Headlines

ਕੈਲਗਰੀ ਵਾਲਿਆਂ ਕੀਤਾ ਵਿਨੀਪੈੱਗ ਵਾਲੀਬਾਲ ਕੱਪ ‘ਤੇ ਕਬਜ਼ਾ

ਕੈਲਗਰੀ (ਡਾ. ਗੁਰਕਮਲ ਗਿੱਲ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਿਨੀਪੈੱਗ ਵੱਲੋਂ ਕਰਵਾਇਆ ਗਿਆ ਵਾਲੀਬਾਲ (ਸ਼ੂਟਿੰਗ) ਕੱਪ ਕੈਲਗਰੀ ਦੇ ਆਲ ਫਰੈਂਡਜ਼ ਵਾਲੀਬਾਲ ਕਲੱਬ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਟੂਰਨਾਮੈਂਟ ‘ਚ ਅਮਰੀਕਾ ਅਤੇ ਕੈਲਗਰੀ ਦੇ ਚੋਟੀ ਦੇ 30 ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਵੱਡੀ ਗਿਣਤੀ ‘ਚ ਪੁੱਜੇ ਦਰਸ਼ਕਾਂ ਦੀ ਹਾਜ਼ਰੀ ‘ਚ ਹੋਏ ਖਿਤਾਬੀ ਮੁਕਾਬਲੇ ‘ਚ ਆਲ ਫਰੈਂਡਜ਼ ਵਾਲੀਬਾਲ ਕਲੱਬ ਦੀ ਟੀਮ ਨੇ ਦੇਸੀ ਸਪੋਰਟਸ ਕਲੱਬ (ਗੁਰੀ) ਟੋਰਾਂਟੋ ਦੀ ਟੀਮ ਨੂੰ ਬੇਹੱਦ ਰੋਚਕ ਮੁਕਾਬਲੇ ‘ਚ 21-18 ਅੰਕਾਂ ਨਾਲ ਹਰਾਇਆ। ਜੇਤੂ ਟੀਮ ਨੇ ਆਪਣੇ ਤਜ਼ਰਬੇਕਾਰ ਖਿਡਾਰੀ ਤੇ ਕਪਤਾਨ ਬਿੰਦਰ ਖੰਜਰਵਾਲ ਦੀ ਅਗਵਾਈ ‘ਚ ਟੋਰਾਂਟੋ ਦੀ ਨਾਮੀ ਟੀਮ ਨੂੰ ਪਛਾੜਣ ‘ਚ ਸਫਲਤਾ ਹਾਸਲ ਕੀਤੀ। ਬਿੰਦਰ ਖੰਜਰਵਾਲ (ਕੈਲਗਰੀ) ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਕੈਲਗਰੀ ਟੀਮ ਦੇ ਹੀ ਜਸ਼ਨਦੀਪ ਰਾਏ ਨੂੰ ਸਰਵੋਤਮ ਨੈੱਟਮੈਨ ਚੁਣਿਆ ਗਿਆ। ਹਾਲ ਹੀ ਵਿੱਚ ਕੈਨੇਡਾ ਵਿਖੇ ਪ੍ਰਵਾਸ ਕਰਨ ਵਾਲੇ ਟੋਰਾਂਟੋ ਟੀਮ ਦੇ ਖਿਡਾਰੀ ਰਣਜੀਤ ਜੌਹਲ ਨੂੰ ਸਰਵੋਤਮ ਸ਼ੂਟਰ ਚੁਣਿਆ ਗਿਆ। ਇਸੇ ਟੀਮ ਦੇ ਖਿਡਾਰੀ ਗੁਰਸਿਮਰਨ ਗੁਰੀ ਨੂੰ ਸਰਵੋਤਮ ਡਿਫੈਂਸਮੈਨ ਐਲਾਨਿਆ ਗਿਆ।  ਸਾਰੀਆਂ ਟੀਮਾਂ ਵੱਲੋਂ ਕੱਪ ਦੇ ਮੇਜ਼ਬਾਨ ਸ਼ਹੀਦ ਊਧਮ ਸਿੰਘ ਕਲੱਬ ਦਾ ਵਧੀਆ ਪ੍ਰਬੰਧਾਂ ਲਈ ਧੰਨਵਾਦ ਕੀਤਾ ਗਿਆ। ਆਲ ਫਰੈਂਡਜ਼ ਵਾਲੀਬਾਲ ਕਲੱਬ ਕੈਲਗਰੀ ਦੀ ਟੀਮ ਨੂੰ ਖਿਤਾਬੀ ਜਿੱਤ ‘ਤੇ ਕਲੱਬ ਦੇ ਅਹਦੇਦਾਰਾਂ ਹਰਜਿੰਦਰ ਸਿੰਘ ਸਿੱਧੂ, ਡਾ. ਗੁਰਕਮਲ ਗਿੱਲ, ਜਗਮੀਤ ਕੂਨਰ, ਅਮਨਦੀਪ ਰਾਏ, ਪਰਮ ਗਰੇਵਾਲ, ਬਰਿੰਦਰ ਮੱਲਾ, ਪ੍ਰਦੀਪ ਮੱਲਾ, ਦੀਪੂ ਮੱਲਾ, ਸੁੱਖਾ ਰੌਕੀ ਤੇ ਬੱਬੂ ਰੌਕੀ ਨੇ ਵਧਾਈ ਦਿੱਤੀ ਹੈ।
ਤਸਵੀਰ:- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਿਨੀਪੈੱਗ ਦਾ ਵਾਲੀਬਾਲ (ਸ਼ੂਟਿੰਗ) ਕੱਪ ਜੇਤੂ ਆਲ ਫਰੈਂਡਜ਼ ਵਾਲੀਬਾਲ ਕਲੱਬ ਕੈਲਗਰੀ ਦੀ ਟੀਮ ਜੇਤੂ ਅੰਦਾਜ਼ ‘ਚ।