Headlines

ਪਾਲ ਸਿੱਧੂ ਦੀ ਅਗਵਾਈ ਹੇਠ ਬਿੱਲੀ ਚਾਓ ‘ਚ ਸਾਲਾਨਾ ਛਿੰਝ ਤੇ ਜੋੜ ਮੇਲਾ

ਪਟਕੇ ਦੀ ਕੁਸ਼ਤੀ ਵਿਚ ਪਹਿਲਵਾਨ ਫਤਿਹ ਸਿੰਘ ਤੇ ਮੰਗਾ ਮਲਸੀਆਂ ਬਰਾਬਰ ਜੇਤੂ-

ਨਕੋਦਰ-ਦੋਨਾ ਇਲਾਕੇ ਦੇ ਪ੍ਰਸਿੱਧ ਪਿੰਡ ਬਿੱਲੀ ਚਾਓ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁੱਗਾ ਜਾਹਰ ਪੀਰ ਤੇ ਬਾਬਾ ਇੱਛਾਧਾਰੀ ਦੇ ਧਾਰਮਿਕ ਪਵਿੱਤਰ ਸਥਾਨ ‘ਤੇ ਪਾਲ ਸਿੰਘ ਸਿੱਧੂ ਕੈਨੇਡਾ, ਨੰਬਰਦਾਰ ਦਾਰਾ ਸਿੰਘ ਦੀ ਰਹਿਨੁਮਾਈ ਹੇਠ ਛਿੰਝ ਤੇ ਜੋੜ ਮੇਲਾ ਕਰਵਾਇਆ ਗਿਆ। ਮੇਲੇ ‘ਚ ਵਿਧਾਨ ਸਭਾ ਹਲਕਾ ਇੰਚਾਰਜ ਬਚਿੱਤਰ ਸਿਘ ਕੋਹਾੜ ਤੇ ਆਪ ਹਲਕਾ ਸ਼ਾਹਕੋਟ ਤੋਂ ਸੀਨੀਅਰ. ਆਗੂ ਤੇ ਪ੍ਰਸਿੱਧ ਕਬੱਡੀ ਖਿਡਾਰੀ ਪਿੰਦਰ ਪੰਡੋਰੀ ਬਤੌਰ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਮੇਲੇ ਦਾ ਉਦਘਾਟਨ ਸਾਬਕਾ ਸਰਪੰਚ ਹਰਵਿੰਦਰ ਸਿੰਘ ਸਿੱਧੂ, ਪਾਲ ਸਿੰਘ ਸਿੱਧੂ ਤੇ ਨੰਬਰਦਾਰ ਦਾਰਾ ਸਿੰਘ ਨੇ ਕੀਤਾ। ਦੁਪਹਿਰ ਨੂੰ ਦਰਬਾਰ ‘ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਬੱਡੀ ਦੇ ਸੋਅ ਮੈਚ ਦਾ ਵੀ ਆਯੋਜਨ ਕੀਤਾ ਗਿਆ, ਜਿਸ ‘ਚ 65 ਕਿੱਲੋ ਕਬੱਡੀ ‘ਚ ਖੀਵਾ ਨੇ ਪਹਿਲਾ ਸਥਾਨ ਤੇ ਬਿੱਲੀ ਚਾਓ ਨੇ ਦੂਜਾ ਸਥਾਨ, 40 ਕਿੱਲੋ ‘ਚ ਪਹਿਲਾ ਸਥਾਨ ਬਿੱਲੀ ਚਾਓ ਤੇ ਜੱਲੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਮ 4 ਵਜੇ 10 ਵੱਖ-ਵੱਖ ਅਖਾੜਿਆ ਦੇ ਪਹਿਲਵਾਨਾ ਦੀਆਂ ਪੁਰਾਣੀ ਰਵਾਇਤ ਮੁਤਾਬਿਕ ਮਿੱਟੀ ‘ਚ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਪਟਕੇ ਦੀ ਕੁਸ਼ਤੀ ਫਤਿਹ ਸਿੰਘ ਪੀ.ਏ.ਪੀ ਤੇ ਮੰਗਾ ਮਲਸੀਆਂ ਵਿਚਕਾਰ ਹੋਈ। ਦੋਵਾਂ ਪਹਿਲਵਾਨਾਂ ਵੱਲੋਂ ਜੱਦੋ-ਜਹਿਦ ਕਰਨ ਉਪਰੰਤ ਕੁਸ਼ਤੀ ਨੂੰ ਬਰਾਬਰ ਐਲਾਨ ਕਰਾਰ ਦਿੱਤਾ ਗਿਆ। ਇਸ਼ ਮੌਕੇ ਇਨਾਮਾਂ ਦੀ ਵੰਡ ਬਚਿੱਤਰ ਸਿੰਘ ਕੋਹਾੜ, ਪਿੰਦਰ ਪੰਡੋਰੀ, ਸਾਬਕਾ ਸਰਪੰਚ ਹਰਵਿੰਦਰ ਸਿੰਘ ਸਿੱਧੂ, ਨੰਬਰਦਾਰ ਦਾਰਾ ਸਿੰਘ ਤੇ ਮਲਕੀਤ ਸਿੰਘ ਬੜੈਚ ਨੇ ਸਾਂਝੇ ਤੌਰ ‘ਤੇ ਕੀਤੀ।