਹ ਕਿਸ ਤਰਾਂ ਦੀ ਰੌਸ਼ਨੀ ਆਉਂਦੀ ਹੈ ਸ਼ਹਿਰ ‘ਚੋਂ

ਦਿਸਦਾ ਹੈ ਅਕਸ ਰਾਤ ਦਾ ਤਪਦੀ ਦੁਪਿਹਰ ‘ਚੋਂ (ਦਵਿੰਦਰ ਗੌਤਮ)

‘ਥਾਲੀ ਵਿਚ ਸੋਨਾ ਆ

ਜੀਹਦੇ ਨਾਲ ਮੈਂ ਲਾਈਆਂ ਸਾਰੇ ਜੱਗ ਨਾਲੋਂ ਸੋਹਣਾ ਆ’ (ਸੁਖਜੀਤ)

‘ਅਗਰ ਬਣਤੀ ਨਹੀਂ ਤੁਮ ਬ੍ਹਾਈਓਂ ਕੀ ਤੋ ਮੇਰੀ ਮਾਨੋਂ

ਕਿ ਪਹਿਲੀ ਬਾਤ ਤੋ ਕੋਸ਼ਿਸ਼ ਕਰੋ ਕਿ ਘਰ ਕੋ ਨਾ ਬਾਂਟੋ’ (ਦਸ਼ਮੇਸ਼ ਗਿੱਲ ਫਿਰੋਜ਼)

‘ਬਹੁਤ ਕੋਸ਼ਿਸ਼ ਕਰੀ ਕਿ ਸਾਊ ਰਾਹੀਂ ਤੋਰ ਲਵਾਂ

ਬੜੇ ਹੀ ਅੜਬ ਨੇ ਮੇਰੇ ਮੁਤਾਬਿਕ ਚੱਲਦੇ ਨਹੀਂ’ (ਮੇਜਰ ਸਿੰਘ ਰੰਧਾਵਾ)

‘ਸੋਚ ਸਮਝ ਕੇ ਹੀ ਲਿਖਿਆ ਕਰ ਧੁੱਪਾਂ ਦਾ ਫੁਰਮਾਨ ਕਿਤੇ

ਬਹੁਤਾ ਚਾਨਣ ਨਜ਼ਰ ਤੇਰੀ ਦਾ ਕਰ ਨਾ ਦੇਹ ਨੁਕਸਾਨ ਕਿਤੇ’ (ਪ੍ਰੀਤ ਮਨਪ੍ਰੀਤ)

‘ਮੈਂ ਜੋ ਮੈਂ ਹਾਂ, ਸਿਰਫ ਏਹੀ ਹੀ ਨਹੀਂ ਹਾਂ, ਬਹੁਤ ਕੁਝ ਹੋਰ ਹਾਂ

ਮੈਂ ਤਾਂ ਆਦਿ ਤੋਂ ਅਨੰਤ ਤੀਕ ਫੈਲਿਆ ਪਿਆ ਹਾਂ’ (ਸੁਖਵਿੰਦਰ ਚੋਹਲਾ)

‘ਦਿਲ ਹੀ ਢਹਿ ਜਾਵੇ ਤਾਂ ਫੁੱਲ ਵੀ ਟਿਕਦਾ ਨਹੀਂ ਹਥੇਲੀ ‘ਤੇ

ਚਾਹਤ ਹੋਵੇ, ਚੀਚੀ ਨਾਲ ਪਹਾੜ ਹਿਲਾਇਆ ਜਾ ਸਕਦੈ’ (ਹਰਦਮ ਮਾਨ)

‘ਮਸਲਦੇ ਕਿਉਂ ਨੇ ਮਾਸੂਮ ਕਲੀਆਂ ਨੂੰ, ਸਬਜ਼ ਪੱਤੀਆਂ ਨੂੰ ਝਾੜਦੇ ਕਿਉਂ ਨੇ

ਬੀਜ ਕੇ ਖ਼ੁਦ ਗੁਲਾਬ ਸੱਧਰਾਂ ਦੇ ਲੋਕ ਹੱਥੀਂ ਉਜਾੜਦੇ ਕਿਉਂ ਨੇ’ (ਰਾਜਵੰਤ ਰਾਜ)

‘ਹੋਇਆ ਅੱਜ ਵਿੱਛੜੇ ਪਿਆਰਿਆਂ ਦਾ ਮੇਲ

ਕੀਤਾ ਤਕਦੀਰ ਨੇ ਦਤਾਰਿਆਂ ਦਾ ਮੇਲ’ (ਸੁਰਜੀਤ ਸਿੰਘ ਮਾਧੋਪੁਰੀ)

‘ਤਪਸ਼ ਸੀਨੇ ਦੀ ਮਿਟਾਵੇ ਆਪਣੇ ਮਹਿਬੂਬ ਦੀ

ਇਸ਼ਕੀਆ ਨੈਣਾਂ ‘ਚ ਖ਼ਾਬ ਕੁਝ ਤਾਂ ਚਾਹੀਦੈ ਹਜੂਰ’ (ਗੁਰਮੀਤ ਸਿੰਘ ਸਿੱਧੂ)

‘ਤੇਰੇ ਖ਼ਿਆਲ ਦਾ ਮੈਨੂੰ ਸਰੂਰ ਇਉਂ ਚੜ੍ਹਿਆ ਜਿਵੇਂ ਫਕੀਰ ਨੂੰ ਆ ਕੇ ਵਜਦ ਵਿਚ ਹਾਲ ਪਵੇ

ਖ਼ੁਦੀ ਤੋਂ ਪਾਰਲਾ ਮੰਜ਼ਰ ਕਿਵੇਂ ਬਿਆਨ ਕਰਾਂ ਦਿਲਾਂ ਦੇ ਦੇਸ ਵਿਚ ਅਕਸਰ ਅਕਲ ਦਾ ਕਾਲ ਪਵੇ’ (ਜਸਵਿੰਦਰ)

ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਅਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਿੱਧੂ ਭਰਾਵਾਂ ਨੇ ਕਵੀ ਦਰਬਾਰ ਕਰਵਾ ਕੇ ਇਕ ਨਿਵੇਕਲੀ ਅਤੇ ਸ਼ਲਾਘਾਯੋਗ ਪਿਰਤ ਪਾਈ ਹੈ। ਅੰਤ ਵਿਚ ਅਜੈਬ ਸਿੰਘ ਸਿੱਧੂ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਖੁਸ਼ਨਸੀਬੀ ਹੈ ਕਿ ਪਿਆਰੇ ਸ਼ਾਇਰਾਂ ਨੇ ਸਾਡੇ ਵਿਹੜੇ ‘ਚ ਪੈਰ ਪਾ ਕੇ ਵਿਆਹ ਦੀ ਖੁਸ਼ੀ ਨੂੰ ਦੂਣ ਸਵਾਇਆ ਕੀਤਾ ਹੈ।