Headlines

ਕੈਨੇਡਾ ਵਿਚ ਭਾਰਤੀ ਦੂਤਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ

ਵੈਨਕੂਵਰ ( ਦੇ ਪ੍ਰ ਬਿ)- -ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਦਾ ਹੱਥ ਹੋਣ ਦੇ ਲਗਾਏ ਗਏ ਦੋਸ਼ਾਂ ਉਪਰੰਤ ਖਾਲਿਸਤਾਨੀ ਤੇ ਸਿੱਖ ਜਥੇਬੰਦੀਆਂ ਵਲੋਂ ਭਾਰਤੀ ਕੌਂਸਲਖਾਨਿਆਂ ਦੇ ਬਾਹਰ ਰੋਸ ਮੁਜਾਹਰਿਆਂ ਦੇ ਸੱਦੇ ਤਹਿਤ ਬੀਤੇ ਦਿਨ ਖਾਲਿਸਤਾਨ ਹਮਾਇਤੀਆਂ ਨੇ ਵੈਨਕੂਵਰ, ਓਟਵਾ ਤੇ ਟੋਰਾਂਟੋ ਵਿਚਲੇ ਭਾਰਤੀ ਦੂਤਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਭਾਰਤ ਨਿੱਝਰ ਹੱਤਿਆ ਮਾਮਲੇ ਦੀ ਜਾਂਚ ਵਿਚ ਕੈਨੇਡਾ ਸਰਕਾਰ ਨੂੰ ਸਹਿਯੋਗ ਦੇਵੇ। ਡਾਊਨਟਾਊਨ ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਦੇ ਦਫਤਰ ਬਾਹਰ 70-80 ਦੇ ਕਰੀਬ ਲੋਕ ਇਕੱਤਰ ਹੋਏ ਤੇ ਉਨ੍ਹਾਂ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਵੈਨਕੂਵਰ ਪੁਲੀਸ ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸੱਦੇ ’ਤੇ ਦਿੱਤੇ ਜਾਣ ਵਾਲੇ ਇਸ ਤਜਵੀਜ਼ਤ ਧਰਨੇ ਦੇ ਮੱਦੇਨਜ਼ਰ ਵੱਖ ਵੱਖ ਥਾਈਂ ਰੋਕਾਂ ਲਾਈਆਂ ਸਨ। ਭਾਰਤੀ ਮਿਸ਼ਨਾਂ ਦੇ ਬਾਹਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਸੇ ਤਰ੍ਹਾਂ ਟੋਰਾਂਟੋ ਤੇ ਓਟਵਾ ਵਿਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ 60-70 ਦੇ ਕਰੀਬ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਭਾਰਤ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਸਰਕਾਰ ਨੂੰ ਸਹਿਯੋਗ ਦੇਵੇ।

ਇਸ ਦੌਰਾਨ ਮੁਜ਼ਾਹਰਾਕਾਰੀਆਂ ਵਲੋਂ ਫੜੇ ਗਏ ਬੈਨਰਾਂ ਉਪਰ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ ਭਾਰਤੀ ਦੂਤਘਰਾਂ ਦੇ ਮੁੱਖ ਅਧਿਕਾਰੀਆਂ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਲਗਾਏ ਗਏ ਸਨ। ਇਸਤੋਂ ਪਹਿਲਾਂ ਕੁਝ ਭਾਰਤੀ ਚੈਨਲਾਂ ਵਲੋਂ ਖਬਰ ਦਿੱਤੀ ਗਈ ਸੀ ਕਿ ਕੈਨੇਡਾ ਸਰਕਾਰ ਦੇ ਕਹਿਣ ਤੇ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਨੂੰ ਕਾਤਲ ਦੱਸਣ ਵਾਲੇ ਪੋਸਟਰ ਉਤਾਰ ਦਿੱਤੇ ਗਏ ਹਨ ਜਦੋਂਕਿ ਸੱਚਾਈ ਇਹ ਹੈ ਕਿ ਇਸ ਸਬੰਧੀ ਹੋਰਡਿੰਗਾਂ ਅਤੇ ਪੋਸਟਰ ਅਜੇ ਵੀ ਉਵੇਂ ਹੀ ਲੱਗੇ ਹੋਏ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਬਾਹਰ ਮੇਨ ਰੋਡ ਉਪਰ ਭਾਰਤੀ ਕੌਂਸਲ ਅਧਿਕਾਰੀਆਂ ਨੂੰ ਕਾਤਲ ਵਜੋਂ ਦਰਸਾਉਣ ਵਾਲੇ ਪੋਸਟਰ ਉਂਜ ਹੀ ਲੱਗੇ ਹੋਏ ਹਨ।