Headlines

ਭਾਰਤ ਸਰਕਾਰ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸਹੂਲਤ ਤੁਰੰਤ ਬਹਾਲ ਕਰੇ- ਢਿੱਲੋਂ


ਸਰੀ ( ਮਾਂਗਟ )-ਮਿਲਕਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਅਜਮੇਰ ਸਿੰਘ ਢਿੱਲੋਂ ਨੇ ਕੈਨੇਡਾ-ਇੰਡੀਆ ਦੁਵੱਲੇ ਸਬੰਧਾਂ ਵਿਚਾਲੇ ਪੈਦਾ ਹੋਏ ਤਣਾਅ ਉਪਰ ਚਿੰਤਾ ਪ੍ਰਗਟ ਕਰਦਿਆਂ ਭਾਰਤ ਦੁਆਰਾ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਲਤਵੀ ਕੀਤੇ ਜਾਣ ਨੂੰ ਮੰਦਭਾਗਾ ਫੈਸਲਾ ਕਰਾਰ ਦਿੱਤਾ ਹੈ। ਇਥੇ  ਭੇਜੇ ਇਕ ਲਿਖਤੀ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਕੈਨੇਡਾ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦਾ ਦੂਸਰਾ ਘਰ ਹੈ। ਕੈਨੇਡਾ ਵਿਚ ਵਸਦੇ ਲੱਖਾਂ ਪੰਜਾਬੀਆਂ ਨੇ ਹੁਣ ਸਰਦੀਆਂ ਵਿਚ ਪੰਜਾਬ ਨੂੰ ਜਾਣ ਦੀਆਂ  ਤਿਆਰੀਆਂ ਕੀਤੀਆਂ ਸਨ। ਉਹਨਾਂ ਨੇ ਸਰਦੀਆਂ ਵਿਚ ਆਪਣੇ ਪਰਿਵਾਰਕ ਅਤੇ ਕਈ ਸਮਾਜਿਕ ਸਮਾਗਮਾਂ ਵਿਚ ਹਿੱਸਾ ਲੈਣਾ ਸੀ ਪਰ ਵੀਜ਼ਾ ਸੇਵਾਵਾਂ ਮੁਲਤਵੀ ਹੋਣ ਕਾਰਣ ਪ੍ਰੇਸ਼ਾਨੀ ਤੇ ਨਿਰਾਸ਼ਾ ਵਾਲਾ ਮਾਹੌਲ ਬਣ ਗਿਆ ਹੈ। ਉਹਨਾਂ ਸਰੀ ਡੈਲਟਾ ਗੁਰੂ ਘਰ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਦੁਖਦਾਈ ਹੱਤਿਆ ਵਿਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਸਬੰਧੀ ਲੱਗੇ ਦੋਸ਼ਾਂ ਉਪਰੰਤ ਭਾਰਤ ਸਰਕਾਰ ਨੂੰ ਇਹਨਾਂ ਦੋਸ਼ਾਂ ਬਾਰੇ ਸਪੱਸ਼ਟ ਕਰਨ ਤੇ ਨਾਲ ਹੀ ਕੈਨੇਡਾ ਵਲੋਂ ਭਾਰਤ ਨੂੰ ਠੋਸ ਸਬੂਤ ਮਹੱਈਆ ਕਰਵਾਉਣ ਦੀ ਮੰਗ ਕੀਤੀ ਹੈ।  ਉਹਨਾਂ ਹੋਰ ਕਿਹਾ ਕਿ ਚੰਗਾ ਹੁੰਦਾ ਅਗਰ ਇਹ ਦੋਸ਼ ਪ੍ਰਧਾਨ ਮੰਤਰੀ ਵਲੋਂ ਖੁਦ ਲਗਾਉਣ ਦੀ ਥਾਂ ਕਿਸੇ ਸੁਰੱਖਿਆ ਅਧਿਕਾਰੀ ਵਲੋਂ ਲਗਾਏ ਜਾਂਦੇ ਤਾਂ ਸ਼ਾਇਦ ਦੋਵਾਂ ਦੇਸ਼ਾਂ ਵਿਚਾਲੇ ਇਹ ਤਣਾਅ ਵਾਲੇ ਹਾਲਾਤ ਨਾ ਬਣਦੇ । ਉਹਨਾਂ ਭਾਰਤ ਸਰਕਾਰ ਤੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸਹੂਲਤ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ।