Headlines

ਸ਼ਾਨ ਨਾਲ ਸੰਪੰਨ ਹੋਇਆ ਪ੍ਰੋਗਰਾਮ ‘ਮੇਲਾ ਅੱਖਰਕਾਰਾਂ ਦਾ’

ਰਿਪੋਰਟ- ਡਾ ਕੁਲਦੀਪ ਸਿੰਘ ਦੀਪ, ਰਮਿੰਦਰ ਵਾਲੀਆ –

ਚੰਡੀਗੜ-ਪੰਜਾਬ ਸਾਹਿਤ ਅਕਾਦਮੀ ਨੇ ਸਿਰਜਣਾਤਮਕ ਸਿੱਖਿਆ ਸੰਸਾਰ ਨਾਂ ਦੇ ਫੇਸਬੁੱਕ ਗਰੁਪ ਦੇ ਸਹਿਯੋਗ ਨਾਲ ਅੱਖਰਕਾਰੀ ਦੇ ਖੇਤਰ ਵਿਚ ਆ ਰਹੇ ਇਸ ਮੂਕ ਇਨਕਲਾਬ ਦੀ ਆਹਟ ਨੂੰ ਸੁਣਿਆ ਅਤੇ ਇਸ ਨੂੰ ਉਜਾਗਰ ਕਰਨ ਲਈ ਪਹਿਲਾਂ ਇਕ ਆਨਲਾਈਨ ਪ੍ਰੋਗਰਾਮ ਕਰਵਾਇਆ ਅਤੇ ਫਿਰ ਇਹ ਆਫਲਾਈਨ ਪ੍ਰੋਗਰਾਮ ਕਰਵਾਇਆ। ਗਰਾਉਂਡ ਜ਼ੀਰੋ ਤੇ ਵਿਚਰਦੇ ਅੱਖਰਕਾਰੀ ਦੇ ਇਹਨਾਂ ਸੁਪਨਸਾਜ਼ਾਂ ਨੂੰ ਕਦੇ ਚਿਤ-ਚੇਤੇ ਵੀ ਨਹੀਂ ਸੀ, ਕਿ ਪੰਜਾਬ ਸਾਹਿਤ ਅਕਾਦਮੀ ਵਰਗੀ ਸੰਸਥਾ ਉਹਨਾਂ ਨੂੰ ਇਕ ਹਾਕ ਮਾਰੇਗੀ ਅਤੇ ਉਹ ਲੌਂਗ ਦੇ ਗੁਆਚਣ ਵਾਂਗ ਪਿੱਛੇ ਪਿੱਛੇ ਆਉਂਦੇ ਚਾਅ ਵਿਚ ਮਾਣ ਮੱਤੇ ਮਹਿਸੂਸ ਕਰਨਗੇ। ਹੋਇਆ ਇੰਝ ਹੀ… ਇਕ ਸੁਪਨਾ ਲਿਆ ਗਿਆ ਅਤੇ ਉਸ ਦੀ ਤਾਮੀਰ ਕੀਤੀ ਗਈ….ਏਨੇ ਅੱਖਰਕਾਰਾਂ ਦਾ ਇਕ ਥਾਂ ਤੇ ਮਿਲਣਾ, ਸੰਵਾਦ ਕਰਨਾ, ਪ੍ਰਦਰਸ਼ਨੀ ਲਗਾਉਣਾ ਅਤ ਅੱਖਰਕਾਰੀ ਦੀ ਕਿਤਾਬ ਲਈ ਤਿਆਰੀ ਕਰਨਾ ਆਪਣੇ ਆਪ ਵਿਚ ਖੁਸ਼ਨੁਮਾ ਪੱਲ ਸਨ।
75 ਤੋਂ ਵੱਧ ਅੱਖਰਕਾਰ ਇਸ ਮੇਲੇ ਵਿਚ ਸ਼ਾਮਿਲ ਹੋਏ ਅਤੇ ਉਹਨਾਂ ਵਿਚੋਂ ਬਹੁਤੇ ਆਪਣੇ ਪਰਿਵਾਰਾਂ ਸਮੇਤ ਆਏ। ਕਲਾ ਭਵਨ ਦੇ ਖੁੱਲ੍ਹੇ ਵਿਹੜੇ ਵਿਚ ਸਾਰੇ ਅੱਖਰਕਾਰਾਂ ਨੇ ਆਪਣੀ ਅੱਖਰਕਾਰੀ ਦੇ ਨਮੂਨਿਆਂ ਨੂੰ ਸਜ਼ਾਇਆ। ਹਰੇਕ ਅੱਖਰਕਕਾਰ ਕੋਲ ਕੈਲੀਗ੍ਰਾਫੀ ਦਾ ਨਵਾਂ ਫੌਂਟ, ਨਵਾਂ ਡਿਜ਼ਾਇਨ, ਨਵਾਂ ਚਾਅ ਅਤੇ ਨਵਾਂ ਸੁਪਨਾ ਸੀ। ਏਨੇ ਅੱਖਰਕਾਰਾਂ ਨੂੰ ਇੱਕੋ ਥਾਂ ਮਿਲਣ ਦਾ ਚਾਅ ਸਾਰੇ ਅੱਖਰਕਾਰਾਂ ਦੇ ਚਿਹਰਿਆਂ ਤੇ ਦਿਸ ਰਿਹਾ ਸੀ। ਦੂਜੇ ਭਾਗ ਵਿਚ ਅੱਖਰਕਾਰੀ ਦੇ ਤੇਰਾਂ ਰਤਨਾਂ ਦਾ ਸਨਮਾਨ ਕੀਤਾ ਗਿਆ। ਜਿਸ ਵਿਚ ਜਗਤਾਰ ਸੋਖੀ (ਫਿਰੋਜ਼ਪੁਰ), ਰਣਜੀਤ ਸਿੰਘ ਸੋਹਲ (ਮੋਗਾ), ਸਾਹਿਬ ਸਿੰਘ (ਮੁਕਤਸਰ), ਗੁਰਪ੍ਰੀਤ ਸਿੰਘ (ਮੋਗਾ), ਡਾ. ਇੰਦਰਪ੍ਰੀਤ ਸਿੰਘ ਧਾਮੀ (ਤਰਨਤਾਰਨ), ਕੰਵਰਦੀਪ ਥਿੰਦ (ਕਪੂਰਥਲਾ) ਸੁਰਿੰਦਰਪਾਲ ਸਿੰਘ (ਅੰਮ੍ਰਿਤਸਰ), ਗੋਪਾਲ ਸਿੰਘ (ਸੰਗਰੂਰ), ਸੋਨਜੀਤ (ਲੁਧਿਆਣਾ), ਬਿਮਲਾ (ਫ਼ਰੀਦਕੋਟ) ਡਾ. ਹਰਿੰਦਰ ਸਿੰਘ (ਫਿਰੋਜ਼ਪੁਰ) ਹਰਪ੍ਰੀਤ ਸਿੰਘ (ਫ਼ਤਹਿਗੜ੍ਹ ਸਾਹਿਬ) ਅਤੇ ਹਰਜਿੰਦਰ ਕੌਰ (ਹੁਸ਼ਿਆਰਪੁਰ) ਸ਼ਾਮਿਲ ਸਨ। ਤੀਜੇ ਭਾਗ ਵਿਚ ਅੱਖਰਕਾਰੀ ਨਾਲ ਸਬੰਧਤ ਸੰਵਾਦ ਸੀ, ਜਿਸ ਵਿਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਜੀ ਆਇਆਂ ਕਹਿੰਦੇ ਹੋਏ ਸਾਰੇ ਅੱਖਰਕਾਰਾਂ ਅਤੇ ਵਿਸ਼ਾ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਲਾ ਨੂੰ ਪਰਮੋਟ ਕਰਨ ਲਈ ਆਪਣੀਆਂ ਪਰੋਪੋਜ਼ਲਾਂ ਲੈ ਕੇ ਆਉਣ, ਅਕਾਦਮੀ ਇਹਨਾਂ ਨੇ ਨੇਪਰੇ ਚਾੜ੍ਹਨ ਵਿਚ ਹਰ ਸੰਭਵ ਮਦਦ ਕਰੇਗੀ। ਉਰਮਨਦੀਪ ਸਿੰਘ ਨੇ ਅੱਖਰਕਾਰੀ ਦੇ ਇਤਿਹਾਸ ਤੇ ਚਰਚਾ ਕਰਦੇ ਹੋਏ ਪੰਜਾਬ ਵਿਚ ਅੱਖਰਕਾਰੀ ਦੇ ਬਹੁਤ ਸਾਰੇ ਨਮੂਨਿਆਂ ਦੀ ਨਿਸ਼ਾਨਦੇਹੀ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਅੱਖਰਕਾਰੀ ਤੋਂ ਲੈ ਕੇ ਸਾਹਿਤ ਦੀਆਂ ਬਾਕੀ ਧਾਰਾਵਾਂ ਅਤੇ ਫਿਲਮਾਂ ਦੇ ਪੋਸਟਰਾਂ ਅਤੇ ਕਿਤਾਬਾਂ ਦੇ ਸਰਵਰਕਾਂ ਤੱਕ ਕਿੰਨੇ ਹੀ ਰੂਪ ਸਾਮ੍ਹਣੇ ਆਏ, ਜਿਨ੍ਹਾਂ ਰਾਹੀਂ ਅੱਖਰਕਾਰੀ ਹੋਈ ਹੈ। ਸਵਰਨਜੀਤ ਸਵੀ ਨੇ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਅੱਖਰਕਾਰੀ ਦੇ ਦੁਨੀਆ ਵਿਚ ਬੇਅੰਤ ਰੂਪ ਹਨ। ਉਹਨਾਂ ਕਿਹਾ ਕਿ ਅਰਬੀ ਫਾਰਸੀ ਵਿਚ ਅੱਖਰਕਾਰੀ ਤੇ ਬਹੁਤ ਕੰਮ ਹੋਇਆ ਹੈ, ਜਿਸ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਅੱਖਰਕਾਰੀ ਸਿਰਫ਼ ਨਵਾਂ ਡਿਜ਼ਾਈਨ ਹੀ ਨਹੀਂ ਹੁੰਦੀ, ਬਲਕਿ ਇਹ ਭਾਵਾਂ ਨੂੰ ਵੀ ਉਜਾਗਰ ਕਰਦੀ ਹੈ। ਡਾ. ਸੀ ਪੀ ਕੰਬੋਜ ਨੇ ਅੱਖਰਕਾਰੀ ਦੇ ਫੌਂਟਾਂ ਦੇ ਡਿਜ਼ੀਟਲੀਕਰਨ ਤੇ ਜੋਰ ਦਿੰਦਿਆ ਕਿਹਾ ਕਿ ਹੁਣ ਜ਼ਮਾਨਾ ਸਾਧਾਰਨ ਫੌਂਟਾਂ ਤੋਂ ਵੀ ਅੱਗੇ ਯੂਨੀਕੋਡ ਫੌਂਟਾਂ ਦਾ ਹੈ। ਉਹਨਾਂ ਸਾਰੇ ਅੱਖਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਨਾਲ ਤਾਲਮੇਲ ਕਰਕੇ ਇਹਨਾਂ ਸ਼ਾਨਦਾਰ ਫੌਂਟਾਂ ਦੇ ਸੌਫਟ ਵਰਜ਼ਨ ਤਿਆਰ ਕਰਨ ਤਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਹੋਰ ਅਮੀਰ ਕੀਤਾ ਜਾ ਸਕੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਚਿੰਤਕ ਸਿੱਧੂ ਦਮਦਮੀ ਨੇ ਲਿਖਣਸਰ (ਤਲਵੰਡੀ ਸਾਬੋ) ਦੀ ਅੱਖਰਕਾਰੀ ਦੀ ਵਿਲੱਖਣ ਪੰਰਪਰਾ ਦੇ ਹਵਾਲੇ ਨਾਲ ਦੱਸਿਆ ਕਿ ਦਮਦਮਾ ਸਾਹਿਬ ਵਿਖੇ ਕਿਸੇ ਸਮੇਂ ਗੁਰਬਾਣੀ ਦੀ ਅੱਖਰਕਾਰੀ ਕਰਨ ਲਈ ਦਮਦਮਾ ਸਾਹਿਬ ਵਿਚ ਨਿਰਮਲੇ ਸੰਤਾਂ ਦੇ ਬਾਰਾਂ ਬੁੰਗੇ ਹੁੰਦੇ ਸਨ, ਜਿਨ੍ਹਾਂ ਵਿਚ ਅੱਖਰਕਾਰੀ ਦਾ ਕਾਰਜ ਨਿਰੰਤਰ ਚਲਦਾ ਰਹਿੰਦਾ ਸੀ। ਬਾਅਦ ਵਿਚ ਗੁਰਦੁਆਰਾ ਸਾਹਿਬ ਉੱਪਰ ਸ਼ਿਰੋਮਣੀ ਕਮੇਟੀ ਦੇ ਕਬਜ਼ੇ ਤੋਂ ਬਾਅਦ ਇਹਨਾਂ ਬੁੰਗਿਆ ਨੂੰ ਢਾਹ ਦਿੱਤਾ ਗਿਆ ਅਤੇ ਲਿਖਣਸਰ ਦੀ ਉਹ ਸਾਰੀ ਪਰੰਪਰਾ ਤਬਾਹ ਹੋ ਗਈ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਕੁਝ ਬਚਾਉਣ ਦੇ ਚੱਕਰ ਵਿਚ ਬਹੁਤ ਕੁਝ ਗਿਆ ਵੀ ਲਿਆ। ਪ੍ਰੋਗਰਾਮ ਦੇ ਕਨਵੀਨਰ ਨੇ ਦੱਸਿਆ ਕਿ ਇਹਨਾਂ ਸਾਰੇ ਅੱਖਰਕਾਰਾਂ ਦੀਆਂ ਚਾਰ ਚਾਰ ਨਮੂਨੇ ਅਤੇ ਉਹਨਾਂ ਦਾ ਬਾਇਓਡਾਟਾ ਲੈ ਲਏ ਗਿਆ ਹੈ, ਜਿਸ ਦੇ ਆਧਾਰ ਤੇ ‘ਪੰਜਾਬ ਦੇ ਅੱਖਰਕਾਰ’ ਪੁਸਤਕ ਤਿਆਰ ਕੀਤੀ ਜਾਵੇਗੀ, ਜਿਸ ਰਾਹੀਂ ਪੰਜਾਬ ਦੀ ਅੱਖਰਕਾਰੀ ਦਾ ਇਤਿਹਾਸ ਸਾਂਭਿਆ ਜਾਵੇਗਾ।
ਇਸ ਮੌਕੇ ਸ਼ਾਮਿਲ ਅੱਖਰਕਾਰਾਂ ਅਤੇ ਹੋਰ ਅਦਬੀ ਸ਼ਖ਼ਸੀਅਤਾਂ ਵਿਚ ਾਜ ਸਿੰਘ, ਬਲਦੀਪ ਕੌਰ ਸੰਧੂ, ਪ੍ਰੀਤਮ ਰੁਪਾਲ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਪ੍ਰੋ. ਦਿਲਬਾਗ ਸਿੰਘ, ਸੁਖਜੀਵਨ, ਗੁਰਦੀਪ ਗਾਮੀਵਾਲਾ, ਅੰਮ੍ਰਿਤਪਾਲ ਸਿੰਘ, ਲਵਦੀਪ ਸਿੰਘ, ਜਗਜੀਤ ਸਿੰਘ ਦਿਲਾਰਾਮ, ਜਗਜੀਤ ਸਿੰਘ ਘੁਰਕਣੀ, ਰਜਿੰਦਰ ਕੌਰ ਸੋਹੀਆਂ, ਅਰਵਿੰਦਰ ਕੌਰ, ਬਲਜਿੰਦਰ ਕੌਰ, ਸਰਬਜੀਤ ਕੌਰ ਭੁੱਲਰ, ਗੁਰਪ੍ਰੀਤ ਕੌਰ, ਯੋਗੇਸ਼ ਠਾਕੁਰ, ਨਿਰਲੇਪ ਕੌਰ ਸੇਖੋਂ, ਰੁਪਿੰਦਰ ਮੌੜ, ਸੁਖਮੰਦਰ ਕੌਰ, ਰੁਪਿੰਦਰ ਬਲਾਸੀ, ਦਿਲਪ੍ਰੀਤ ਕੌਰ, ਗੁਲਜੀਤ ਸਿੰਘ, ਮਹਿਕ ਬਾਘਲਾ, ਸਿਫ਼ਾ ਪਟਿਆਲਾ, ਜਸਵਿੰਦਰ ਖੁੱਡੀਆਂ, ਬਿਸ਼ੰਬਰ ਸ਼ਾਮਾ, ਅਵਤਾਰ ਸਿੰਘ, ਕਾਲਾ ਕਲਵਾਨੂ, ਧਰਮਪਾਲ, ਤੇਜਿੰਦਰ ਸਿੰਘ ਫਰਵਾਹੀ, ਬਲਵਿੰਦਰ ਚਾਹਲ, ਡਾਕਟਰ ਦਰਸ਼ਨ ਕੌਰ, ਕੰਵਲਜੀਤ ਕੌਰ, ਹਰਤੇਜ ਸਿੰਘ ਅਤੇ ਹੋਰ ਕਈ ਅੱਖਰਕਾਰ ਸ਼ਾਮਿਲ ਹੋਏ।
ਕੁਲਦੀਪ ਸਿੰਘ ਦੀਪ (ਡਾ.)
9876820600
ਪੋਸਟ ਸਕ੍ਰਿਪਟ : ਬਹੁਤ ਸਾਰੇ ਅੱਖਰਕਾਰ ਸਾਡੀ ਪਹੁੰਚ ਤੋਂ ਦੂਰ ਹੋਣ ਕਾਰਨ ਰਹਿ ਗਏ। ਉਹਨਾਂ ਦਾ ਕੰਮ ਵੀ ਸ਼ਾਨਦਾਰ ਹੈ ਅਤੇ ਉਹਨਾਂ ਤੇ ਵੀ ਅਸੀਂ ਮਾਣ ਮਹਿਸੂਸ ਰਕਦੇ ਹਾਂ। ਉਹਨਾਂ ਨੂੰ ਅਪੀਲ ਹੈ ਕਿ ਉਹ ‘ਪੰਜਾਬ ਦੇ ਅੱਖਰਕਾਰ’ ਕਿਤਾਬ ਲਈ ਆਪਣਿਆਂ ਤਿੰਨ ਜਾਂ ਚਾਰ ਹੱਥ ਲਿਖਤਾਂ ਜ਼ਰੂਰ ਭੇਜਣ..ਜੇਕਰ ਉਹ ਇਸ ਪੁਸਤਕ ਦੇ ਮਿਆਰ ਦੀਆਂ ਹੋਈਆਂ ਤਾਂ ਅਦਾਰਾ ਬਿਨਾ ਸ਼ੱਕ ਇਹਨਾਂ ਨੂੰ ਪੁਸਤਕ ਵਿਚ ਸ਼ਾਮਿਲ ਕਰੇਗਾ…।