Headlines

ਗ਼ਜ਼ਲ ਗਾਇਕ ਪ੍ਰਿੰਸ ਸੁਖਦੇਵ ਦੀ ਸੰਗੀਤਕ ਮਹਿਫ਼ਿਲ ਨੇ ਸਰੋਤਿਆਂ ਦੇ ਮਨ ਮੋਹੇ

ਸਰੀ, 2 ਅਕਤੂਬਰ (ਹਰਦਮ ਮਾਨ)-ਪੰਜਾਬੀ ਬੋਲੀ, ਕਲਾ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਬੀ.ਸੀ. ਦੀ ਉੱਘੀ ਸ਼ਖ਼ਸੀਅਤ ਜਤਿੰਦਰ ਜੇ ਮਿਨਹਾਸ ਵੱਲੋਂ ਰਿਫਲੈਕਸ਼ਨ ਬੈਂਕੁਇਟ ਐਂਡ ਕਨਵੈਨਸ਼ਨ ਸੈਂਟਰ ਸਰੀ ਵਿਖੇ ਪ੍ਰਸਿੱਧ ਗ਼ਜ਼ਲ ਗਾਇਕ ਪ੍ਰਿੰਸ ਸੁਖਦੇਵ ਨਾਲ ਸੰਗੀਤਕ ਸ਼ਾਮ ਮਨਾਈ ਗਈ। ਇਸ ਮਹਿਫ਼ਿਲ ਦਾ ਆਗਾਜ਼ ਉੱਘੇ ਪ੍ਰਮੋਟਰ ਇੰਦਰਜੀਤ ਸਿੰਘ ਬੈਂਸ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।

ਗ਼ਜ਼ਲ ਗਾਇਕ ਪ੍ਰਿੰਸ ਸੁਖਦੇਵ ਨੇ ਸੂਫੀਆਨਾ ਕਲਾਮ ਤੋਂ ਮਹਿਫ਼ਿਲ ਦੀ ਸ਼ੁਰੂਆਤ ਕੀਤੀ ਅਤੇ ਫਿਰ ਇਕ ਤੋਂ ਬਾਅਦ ਇਕ ‘ਸਾਹਿਬ ਤੇਰੀ ਬੰਦੀ ਹਾਂ, ਚੰਗੀ ਹਾਂ ਜਾਂ ਮੰਦੀ ਹਾਂ’, ‘ਤੁਮਾਰ੍ਹੇ ਸ਼ਹਿਰ ਕਾ ਮੌਸਮ ਬੜਾ ਸੁਹਾਣਾ ਲਗੇ, ਮੈਂ ਇਕ ਸ਼ਾਮ ਚੁਰਾ ਲੂੰ ਅਗਰ ਬੁਰਾ ਨਾ ਲਗੇ’, ‘ਹਾੜਾ ਓਏ ਰੱਬਾ ਵੇ ਮੈਂ ਦਿਲ ਬਦਲਾਉਣਾ’, ‘ਸੋਹਣੀਏ ਜੇ ਤੇਰੇ ਨਾਲ ਦਗ਼ਾ ਮੈਂ ਕਮਾਵਾਂ ਤੇ ਰੱਬ ਦੀ ਸਹੁੰ ਮੈਂ ਮਰ ਜਾਵਾਂ’, ‘ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦੈ’, ‘ਦਿਲ ਤੇਰੀ ਜਾਨ ਨੂੰ ਰੋਵੇ’, ‘ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫ਼ਿਰ ਕੀ ਤਰਹ’, ‘ਤੋੜ ਤਸਵੀ ਤੇ ਭੰਨ ਸੁੱਟ ਲੋਟਾ ਐਵੇਂ ਨ੍ਹੀਂ ਤੈਨੂੰ ਰੱਬ ਲੱਭਣਾ’, ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’, ‘ਤਾਰਿਆਂ ‘ਚ ਰਹਿੰਦੀ ਮੇਰੀ ਮਾਂ ਨੂੰ ਸਲਾਮ’ ਆਦਿ ਗੀਤਾਂ, ਗ਼ਜ਼ਲਾਂ ਨੂੰ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਵਿਚ ਪੇਸ਼ ਕੀਤਾ। ਉਸ ਦੀ ਕਲਾ ਅਤੇ ਅਦਾਇਗੀ ਹਾਜਰ ਸਰੋਤਿਆਂ ਦੇ ਦਿਲਾਂ ਨੂੰ ਦੇਰ ਤੱਕ ਸੰਗੀਤਕ ਸਕੂਨ ਬਖਸ਼ਦੀ ਰਹੇਗੀ।

ਇਸ ਮਹਿਫ਼ਿਲ ਵਿਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਸ਼ੋਕ ਬਾਂਸਲ ਮਾਨਸਾ ਨੇ ਗੀਤਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਗੀਤ ਲੋਰੀਆਂ ਤੋਂ ਵੈਣਾਂ ਤੱਕ ਸਾਡਾ ਸਾਥ ਨਿਭਾਉਂਦੇ ਹਨ। ਉਨ੍ਹਾਂ ਅਫਸੋਸ ਵੀ ਜ਼ਾਹਰ ਕੀਤਾ ਕਿ ਅਸੀਂ ਬਹੁਤ ਸਾਰੇ ਮਹਾਨ ਗੀਤਕਾਰਾਂ ਨੂੰ ਵਿਸਾਰ ਚੁੱਕੇ ਹਾਂ। ਉਨ੍ਹਾਂ ਭੁੱਲੇ ਵਿਸਰੇ ਪੰਜਾਬੀ ਗੀਤਕਾਰਾਂ ਬਾਰੇ ਆਪਣੀ ਖੋਜ ਪੁਸਤਕ ‘ਮਿੱਟੀ ਨੂੰ ਫ਼ਰੋਲ ਜੋਗੀਆਂ’ ਦੇ ਖੋਜ ਕਾਰਜ ਵੀ ਵਿਚਾਰ ਸਾਂਝੇ ਕੀਤੇ। ਮਹਿਫ਼ਿਲ ਦੇ ਹੋਸਟ ਜਤਿੰਦਰ ਜੇ ਮਿਨਹਾਸ ਨੇ ਮਾਂ ਬੋਲੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੀ ਮਾਂ ਬੋਲੀ ਭੁਲਾਉਣ ਵਾਲੇ ਲੋਕਾਂ ਦੇ ਕਈ ਦੇਸ਼ ਆਪਣੀ ਹੋਂਦ ਗੁਆ ਚੁੱਕੇ ਹਨ। ਉਨ੍ਹਾਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਦੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਹੁਣ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਨੂੰ ਸ਼ਰਮਾਉਣ ਦੀ ਬਜਾਏ ਮਾਣ ਮਹਿਸੂਸ ਕਰਨ ਚਾਹੀਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਹੁਣ ਕੈਨੇਡਾ ਵਿਚ ਰੁਜ਼ਗਾਰ ਦਾ ਜ਼ਰੀਆ ਵੀ ਬਣ ਚੁੱਕੀ ਹੈ। ਉਨ੍ਹਾਂ ਗ਼ਜ਼ਲ ਗਾਇਕ ਪ੍ਰਿੰਸ ਸੁਖਦੇਵ ਅਤੇ ਮਹਿਫ਼ਿਲ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਦਿਲੀ ਧੰਨਵਾਦ ਕੀਤਾ।