Headlines

ਡਾ. ਸੁਰਿੰਦਰ ਧੰਜਲ ‘ਪ੍ਰੀਤਮ ਸਿੰਘ ਬਾਸੀ ਅੰਤਰ-ਰਾਸ਼ਟਰੀ ਸਾਹਿਤਕ ਪੁਰਸਕਾਰ’ ਨਾਲ ਸਨਮਾਨਿਤ

ਸਰੀ, 27 ਸਤੰਬਰ (ਹਰਦਮ ਮਾਨ)-ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਵੱਲੋਂ ‘ਪ੍ਰੀਤਮ ਸਿੰਘ ਬਾਸੀ ਅੰਤਰ-ਰਾਸ਼ਟਰੀ ਸਾਹਿਤਕ ਪੁਰਸਕਾਰ’ ਇਸ ਵਾਰ ਕੈਮਲੂਪਸ ਵਸਦੇ ਨਾਮਵਰ ਸ਼ਾਇਰ, ਥਾਮਸਨ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਪ੍ਰੋਫੈਸਰ ਅਮੈਰੀਟਸ ਡਾ. ਸੁਰਿੰਦਰ ਧੰਜਲ ਨੂੰ ਦਿੱਤਾ ਗਿਆ। ਇਹ ਇਨਾਮ ਪ੍ਰਦਾਨ ਕਰਨ ਲਈ ਬੀਤੇ ਦਿਨ ਸਰੀ ਦੇ ਪੰਜਾਬ ਬੈਂਕੁਇਟ ਹਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ. ਪੀ. ਸਿੰਘ, ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਸੁਰਿੰਦਰ ਧੰਜਲ ਅਤੇ ਮੰਗਾ ਬਾਸੀ ਨੇ ਕੀਤੀ।

ਸਟੇਜ ਦਾ ਸੰਚਾਲਨ ਸੰਭਾਲਦਿਆਂ ਉੱਘੇ ਸ਼ਾਇਰ ਮੋਹਨ ਗਿੱਲ ਨੇ ਦੱਸਿਆ ਕਿ ਕੈਮਲੂਪਸ ਵਸਦੇ ਪੰਜਾਬੀ ਸ਼ਾਇਰ ਮੰਗਾ ਬਾਸੀ ਵੱਲੋਂ ਆਪਣੇ ਪਿਤਾ ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਇਹ ਅਵਾਰਡ ਇਸ ਤੋਂ ਪਹਿਲਾਂ ਸੱਤ ਨਾਮਵਰ ਸ਼ਖ਼ਸੀਅਤਾਂ ਨੂੰ ਉਹਨਾਂ ਦੇ ਜੀਵਨ ਭਰ ਦੀਆਂ ਸਾਹਿਤਕ, ਸਮਾਜਿਕ ਤੇ ਸਭਿਆਚਾਰਕ ਖੇਤਰ ਵਿਚਲੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਦਿੱਤਾ ਜਾ ਚੁੱਕਾ ਹੈ।

ਅਮਰੀਕ ਪਲਾਹੀ ਦੀ ਮਮਤਾ ਨੂੰ ਸਮੱਰਪਿਤ ਬਹੁਤ ਹੀ ਭਾਵੁਕ ਨਜ਼ਮ ਉਪਰੰਤ ਡਾ. ਸੁਰਿੰਦਰ ਧੰਜਲ ਦੇ ਗੂੜ੍ਹੇ ਮਿੱਤਰ ਭੁਪਿੰਦਰ ਧਾਲੀਵਾਲ ਨੇ ਡਾ. ਧੰਜਲ ਨੂੰ ਇਹ ਅਵਾਰਡ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਡਾ. ਧੰਜਲ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਵੱਖ ਵੱਖ ਸਾਹਿਤਕ ਸੰਸਥਾਵਾਂ ਦੀ ਕੀਤੀ ਅਗਵਾਈ ਅਤੇ ਪਾਏ ਯੋਗਦਾਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਡਾ. ਸਾਧੂ ਸਿੰਘ ਨੇ ਇਸ ਸਮਾਗਮ ਨੂੰ ਉਨ੍ਹਾਂ ਦੇ ਦੋ ਬਹੁਤ ਹੀ ਨਿਕਟਵਰਤੀ ਪਰਿਵਾਰਾਂ (ਭਾਈਆ ਪ੍ਰੀਤਮ ਸਿੰਘ ਬਾਸੀ ਅਤੇ ਚੱਕ ਭਾਈਕੇ ਦੇ ਬਾਈ ਰਲਾ ਸਿੰਘ) ਦੇ ਬੜੇ ਸੂਝਵਾਨ ਸਪੁੱਤਰਾਂ ਦੀ ਪ੍ਰਾਪਤੀ ਦਾ ਜ਼ਸ਼ਨ ਆਖਿਆ ਅਤੇ ਡਾ. ਧੰਜਲ ਅਤੇ ਮੰਗਾ ਬਾਸੀ ਮੁਬਾਰਕਬਾਦ ਦਿੱਤੀ।

ਜਰਨੈਲ ਸਿੰਘ ਸੇਖਾ, ਡਾ. ਐਸ.ਪੀ. ਸਿੰਘ, ਬਲਵੰਤ ਸਿੰਘ ਸੰਘੇੜਾ, ਡਾ. ਸਾਧੂ ਬਿਨਿੰਗ, ਪਰਮਜੀਤ ਗਾਂਧੀ, ਸ਼ਿੰਦਾ ਢੇਸੀ, ਨਦੀਮ ਪਰਮਾਰ, ਡਾ. ਪਿਰਥੀਪਾਲ ਸਿੰਘ ਸੋਹੀ, ਪ੍ਰੋ. ਕਸ਼ਮੀਰਾ ਸਿੰਘ, ਭੁਪਿੰਦਰ ਮੱਲ੍ਹੀ, ਡਾ. ਗੋਪਾਲ ਸਿੰਘ ਬੁੱਟਰ, ਸੁਰਜੀਤ ਸਿੰਘ ਮਾਧੋਪੁਰੀ, ਅਸ਼ੋਕ ਭਾਰਗਵ  ਨੇ ਡਾ. ਸੁਰਿੰਦਰ ਧੰਜਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੁਰਿੰਦਰ ਧੰਜਲ ਇੱਕ ਪੰਜਾਬੀ ਕਵੀ, ਆਲੋਚਕ, ਪੱਤਰਕਾਰ, ਨਾਟਕ ਨਿਰਦੇਸ਼ਕ, ਕਲਾਕਾਰ ਅਤੇ ਕੰਪਿਊਟਰ ਵਿਗਿਆਨੀ ਹੈ। ਉਸ ਨੇ ਪੰਜਾਬੀ ਸਾਹਿਤ ਅਤੇ ਕਲਾ ਨਾਲ ਜੁੜੇ ਪੰਜਾਬੀਆਂ ਵਿੱਚ ਆਪਣੀ ਪਛਾਣ ਬਣਾਈ ਹੈ।

ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਵੱਲੋਂ ਮੰਗਾ ਬਾਸੀ ਨੇ ਡਾ. ਸੁਰਿੰਦਰ ਧੰਜਲ ਨੂੰ ਇਕ ਸਨਮਾਨ ਪੱਤਰ, ਸ਼ਾਲ ਅਤੇ 1100 ਡਾਲਰ ਰੂਪ ਵਿਚ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ। ਜਰਨੈਲ ਸਿੰਘ ਆਰਟਿਸਟ ਨੇ ਸਨਮਾਨ ਪੱਤਰ ਪੜ੍ਹਿਆ। ਡਾ. ਸੁਰਿੰਦਰ ਧੰਜਲ ਨੇ ਇਸ ਸਨਮਾਨ ਲਈ ਫਾਊਂਡੇਸ਼ਨ ਅਤੇ ਮੰਗਾ ਬਾਸੀ ਦਾ ਧੰਨਵਾਦ ਕਰਦਿਆਂ ਆਪਣੇ ਬਚਪਨ ਦੇ ਦਿਨਾਂ ਵਿਚ ਆਪਣੇ ਪਿਤਾ ਦੇ ਮੁੜ੍ਹਕੇ ਅਤੇ ਮੁਸ਼ੱਕਤ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਉਸ ਮਹਾਨ ਪਿਤਾ ਵੱਲੋਂ ਲਏ ਸੁਪਨਿਆਂ ਵਿਚ ਅੱਜ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਇਸ ਮੌਕੇ ਉਨ੍ਹਾਂ ਆਪਣੀਆਂ ਦੋ ਕਵਿਤਾਵਾਂ ਆਪਣੇ ਦਿਲਕਸ਼ ਅੰਦਾਜ਼ ਪੇਸ਼ ਕੀਤੀਆਂ। ਅੰਤ ਵਿਚ ਮੰਗਾ ਬਾਸੀ ਨੇ ਆਪਣੇ ਪਿਤਾ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਬਜ਼ੁਰਗਾਂ ਨੂੰ ਮਾਣ ਸਨਮਾਨ ਦੀ ਗੱਲ ਕਹੀ। ਉਨ੍ਹਾਂ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸ਼ੁੱਭਚਿੰਤਕਾਂ ਦਾ ਧੰਨਵਾਦ ਕੀਤਾ।