Headlines

ਬਸੰਤ ਮੋਟਰਜ਼ ਸਰੀ ਦੀ 32ਵੀਂ ਵਰੇਗੰਢ ਮੌਕੇ 32 ਹਜ਼ਾਰ ਡਾਲਰ ਦੇ ਵਜ਼ੀਫੇ ਵੰਡੇ

ਸਰੀ ਦੇ ਨਵੇਂ ਹਸਪਤਾਲ ਲਈ 32 ਹਜ਼ਾਰ ਡਾਲਰ ਤੇ ਸਰੀ ਫੂਡ ਬੈਂਕ ਲਈ 3200 ਡਾਲਰ ਦਿੱਤੇ-

ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ-

ਬਲਦੇਵ ਸਿੰਘ ਬਾਠ ਵਲੋਂ ਪ੍ਰੀਮੀਅਰ, ਸਾਥੀ ਮੰਤਰੀਆਂ ਤੇ ਹੋਰ ਮਹਿਮਾਨਾਂ ਦਾ ਸਵਾਗਤ-

ਸਰੀ ( ਦੇ ਪ੍ਰ ਬਿ)- ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 32ਵੀਂ ਵਰੇਗੰਢ ਮੌਕੇ ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ 8ਵੇਂ ਸਾਲਾਨਾ ਸਕਾਲਰਸ਼ਿਪ ਵੰਡ ਸਮਾਗਮ ਦੌਰਾਨ 16 ਹੋਣਹਾਰ ਵਿਦਿਆਰਥੀਆਂ ਨੂੰ 32,000 ਡਾਲਰ ਦੇ ਵਜੀਫੇ ਵੰਡੇ ਗਏ। ਹਰਕੇ ਵਿਦਿਆਰਥੀ ਨੂੰ 2-2 ਹਜ਼ਾਰ ਡਾਲਰ ਦੇ ਸਕਾਲਰਸ਼ਿਪ ਸਰਟੀਫਿਕੇਟ ਵੰਡਣ ਦੀ ਇਹ ਰਸਮ ਸਮਾਗਮ ਦੇ ਮੁੱਖ ਮਹਿਮਾਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋ ਅਦਾ ਕੀਤੀ ਗਈ।

ਉਹਨਾਂ ਨੇ ਸਮਾਗਮ ਦੇ ਸ਼ੁਰੂ ਵਿਚ ਵਿਦਿਆਰਥੀਆਂ ਨੂੰ  ਸਕਾਲਰਸ਼ਿਪ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਚ ਵਿਦਿਆ ਪ੍ਰਾਪਤ ਕਰਦਿਆਂ ਆਪਣੇ ਉਜਲ ਭਵਿੱਖ ਦੀ ਤਾਮੀਰ ਦੇ ਨਾਲ ਨਰੋਏ ਸਮਾਜ ਦੀ ਕਾਇਮੀ ਲਈ ਬੇਹਤਰ ਯੋਗਦਾਨ ਪਾਉਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਇਸ ਸਕਾਲਰਸ਼ਿਪ ਦੀ ਕਾਇਮੀ ਲਈ ਬਸੰਤ ਮੋਟਰਜ਼ ਦੇ ਉਦਮ ਅਤੇ ਉਦੇਸ਼ ਦੀ ਸ਼ਲਾਘਾ ਕਰਦਿਆਂ ਸ ਬਲਦੇਵ ਸਿੰਘ ਬਾਠ ਵਲੋਂ ਸਮਾਜ ਸੇਵਾ ਦੇ ਨਾਲ ਵਿਦਿਅਕ ਖੇਤਰ ਵਿਚ ਪਾਏ ਜਾ ਰਹੇ ਇਸ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸ ਬਲਦੇਵ ਸਿੰਘ ਬਾਠ ਨੇ ਇਸ ਸਕਾਲਰਸ਼ਿਪ ਵੰਡ ਸਮਾਗਮ ਦੌਰਾਨ ਪ੍ਰੀਮੀਅਰ ਡੇਵਿਡ ਈਬੀ ਦੇ ਮੁੱਖ ਮਹਿਮਾਨ ਅਤੇ ਉਹਨਾਂ ਦੇ ਕੈਬਨਿਟ ਸਾਥੀਆਂ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਸਵਾਗਤ ਕਰਦਿਆਂ ਬਸੰਤ ਮੋਟਰਜ਼ ਵਲੋਂ ਵਿਦਿਆਰਥੀਆਂ ਲਈ ਸਕਾਲਰਸ਼ਿਪ ਲਈ ਆਰੰਭੇ ਗਏ ਯਤਨਾਂ ਦੀ ਜਾਣਕਾਰੀ ਦਿੱਤੀ। ਉਹਨਾਂ ਖੁਦ ਦੇ ਇਕ ਪਰਵਾਸੀ ਵਜੋਂ ਕੈਨੇਡਾ ਵਿਚ ਆਕੇ ਵੱਸਣ ਅਤੇ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਤਰੱਕੀ ਦੇ ਨਾਲ ਮੁਲਕ ਦੇ ਇਮਾਨਦਾਰ ਸਿਸਟਮ ਅਤੇ ਸਾਫ ਸੁਥਰੇ ਵਾਤਾਵਰਣ ਨੂੰ ਕੁਦਰਤ ਦੀ ਵੱਡੀ ਨੇਅਮਤ ਦੱਸਿਆ। ਉਹਨਾਂ ਕਿਹਾ ਕਿ ਜੋ ਕੁਝ ਉਹਨਾਂ ਨੂੰ ਇਸ ਕਰਮ ਭੂਮੀ ਤੋਂ ਪ੍ਰਾਪਤ ਹੋਇਆ ਹੈ, ਉਸਦੇ ਬਦਲੇ ਵਿਚ ਕੁਝ ਅਦਾ ਕਰਨਾ ਵੀ ਉਹਨਾਂ ਦਾ ਫਰਜ਼ ਹੈ। ਉਹਨਾਂ ਵਾਅਦਾ ਕੀਤਾ ਕਿ ਬਸੰਤ ਮੋਟਰਜ਼ ਵਲੋਂ ਸਮਾਜ ਸੇਵਾ ਤੇ ਵਿਦਿਅਕ ਖੇਤਰ ਵਿਚ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਪ੍ਰੀਮੀਅਰ ਡੇਵਿਡ ਈਬੀ ਨਾਲ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀਆਂ ਵਿਚ ਹੈਰੀ ਬੈਂਸ, ਜਗਰੂਪ ਬਰਾੜ, ਰਚਨਾ ਸਿੰਘ, ਗੈਰੀ ਬੈਗ, ਬਰੂਸ ਰਾਲਸਟਨ ਤੇ ਕੌਂਸਲਰ ਲਿੰਡਾ ਐਨਿਸ ਵੀ ਹਾਜ਼ਰ ਸਨ ,ਜਿਹਨਾਂ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸੇ ਦੌਰਾਨ ਬਸੰਤ ਮੋਟਰਜ ਵਲੋਂ ਪ੍ਰੀਮੀਅਰ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ ਤੇ ਸਰੀ ਵਿਚ ਬੀ ਸੀ ਸਰਕਾਰ ਵਲੋਂ ਬਣਾਏ ਜਾ ਰਹੇ ਹਸਪਤਾਲ ਲਈ 32,000 ਡਾਲਰ ਦਾ ਚੈਕ ਭੇਟ ਕੀਤਾ। ਇਸਤੋਂ ਇਲਾਵਾ 3200 ਡਾਲਰ ਦਾ ਚੈਕ ਸਰੀ ਫੂਡ ਬੈਂਕ ਨੂੰ ਭੇਟ ਕੀਤਾ ਗਿਆ। ਸ ਬਲਦੇਵ ਸਿੰਘ ਬਾਠ ਨੇ ਸਰੀ ਹਸਪਤਾਲ ਲਈ 32 ਹਜ਼ਾਰ ਡਾਲਰ ਦਾ ਚੈਕ ਭੇਟ ਕਰਦਿਆਂ ਪ੍ਰੀਮੀਅਰ ਨੂੰ ਅਪੀਲ ਕੀਤੀ ਕਿ ਨਵੇਂ ਬਣਨ ਜਾ ਰਹੇ ਹਸਪਤਾਲ ਵਿਚ ਸ਼ਹਿਰ ਦੇ ਲੋਕਾਂ ਦੀ ਮੰਗ ਮੁਤਾਬਿਕ ਬੈਡਾਂ ਦਾ ਵਾਧਾ ਕੀਤਾ ਜਾਵੇ।

ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਵਿਚ ਹੋਰਨਾਂ ਤੋ ਇਲਾਵਾ ਉਘੇ ਸਿੱਖ ਆਗੂ ਸ ਗਿਆਨ ਸਿੰਘ ਸੰਧੂ, ਸ ਬੰਤਾ ਸਿੰਘ ਸਭਰਵਾਲ, ਸ ਸੁਰਿੰਦਰ ਸਿੰਘ ਜੱਬਲ, ਡਾ ਪ੍ਰਗਟ ਸਿੰਘ ਭੁਰਜੀ, ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ ਲਖਵਿੰਦਰ ਸਿੰਘ ਗਿੱਲ, ਕੁਲਵਿੰਦਰ ਸਿੰਘ ਸੰਘੇੜਾ, ਸੁਰਜੀਤ ਸਿੰਘ ਮਾਧੋਪੁਰੀ, ਜਤਿੰਦਰ ਮਿਨਹਾਸ, ਸੁਰਜੀਤ ਸਿੰਘ ਬਾਠ,  ਪ੍ਰੋ ਅਵਤਾਰ ਸਿੰਘ ਵਿਰਦੀ ਤੇ ਮੀਡੀਆ ਸ਼ਖਸੀਅਤਾਂ ਵਿਚ ਹਰਜਿੰਦਰ ਸਿੰਘ ਥਿੰਦ, ਬਲਜਿੰਦਰ ਸਿੰਘ ਅਟਵਾਲ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਹਰਦਮ ਮਾਨ, ਸੰਤੋਖ ਸਿੰਘ ਮੰਡੇਰ, ਹਰਪ੍ਰੀਤ ਸਿੰਘ, ਪਰਮੀਤ ਕਾਮਰਾ, ਨਵਜੋਤ ਢਿੱਲੋਂ, ਤਰਲੋਚਨ ਸਿੰਘ ਚੰਡੀਗੜ, ਰਵੀ ਚੀਮਾ, ਲੱਕੀ ਰੰਧਾਵਾ, ਅਮਰ ਢਿੱਲੋਂ,ਗੁਰਸੇਵਕ ਸਿੰਘ ਪੰਧੇਰ ਤੇ ਸੋਨੀਆ ਹਾਜ਼ਰ ਸਨ।

ਡਾ ਭੁਰਜੀ  ਨਾ ਟਲੇ-

ਇਸ ਮੌਕੇ ਸ਼ਹਿਰ ਦੇ ਬੱਚਿਆਂ ਦੇ ਮਾਹਿਰ ਡਾ ਪ੍ਰਗਟ ਸਿੰਘ ਭੁਰਜੀ ਪ੍ਰੀਮੀਅਰ ਡੇਵਿਡ ਈਬੀ ਦਾ ਭਾਰ ਤੋਲਣ ਦੇ ਮੌਕੇ ਦਾ ਦਾਅ ਲਗਾਉਣੋਂ ਨਾ ਟਲੇ। ਡਾ ਭੁਰਜੀ ਅਕਸਰ ਚਰਚਾ ਵਿਚ ਰਹਿੰਦੇ ਹਨ ਕਿ ਕਿਸੇ ਵੀ ਸਮਾਗਮ ਵਿਚ ਪੁੱਜਣ ਵਾਲੇ ਮੁੱਖ ਮਹਿਮਾਨ ਜਾਂ ਕਿਸੇ ਅਹਿਮ ਸ਼ਖਸੀਅਤ ਨੂੰ ਉਹ ਆਪਣੀਆਂ ਬਾਹਾਂ ਵਿਚ ਲੈਂਦਿਆਂ ਹਵਾ ਵਿਚ ਉਠਾਕੇ ਆਪਣੇ ਪਿਆਰ ਦਾ ਇਜ਼ਹਾਰ ਜਰੂਰ ਕਰਦੇ ਹਨ। ਬਸੰਤ ਮੋਟਰਜ ਦੇ  ਸਮਾਗਮ ਦੌਰਾਨ ਜਿਵੇਂ ਹੀ ਪ੍ਰੀਮੀਅਰ ਈਬੀ ਸਮਾਗਮ ਵਾਲੀ ਥਾਂ ਤੇ ਪੁੱਜੇ ਤਾਂ ਸਵਾਗਤੀ ਟੀਮ ਵਿਚ ਖੜੇ ਡਾ ਭੁਰਜੀ ਨੇ ਪ੍ਰੀਮੀਅਰ ਨੂੰ ਹੱਥ ਮਿਲਾਉਣ ਉਪਰੰਤ ਜੱਫੀ ਵਿਚ ਭਰ ਲਿਆ ਤੇ ਉਪਰ ਉਠਾਉਣ ਦੀ ਕੋਸ਼ਿਸ਼ ਕੀਤੀ। ਪ੍ਰੀਮੀਅਰ ਈਬੀ ਜੋ ਕਿ ਸੂਬੇ ਦੇ ਸਭ ਤੋਂ ਲੰਬੇ ਲੀਡਰ , ਲਗਪਗ ਪੌਣੇ 7 ਫੁੱਟ ਦੇ ਹਨ, ਨੂੰ ਜਦੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਉਹ ਅਸਫਲ ਹੋ ਜਾਂਦੇ ਪਰ  ਡਾ ਭੁਰਜੀ ਦੇ ਪਿਆਰ ਦੇ ਜਵਾਬ ਵਿਚ ਪ੍ਰੀਮੀਅਰ ਨੇ ਆਪ ਹੀ ਲੱਤਾਂ ਉਪਰ ਉਠਾ ਲਈਆਂ। ਬੱਸ ਫਿਰ ਕੀ ਸੀ– ਬੱਲੇ ਬੱਲੇ ਹੋ ਗਈ ਬਈ….