Headlines

ਉਮਰ ਭਰ ਲਈ ਭਾਰਤ ਦਾ ਵੀਜ਼ਾ ਤੇ ਹੋਰ ਕਈ ਨਾਗਰਿਕ ਸਹੂਲਤਾਂ ਪ੍ਰਦਾਨ ਕਰਦਾ ਹੈ- ਓ.ਸੀ.ਆਈ.ਕਾਰਡ

– ਪ੍ਰੋ ਗੁਰਬਾਜ ਸਿੰਘ ਬਰਾੜ–

ਕੈਨੇਡਾ- ਭਾਰਤ ਸਬੰਧਾਂ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਵਲੋਂ ਸੈਲਾਨੀ ਵੀਜੇ ਅਣਮਿਥੇ ਸਮੇਂ ਲਈ ਮੁਲਤਵੀ ਕੀਤੇ ਗਏ ਹਨ। ਅਜਿਹੀ ਸਥਿਤੀ ਵਿਚ ਭਾਰਤ ਜਾਣ ਦੇ ਚਾਹਵਾਨ ਕੈਨੇਡੀਅਨਾਂ ਨਾਗਰਿਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਦੌਰਾਨ ਓ ਸੀ ਆਈ ਕਾਰਡ ਧਾਰਕ ਜਾਂ 5 ਸਾਲ ਦੇ ਵੀਜਾ ਧਾਰਕਾਂ ਨੂੰ ਭਾਰਤ ਦੀ ਯਾਤਰਾ ਦੀ ਆਗਿਆ ਮਿਲੀ ਹੋਈ ਹੈ। ਵਿਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤ ਦੇ ਜੰਮਪਲ ਲੋਕਾਂ ਨੂੰ ਆਪਣੀਆਂ ਜੜਾਂ ਨਾਲ ਜੋੜੀ ਰੱਖਣ ਅਤੇ ਆਵਾਜਾਈ ਦੀ ਸਹੂਲਤ ਲਈ ਓ ਸੀ ਆਈ ਕਾਰਡ ਦੀ ਅਹਿਮੀਅਤ ਹੁਣ ਵਧੇਰੇ ਮਹਿਸੂਸ ਹੋਣ ਲੱਗੀ ਹੈ। ਆਓ ਜਾਣੀਏ ਕੀ ਹੈ ਓ ਸੀ ਆਈ ਕਾਰਡ।

ਭਾਰਤ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਵਸਨੀਕਾਂ ਨੂੰ ਹੀ ਓ.ਸੀ.ਆਈ. ਕਾਰਡ ਜਾਰੀ ਕਰਨ ਦੀ ਆਗਿਆ ਦਿੰਦੀ ਹੈ।ਛੱਬੀ ਜਨਵਰੀ ਉੱਨੀ ਸੌ ਪੰਜਾਹ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਸਮੇਂ ਜਾਂ ਉਸ ਤੋਂ ਬਾਅਦ ਬਣੇ ਰਹੇ ਭਾਰਤੀ ਨਾਗਰਿਕ ਜੋ ਹੁਣ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ ਖੁਦ ,ਪਤੀ-ਪਤਨੀ ਉਨ੍ਹਾਂ ਦੇ ਧੀਆਂ-ਪੁੱਤ,ਦੋਹਤੇ,ਪੋਤੇ-ਪੜਪੋਤੇ ਓ.ਸੀ. ਆਈ. ਕਾਰਡ ਬਣਾ ਸਕਦੇ ਹਨ ।

ਭਾਰਤ ਦੇ ਨਾਗਰਿਕ ਦਾ ਵਿਦੇਸ਼ੀ ਮੂਲ ਦਾ ਜੀਵਨ-ਸਾਥੀ ਜਾਂ ਭਾਰਤ ਦੇ ਨਾਗਰਿਕਤਾ ਐਕਟ, 1955 ਦੀ ਧਾਰਾ 7A ਦੇ ਤਹਿਤ ਰਜਿਸਟਰਡ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕ ਦਾ ਵਿਦੇਸ਼ੀ ਮੂਲ ਦਾ ਜੀਵਨ-ਸਾਥੀ ਅਤੇ ਜਿਸਦਾ ਵਿਆਹ ਰਜਿਸਟਰਡ ਕੀਤਾ ਗਿਆ ਹੋਵੇ ਅਤੇ ਅਰਜ਼ੀ ਦੇਣ ਤੱਕ ਵਿਆਹ ਹੋਏ ਨੂੰ ਘੱਟੋ ਘੱਟ ਦੋ ਸਾਲ ਦਾ ਸਮਾਂ ਹੋ ਗਿਆ ਹੋਵੇ ਵੀ ਅਰਜ਼ੀ ਲਈ ਯੋਗ ਮੰਨਿਆ ਜਾਂਦਾ ਹੈ ।

ਓ.ਸੀ.ਆਈ. ਤੋਂ ਭਾਵ overseas citizens of India ਹੈ ਪਰੰਤੂ ਭਾਰਤ ਕਿਸੇ ਵਿਦੇਸ਼ੀ ਨਾਗਰਿਕ ਨੂੰ ਦੋਹਰੀ ਨਾਗਰਿਕਤਾ ਨਹੀਂ ਦਿੰਦਾ । ਓ.ਸੀ.ਆਈ. ਕਾਰਡ ਬਣਾਉਣ ਲਈ ਭਾਰਤ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ।ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤਖ਼ਾਨੇ ਵਿੱਚ ਭਾਰਤ ਦਾ ਪਾਸਪੋਰਟ ਜਮਾਂ ਕਰਵਾ ਕੇ ਸਰੰਡਰ ਸਰਟੀਫਿਕੇਟ ਲੈਣਾ ਪੈਂਦਾ ਹੈ । ਓ.ਸੀ.ਆਈ. ਲਾਈਫ ਲੌਂਗ ਭਾਵ ਉਮਰ ਭਰ ਦੀ ਵੀਜ਼ਾ ਸਹੂਲਤ ਹੈ। ਓ.ਸੀ.ਆਈ ਕਾਰਡ ਬਣਵਾ ਲੈਣ ਤੋਂ ਬਾਅਦ ਵਾਰ-ਵਾਰ ਵੀਜ਼ਾ ਲਗਵਾਉਣ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਭਾਰਤ ਵਿੱਚ ਲੰਮਾ ਸਮਾਂ ਰਹਿਣ ਵਾਲਿਆਂ ਨੂੰ ਥਾਣੇ ਜਾ ਕੇ ਰਿਪੋਰਟ ਵੀ ਨਹੀਂ ਕਰਵਾਉਣੀ ਪੈਂਦੀ।ਓ.ਸੀ.ਆਈ. ਕਾਰਡ ਧਾਰਕ ਕਰਤਾਰਪੁਰ ਲਾਂਘੇ ਰਾਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀ ਜਾ ਸਕਦੇ ਹਨ ।

ਓ.ਸੀ.ਆਈ. ਕਾਰਡ ਕੋਲ ਹੋਣ ਤੇ ਭਾਰਤ ਵਿੱਚ ਅਜਾਇਬ ਘਰ ਜਾਂ ਕਿਸੇ ਹੋਰ ਰਾਸ਼ਟਰੀ ਧਰੋਹਰ, ਇਤਿਹਾਸਕ ਥਾਵਾਂ ਦੇਖਣ ਲਈ ਵਿਦੇਸ਼ੀਆਂ ਵਾਂਗ ਟਿਕਟ ਦੇ ਵਾਧੂ ਪੈਸੇ ਨਹੀਂ ਦੇਣੇ ਪੈਂਦੇ ਅਤੇ ਉਹ ਘਰੇਲੂ ਉਡਾਨਾਂ ਤੇ ਵੀ ਭਾਰਤੀਆਂ ਵਾਂਗ ਸਸਤੇ ਭਾਅ ਸਫਰ ਕਰ ਸਕਦੇ ਹਨ।

ਓ.ਸੀ.ਆਈ. ਕਾਰਡ ਧਾਰਕ ਭਾਰਤ ਵਿੱਚ ਸ਼ਹਿਰੀ ਜਾਇਦਾਦ ਖਰੀਦ ਸਕਦਾ ਹੈ ਪਰੰਤੂ ਵਾਹੀਯੋਗ ਖੇਤੀਬਾੜੀ ਵਾਲੀ ਜ਼ਮੀਨ ਖ਼ਰੀਦਣ ਦੀ ਮਨਾਹੀ ਹੁੰਦੀ ਹੈ। ਓ.ਸੀ.ਆਈ. ਕਾਰਡ ਧਾਰਕ ਭਾਰਤ ਵਿੱਚ ਰਹਿ ਕੇ ਪੜ੍ਹਾਈ ਕਰ ਸਕਦੇ ਹਨ,ਵਕਾਲਤ ਜਾਂ ਮੈਡੀਕਲ ਖੇਤਰ ਵਿੱਚ ਪ੍ਰੈਕਟਿਸ ਕਰ ਸਕਦੇ ਹਨ ਪਰੰਤੂ ਭਾਰਤੀ ਨਾਗਰਿਕ ਵਾਂਗ ਚੋਣਾਂ ਵਿੱਚ ਖੜ੍ਹੇ ਹੋਣ ਜਾਂ ਵੋਟ ਪਾਉਣ ਦਾ ਹੱਕ ਨਹੀਂ ਰੱਖਦੇ ।

ਓ.ਸੀ.ਆਈ. ਹਾਸਲ ਕਰਨ ਲਈ ਅਰਜ਼ੀ ਲੋੜੀਂਦੇ ਸਵੈ-ਪ੍ਰਮਾਣਿਤ ਦਸਤਾਵੇਜ਼ਾਂ ਸਮੇਤ ਫੋਟੋ ਅਤੇ ਦਸਤਖਤ (ਨਾਬਾਲਗਾਂ ਦੇ ਮਾਮਲੇ ਵਿੱਚ ਜੋ ਦਸਤਖਤ ਨਹੀਂ ਕਰ ਸਕਦੇ, ਖੱਬੇ ਹੱਥ ਦੇ ਅੰਗੂਠੇ ਦੇ ਨਿਸ਼ਾਨ (ਲੜਕਿਆਂ ਲਈ) ਅਤੇ ਸੱਜੇ ਹੱਥ ਦੇ ਅੰਗੂਠੇ ਦੇ ਨਿਸ਼ਾਨ (ਲੜਕੀਆਂ ਲਈ) ਦੇ ਨਾਲ ਆਨਲਾਈਨ ਜਮ੍ਹਾਂ ਕਰਵਾਉਣੀ ਪੈਂਦੀ ਹੈ।

ਆਨਲਾਈਨ OCI ਐਪਲੀਕੇਸ਼ਨ ਦਾਇਰ ਕਰਨ ਅਤੇ ਸਹਾਇਕ ਦਸਤਾਵੇਜ਼ਾਂ, ਹਸਤਾਖਰਾਂ ਅਤੇ ਫੋਟੋਆਂ ਨੂੰ ਅਪਲੋਡ ਕਰਨ ਤੋਂ ਬਾਅਦ, ਬਿਨੈਕਾਰਾਂ ਨੂੰ ਜ਼ਰੂਰੀ ਤਸਦੀਕ ਲਈ ਭਾਰਤ ਦੇ ਹਾਈ ਕਮਿਸ਼ਨ / ਕੌਂਸਲੇਟ ਜਨਰਲ ਦੀ ਆਊਟਸੋਰਸਡ ਏਜੰਸੀ ਕੋਲ ਸਹਾਇਕ ਦਸਤਾਵੇਜ਼ ਅਤੇ ਸੰਬੰਧਿਤ ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ। ਸਾਰੇ ਜ਼ਰੂਰੀ ਕਾਗਜ਼ਾਤਾਂ ਸਮੇਤ ਹਰ ਪੱਖੋਂ ਮੁਕੰਮਲ ਅਰਜ਼ੀ ਡਾਕ ਰਾਹੀਂ ਵੀ ਭੇਜੀ ਜਾ ਸਕਦੀ ਹੈ।ਕੈਨੇਡਾ ਵਿੱਚ ਘਰ ਬੈਠੇ ਹੀ ਓ.ਸੀ.ਆਈ. ਕਾਰਡ ਬਣਵਾਉਣ ਸਬੰਧੀ ਹੋਰ ਜਾਣਕਾਰੀ 604.617.2252 ਤੇ ਫ਼ੋਨ ਕਰਕੇ ਲਈ ਜਾ ਸਕਦੀ ਹੈ। ਭਾਰਤੀ ਕੌਂਸਲੇਟ ਜਨਰਲ ਜਾਂ ਭਾਰਤੀ ਵੀਜਾ ਐਪਲੀਕੇਸ਼ਨ ਸੈਂਟਰ ਬੀ ਐਲ ਐਸ ਇੰਟਰਨੈਸ਼ਨਲ ਦੀ ਵੈਬਸਾਈਟ ਉਪਰ ਜਾਕੇ ਵੀ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।