Headlines

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਰਿਲੀਜ਼ ਤੇ ਵਿਚਾਰ ਚਰਚਾ

ਐਬਟਸਫੋਰਡ (ਡਾ ਗੁਰਵਿੰਦਰ ਸਿੰਘ)-‘ਮਿੱਟੀ ਨੂੰ ਫਰੋਲ ਜੋਗੀਆ’ ਅਸ਼ੋਕ ਬਾਂਸਲ ਮਾਨਸਾ ਦੀ ਉਨ੍ਹਾਂ ਵੀਹ ਪੁਰਾਣੇ ਗੀਤਕਾਰਾਂ ਬਾਰੇ ਲਿਖੀ ਖੋਜ ਪੁਸਤਕ ਹੈ, ਜਿਨ੍ਹਾਂ ਨੇ ਲੋਕ ਗੀਤਾਂ ਦੇ ਪੱਧਰ ‘ਤੇ ਜਾ ਕੇ ਗੀਤਾਂ ਦੀ ਸਿਰਜਣਾ ਕੀਤੀ। ਖੁਸ਼ੀ ਵਾਲੀ ਗੱਲ ਹੈ ਕਿ ਅਸ਼ੋਕ ਬਾਂਸਲ ਅੱਜ ਕੱਲ ਕੈਨੇਡਾ ਹਨ ਅਤੇ 30 ਸਤੰਬਰ ਦਿਨ ਸ਼ਨੀਚਰਵਾਰ ਨੂੰ, ਉਹਨਾਂ ਦੀ ਇਹ ਕਿਤਾਬ ਵਿਰਾਸਤੀ ਗੁਰਦੁਆਰਾ ਸਾਹਿਬ ਵਿਖੇ, ਪੰਜਾਬੀ ਸਾਹਿਤ ਸਭਾ ਮੁਢਲੀ, ਜੀਵੇ ਪੰਜਾਬ ਅਦਬੀ ਸੰਗਤ, ਵਿਰਾਸਤ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ ਕੈਨੇਡਾ, ਪੰਜ-ਆਬ ਕਲਚਰਲ ਐਸੋਸੀਏਸ਼ਨ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਵਿਰਾਸਤ ਫਾਊਂਡੇਸ਼ਨ ਸਮੇਤ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਰਿਲੀਜ਼ ਕੀਤੀ ਗਈ। ਇਸ ਦੇ ਨਾਲ ਹੀ ਇਹਨਾਂ ਸੰਸਥਾਵਾਂ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਜ਼ੁਬਾਨ ‘ਚ ਭਾਸ਼ਣ ਦੇਣ ਵਾਲੇ, ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਪੰਜਾਬੀ ਦੇ ਸਤਿਕਾਰ ਲਈ, ਸਾਂਝਾ ਮਤਾ ਪਾਸ ਕਰਕੇ ਧੰਨਵਾਦ ਕੀਤਾ ਗਿਆ।
ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ, ਪੰਜਾਬੀ ਸਾਹਿਤ ਸਭਾ ਮੁਢਲੀ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ, ਸਾਹਿਤ ਪ੍ਰੇਮੀ ਦਰਸ਼ਨ ਸ਼ਾਸੀ, ਪੰਜ ਆਬ ਕਲਚਰਲ ਐਸੋਸੀਏਸ਼ਨ ਮਿਸ਼ਨ ਦੇ ਪ੍ਰਤਿਨਿਧ ਸਤਨਾਮ ਸਿੰਘ ਸੱਤੀ ਗਰੇਵਾਲ, ਵਿਰਾਸਤ ਫਾਊਂਡੇਸ਼ਨ ਅਤੇ ਜੀਵੇ ਪੰਜਾਬ ਅੱਜਬੀ ਸੰਗਤ ਦੇ ਮੁਖੀ ਭੁਪਿੰਦਰ ਸਿੰਘ ਮੱਲੀ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ ਦੀ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ, ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਪੰਜਾਬ ਤੋਂ ਆਈਆਂ ਬੀਬੀ ਗੁਰਦੇਵ ਕੌਰ, ਮਨਪ੍ਰੀਤ ਕੌਰ ਜਵੰਦਾ ਤੋਂ ਇਲਾਵਾ ਜਸਕਰਨ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸਹੋਤਾ, ਮੁਲਕ ਰਾਜ ਪ੍ਰੇਮੀ, ਦਿਲਬਾਗ ਸਿੰਘ ਅਖਾੜਾ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ਅਤੇ ਕੈਨੇਡਾ ਦੇ ਮੂਲ ਵਾਸੀਆਂ ਦੇ ਦਿਹਾੜੇ ਬਾਰੇ ਵਿਚਾਰ ਸਾਂਝੇ ਕੀਤੇ ।
ਕਿਤਾਬ ਰਿਲੀਜ਼ ਸਮਾਗਮ ਮੌਕੇ ਅਸ਼ੋਕ ਬਾਂਸਲ ਸਾਹਿਬ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਆਪਣੀ ਲਿਖਤ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਭੁੱਲੇ ਵਿਸਰੇ ਮਹਾਨ ਗੀਤਕਾਰਾਂ ਬਾਰੇ ਲਿਖਦਿਆਂ ਉਹਨਾਂ ਆਪਣੇ ਜਜ਼ਬਾਤ ਕਿਤਾਬ ਦੇ ਰੂਪ ਵਿੱਚ ਸਾਂਝੇ ਕੀਤੇ ਹਨ। ਇਸ ਮੌਕੇ ਤੇ ਪੰਜਾਬੀ ਲਿਖਾਰੀ ਗੁਰਦੇਵ ਸਿੰਘ ਬਰਾੜ ਆਲਮ ਵਾਲਾ ਨੇ ਆਪਣੀ ਕਿਤਾਬ ਕੈਨੇਡੀਅਨ ਭੱਈਆਣੀ ਅਸ਼ੋਕ ਬਾਂਸਲ ਮਾਨਸਾ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ ਨੂੰ ਭੇਟ ਕੀਤੀ। ਪ੍ਰੋਗਰਾਮ ਦਾ ਸੰਚਾਰਨ ਗੁਰਪ੍ਰੀਤ ਸਿੰਘ ਚਾਹਲ ਨੇ ਕੀਤਾ ਤੇ ਦੇਸ਼ ਪ੍ਰਦੇਸ਼ ਟਾਈਮ ਦੇ ਸੁਖਵਿੰਦਰ ਸਿੰਘ ਚੋਹਲਾ , ਪੰਜਾਬੀ ਚੈਨਲ ਦੇ ਗੁਰਵਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਵਿਰਾਸਤ ਗੁਰਦੁਆਰਾ ਸਾਹਿਬ ਵਿਖੇ ਇਹ ਕਿਤਾਬ ਰਿਲੀਜ਼ ਸਮਾਰੋਹ ਯਾਦਗਾਰੀ ਹੋ ਨਿਬੜਿਆ।