Headlines

ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਟਰੱਸਟੀ ਜਸਪਾਲ ਸਿੰਘ ਵੜੈਚ ਦਾ ਐਡਮਿੰਟਨ ਵਿਚ ਵਿਸ਼ੇਸ਼ ਸਨਮਾਨ

ਐਡਮਿੰਟਨ ( ਦੇ ਪ੍ਰ ਬਿ )- ਬੀਤੇ ਦਿਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਮੈਨੇਜਮੈਂਟ ਦੇ ਟਰੱਸਟੀ ਅਤੇ ਆਨਰੇਰੀ ਜਾਇੰਟ ਸੈਕਟਰੀ ਸ ਜਸਪਾਲ ਸਿੰਘ ਵੜੈਚ ਦੇ ਕੈਨੇਡਾ ਦੌਰੇ ਦੌਰਾਨ ਅਲਬਰਟਾ ਲੈਜਿਸਲੇਚਰ ਬਿਲਡਿੰਗ ਵਿਖੇ  ਐਮ ਐਲ ਏ ਜਸਵੀਰ ਸਿੰਘ ਦਿਓਲ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਪ੍ਰਸਿਧ ਰੇਡੀਓ ਹੋਸਟ ਤੇ ਮਾਈ ਐਫ ਐਮ ਦੇ ਸੀਈਓ ਗੁਰਸ਼ਰਨ ਸਿੰਘ ਬੁੱਟਰ ਵੀ ਹਾਜ਼ਰ ਸਨ। ਇਸ ਮੌਕੇ ਐਮ ਐਲ ਏ ਜਸਵੀਰ ਦਿਓਲ ਨੇ ਸ ਜਸਪਾਲ ਸਿੰਘ ਵੜੈਚ ਦੀਆਂ ਵਿੱਤੀ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਸ ਬੁੱਟਰ ਨੇ ਦੱਸਿਆ ਕਿ ਸ ਜਸਪਾਲ ਸਿੰਘ ਵੜੈਚ ਨੇ ਡੀਏਵੀ ਕਾਲਜ ਜਲੰਧਰ ਤੋਂ ਉਚ ਵਿਦਿਆ ਪ੍ਰਾਪਤ ਕਰਨ ਉਪਰੰਤ ਫੂਡ ਐਂਡ ਸਿਵਲ ਸਪਲਾਈ ਵਿਭਾਗ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਦੇ ਵਿੱਤ ਵਿਭਾਗ ਵਿਚ ਅਧਿਕਾਰੀ ਵਜੋਂ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਤੇ ਫਿਰ ਲਾਇਲਪੁਰ ਖਾਲਸਾ ਕਾਲਜ ਸੰਸਥਾਵਾਂ ਨਾਲ ਟਰੱਸਟੀ ਅਤੇ ਆਨਰੇਰੀ ਜਾਇੰਟ ਸੈਕਟਰੀ ਵਜੋਂ ਜੁੜੇ ਰਹੇ। ਉਹ ਇਸ ਸਮੇਂ ਵੀ ਲਾਇਲਪੁਰ ਖਾਲਸਾ ਕਾਲਜ ਦੇ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।