Headlines

ਪੰਜਾਬੀ ਸੰਮੇਲਨ ‘ਚ ਸਾਹਿਤ, ਚੇਤਨਤਾ ਤੇ ਪਰਵਾਸ ‘ਤੇ ਹੋਵੇਗੀ ਵਿਸ਼ੇਸ਼ ਚਰਚਾ​-ਸੁੱਖੀ ਬਾਠ

​ਪੰਜਾਬ ਭਵਨ ਸਰੀ ਵਲੋਂ ਕੌਮਾਂਤਰੀ ਪੰਜਾਬੀ ਸੰਮੇਲਨ 8-9 ਅਕਤੂਬਰ ਨੂੰ-ਕੌਮਾਂਤਰੀ ਵਿਦਿਆਰਥੀਆਂ ਲਈ ਚਣੌਤੀਆਂ ਤੇ ਭਵਿੱਖ ਵੀ ਹੋਵੇਗਾ ਮੁੱਦਾ-

​ਸਰੀ ( ਜੋਗਿੰਦਰ ਸਿੰਘ)- ਕੈਨੇਡਾ ਦੇ ਸਰੀ ਸ਼ਹਿਰ ‘ਚ ਹੋਣ ਵਾਲੇ ਪੰਜਵੇਂ ​ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ ਦੌਰਾਨ  ਇਸ ਵਾਰ ਪੰਜਾਬੀ ਬੋਲੀ, ਸਾਹਿਤ, ਚੇਤਨਤਾ ਅਤੇ ਪਰਵਾਸ ਦੇ ਮੁੱਖ ਮੁੱਦਿਆਂ ‘ਤੇ ਉਸਾਰੂ ਚਰਚਾ ਦੇ ਨਾਲ -ਨਾਲ ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੀ ਆਮਦ, ਉਨ੍ਹਾਂ ਨੂੰ ਦਰਪੇਸ਼ ਚਣੌਤੀਆਂ ਤੇ ਭਵਿੱਖ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ l ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ‘ਚ ਹੋਣ ਵਾਲੇ ਸੰਮੇਲਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਪੰਜਾਬ ਫੇਰੀ ਤੋਂ ਵਾਪਸ ਪਰਤ ਕੇ ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੰਜਾਬ ਭਵਨ ਵਿਖੇ ਮੀਟਿੰਗ ਵੀ ਕੀਤੀ l ਉਨ੍ਹਾਂ ਮੀਟਿੰਗ ਤੋਂ ਬਾਅਦ ‘ਦੇਸ਼ ਪ੍ਰਦੇਸ਼ ​ ਟਾਈਮਜ਼ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਹਮੇਸ਼ਾ ਵਾਂਗ ਇਸ ਵਾਰ  ਪੰਜਾਬੀ ਸਾਹਿਤ, ਚੇਤਨਤਾ ਤੇ ਪਰਵਾਸ ਬਾਰੇ ਮਾਹਿਰਾਂ ਦੇ ਵਿਚਾਰ ਹੋਣਗੇ, ਜੋ ਭਵਿੱਖ ਲਈ ਨਵੀਂ ਰਣਨੀਤੀ ਦੱਸਣਗੇ ਅਤੇ ਇਸ ਦੇ ਨਾਲ ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ‘ਚ ਆਮਦ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਭਵਿੱਖ ਨੂੰ ਲੈ ਕੇ ਵੀ ਵਿਚਾਰ ਹੋਣਗੇ ਤਾਂ ​ਜੋ ਵਿਦਿਆਰਥੀਆਂ ਲਈ ਇਥੇ ਸੁਖਾ​ਵਾਂ ਮਹੌਲ ਬਣ ਸਕੇ l ਸੁੱਖੀ ਬਾਠ ਨੇ ਦੱਸਿਆ ਕਿ ਸੰਮੇਲਨ ਦੌਰਾਨ ਹੋਰ ਵੀ ਦੇਸ਼ਾਂ ਤੋਂ ਬੁੱਧੀਜੀਵੀ, ਚਿੰਤਕ ਤੇ ਲੋਕ ਪੱਖੀ ਭਾਵਨਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਪੁੱਜ ਰਹੀਆਂ ਹਨ l ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਭਵਨ ਕੈਨੇਡਾ ‘ਚ ਪੰਜਾਬੀਆਂ ਦਾ ਅਜਿਹਾ ਮੰਚ ਹੈ, ਜਿਥੇ ਬੈਠ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਤੇ ਆਪਣੀ ਮਾਤ ਭੂਮੀ ਦੇ ਨਾਲ ਲੋਕ ਮੁੱਦਿਆਂ ‘ਤੇ ਵੀ ਚਰਚਾ ਅਤੇ ਇਨ੍ਹਾਂ ਦੇ ਹੱਲ ਬਾਰੇ ਇਕ ਰਾਇ ਵੀ ਲਾਮਬੰਦ ਕੀਤੀ ਜਾਂਦੀ ਹੈ l

 ਸ. ਬਾਠ ਨੇ ਕਿਹਾ ਕਿ 8 ਤੇ 9 ਅਕਤੂਬਰ ਨੂੰ ਹੋਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਹ ਪੰਜਾਬ ਫੇਰੀ ਦੌਰਾਨ ਵੀ ਸੰਮੇਲਨ ਦੀ ਸਫ਼ਲਤਾ ਲਈ ਲੋਕ ਰਾਇ ਲੈ ਕੇ ਆਏ ਹਨ l ਸ. ਬਾਠ ਨੇ ਇਸ ਸਮੇਂ ਪੰਜਾਬ ‘ਚ ਚੁਫੇਰੇ ਚਰਚਾ ‘ਚ ਬਣੇ ਵਿਦਿਆਰਥੀਆਂ ਦੇ ਪਰਵਾਸ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪਰਵਾਸ ਭਾਵੇਂ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਕੈਨੇਡਾ ਹਮੇਸ਼ਾ ਪੰਜਾਬੀਆਂ ਦੀ ਚਾਹਤ ਭੂਮੀ ਰਹੀ ਹੈ ਤੇ ਪੰਜਾਬੀ ਵਿਦਿਆਰਥੀਆਂ ਦਾ ਵੀ ਕੈਨੇਡਾ ਵੱਲ ਰੁਝਾਨ, ਇਸੇ ਰੁਝਾਨ ਦਾ ਹੀ ਹਿੱਸਾ ਹੈ ਤੇ ਇਹ ਵਿਦਿਆਰਥੀ ਵੀ ਆਪਣੇ ਰੌਸ਼ਨ ਭਵਿੱਖ ਤੇ ਰੁਜਗਾਰ ਲਈ ਵਿਦੇਸ਼ਾਂ ਵੱਲ ​ਰੁਖ ਕਰ ਰਹੇ ਹਨ l ਉਨ੍ਹਾਂ ਕਿਹਾ ਕਿ ਇਸ ਸਮੇਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੈਨੇਡਾ ਸਮੇਤ ਹੋਰ ਦੇਸ਼ਾਂ ‘ਚ ਜਿਥੇ ਸਾਡੇ ਵਿਦਿਆਰਥੀ ਆ ਰਹੇ ਹਨ ਜਾਂ ਆਉਣ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਵਿਦੇਸ਼ਾਂ ‘ਚ ਦਰਪੇਸ਼ ਚਣੌਤੀਆਂ ਦਾ ਅਸੀਂ ਕਿਸ ਤਰਾਂ ਹੱਲ ਕਰੀਏ l ਇਸ ਸਮੇਂ ਕੈਨੇਡਾ ‘ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਰੁਜਗਾਰ ਨਾ ਮਿਲਣਾ, ਰਹਾਇ​ਸ਼ ਦਾ ਪ੍ਰਬੰਧ ਨਾ ਹੋਣਾ ਜੇ ਹੋਣਾ ਤਾਂ ​ਭਾਰੀ ਕਿਰਾਏ ਨਾ ਭਰੇ ਜਾਣਾ, ਵਧਦੀ ਮਹਿੰਗਾਈ ਤੇ ਦੂਸਰੇ ਪਾਸੇ ਕਈ ਮਾੜੀ ਭਾਵਨਾ ਵਾਲੇ ਲੋਕਾਂ ਤੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਵਲੋਂ ਵਿਦਿਆਰਥੀਆਂ ਨਾਲ ਖਿਲਵਾੜ ਕਰਨਾ ਹੋਰ ਵੀ ਚਿੰਤਤ ਕਰਨ  ਵਾਲੇ ਮੁੱਦੇ ਹਨ, ਜਿਨ੍ਹਾਂ ਦੇ ਹੱਲ ਲਈ ਪੰਜਾਬੀਆਂ ਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਿੰਮੇਵਾਰੀ ਪਹਿਚਾਨਣੀ ਪਵੇਗੀ, ਜੋ ਸਮੇਂ ਦੀ ਅਹਿਮ ਲੋੜ ਹੈ l ਸ. ਬਾਠ ਨੇ ਦੱਸਿਆ ਕਿ ਪੰਜਾਬ ਭਵਨ ਵਲੋਂ ਇਕ ਅਜਿਹਾ ਛੋਟਾ ਕਿਤਾਬਚਾ ਵੀ ਛਪਵਾਇਆ ਗਿਆ, ਜੋ ਉਹ ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਦੌਰੇ ਦੌਰਾਨ ਵੰਡ ਕੇ ਆਏ ਹਨ , ਜੋ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਸੀ l ਸ. ਬਾਠ ਇਸ ਮੁੱਦੇ ‘ਤੇ ਸਮੇਂ ਦੀਆਂ ਸਰਕਾਰਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਗੰਭੀਰ ਹੋਣ ਦਾ ਸੱਦਾ ਦਿੱਤਾ l ਉਨ੍ਹਾਂ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਬੈਠੇ ਪੰਜਾਬੀ ਭਾਈਚਾਰੇ ਦੀਆਂ ਆਪਣੀ ਮਾਤ ਭੂਮੀ ਨਾਲ ਜੁੜੀਆਂ ਭਾਵਨਾਵਾਂ ਦਾ ਜਿਕਰ ਕਰਦਿਆਂ, ਪ੍ਰਵਾਸੀ ਪੰਜਾਬੀਆਂ ਵਲੋਂ ਆਪਣੀ ਮਾਤ ਭੂਮੀ ਦੇ ਸਰਵਪੱਖੀ ਵਿਕਾਸ ਲਈ ਨਿਭਾਈ ਜਾਂਦੀ ਭੂਮਿਕਾ ਦਾ ਜਿਕਰ ਕੀਤਾ l ਉਨ੍ਹਾਂ ਭਰੋਸਾ ਦਿੱਤਾ ਕਿ ਵਿਦੇਸ਼ਾਂ ‘ਚ ਬੈਠੇ ਪੰਜਾਬੀ ਆਪਣੇ ਭਾਈਚਾਰੇ ਦੇ ਹੱਕਾਂ ਤੇ ਹਿੱਤਾਂ ਅਤੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਯਤਨ ਜਾਰੀ ਰੱਖਣਗੇ l