Headlines

ਸੀ ਬੀ ਸੀ ਰੇਡੀਓ ਅਤੇ ਟੀ ਵੀ ਰਿਪੋਰਟਰ ਕੁਲਜੀਤ ਕੌਰ ਕੈਲਾ ਦੀ ਬੇਵਕਤ ਮੌਤ ਨਾ ਪੂਰਾ ਹੋਣ ਵਾਲਾ ਘਾਟਾ  

ਸਸਕਾਰ ਅਤੇ ਅੰਤਿਮ ਅਰਦਾਸ 15 ਸਤੰਬਰ, ਸ਼ੁੱਕਰਵਾਰ ਨੂੰ-
——————-
ਸਰੀ (ਡਾ. ਗੁਰਵਿੰਦਰ ਸਿੰਘ) ਕੈਨੇਡਾ ਦੇ ਮੀਡੀਆ ਹਲਕਿਆਂ ਵਿੱਚ ਜਾਣੀ ਪਹਿਚਾਣੀ ਸਖਸੀਅਤ ਰੇਡੀਓ ਅਤੇ ਟੀ ਵੀ ਰਿਪੋਰਟਰ ਬੀਬੀ ਕੁਲਜੀਤ ਕੌਰ ਕੈਲਾ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਬੀਬੀ ਕੁਲਜੀਤ ਕੌਰ ਕੈਲਾ ਦਾ ਅੰਤਿਮ ਸੰਸਕਾਰ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਇੱਕ ਵਜੇ ਰਿਵਰਸਾਈਡ ਫਿਓਨਰਲ ਹੋਮ ਡੈਲਟਾ ਵਿਖੇ ਹੋਏਗਾ ਅਤੇ ਅੰਤਮ ਅਰਦਾਸ ਬਾਅਦ ਦੁਪਹਿਰ ਤਿੰਨ ਵਜੇ ਗੁਰਦੁਆਰਾ ਦੁੱਖ ਨਿਵਾਰਨ ਸਰੀ ਵਿਖੇ ਹੋਵੇਗੀ। ਕੈਨੇਡੀਅਨ ਜੰਪਲ ਕੁਲਜੀਤ ਕੈਲਾ ਨੇ ਆਪਣਾ ਪੜਾਈ ਦਾ ਸਫ਼ਰ ਮਕੈਂਜ਼ੀ ਸ਼ਹਿਰ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਮੀਡੀਆ ਖੇਤਰ ਵਿੱਚ ਉੱਚ ਵਿੱਦਿਆ ਹਾਸਿਲ ਕੀਤੀ। ਮਗਰੋਂ ਕੁਲਜੀਤ ਨੇ ਸੀ ਬੀ ਸੀ ਰੇਡਿਓ ਅਤੇ ਟੈਲੀਵਿਜ਼ਨ ‘ਤੇ ਸੇਵਾਵਾਂ ਨਿਭਾਈਆਂ। ਨਿਰਮਲ ਸਿੰਘ ਕੈਲਾ ਅਤੇ ਅਵਤਾਰ ਕੌਰ ਕੈਲਾ ਦੀ ਹੋਣਹਾਰ ਧੀ ਅਤੇ ਕੁਲਵੀਰ ਸਿੰਘ ਅਤੇ ਸੰਗੀਤਾ ਕੈਲਾ ਦੀ ਭੈਣ ਕੁਲਜੀਤ ਕੌਰ ਕੈਨੇਡਾ ਦੇ ਮੁੱਖ ਧਾਰਾ ਮੀਡੀਏ ਵਿੱਚ ਚੰਗੀ ਪਛਾਣ ਬਣਾ ਚੁੱਕੀ ਸੀ, ਪਰ ਇਸੇ ਦੌਰਾਨ ਉਹ ਕੈਂਸਰ ਦਾ ਸ਼ਿਕਾਰ ਹੋ ਗਈ ਤੇ ਭਿਆਨਕ ਬਿਮਾਰੀ ਜਾਨਲੇਵਾ ਸਾਬਤ ਹੋਈ। ਪੰਜਾਬੀ ਮੀਡੀਆ ਵੱਲੋਂ ਕੁਲਜੀਤ ਕੌਰ ਕੈਲਾ ਦੇ ਭਰ ਜਵਾਨੀ ਵਿੱਚ ਵਿਛੋੜੇ ‘ਤੇ ਡੂੰਘੀ ਹਮਦਰਦੀ ਦਾ ਇਜ਼ਹਾਰ ਹੈ ਤੇ ਉਸ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।