Headlines

ਮੈਨੀਟੋਬਾ ਵਿਚ ਵਾਬ ਕਿਨਿਊ ਦੀ ਅਗਵਾਈ ਹੇਠ ਐਨ ਡੀ ਪੀ ਜੇਤੂ

ਪੰਜਾਬੀ ਮੂਲ ਦੇ ਦਿਲਜੀਤ ਬਰਾੜ ਤੇ ਮਿੰਟੂ ਸੰਧੂ ਮੁੜ ਜੇਤੂ-ਜੇਡੀ ਦੇਵਗਨ ਵੀ ਬਣੇ ਐਮ ਐਲ ਏ-

ਵਿੰਨੀਪੈਗ ( ਸ਼ਰਮਾ, ਸੱਗੀ)- ਮੈਨੀਟੋਬਾ ਵਿਚ ਬੀਤੀ ਰਾਤ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਐਨ ਡੀ ਪੀ ਨੇ ਵਾਬ ਕਿਨਿਊ ਦੀ ਅਗਵਾਈ ਹੇਠ ਪੂਰਨ ਬਹੁਮਤ ਲੈਂਦਿਆਂ ਅਗਲੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਮੈਨੀਟੋਬਾ ਦੀ 57 ਮੈਂਬਰੀ ਵਿਧਾਨ ਸਭਾ ਵਿਚ ਐਨ ਡੀ ਪੀ ਨੂੰ 34 ਸੀਟਾਂ ਅਤੇ ਪੀ ਸੀ ਪਾਰਟੀ ਨੂੰ 22 ਸੀਟਾਂ ਮਿਲੀਆਂ ਜਦੋਂਕਿ ਮੈਨੀਟੋਬਾ ਲਿਬਰਲ ਪਾਰਟੀ ਨੂੰ ਇਕ ਸੀਟ ਮਿਲੀ ਹੈ। ਟਿੰਡਲ ਪਾਰਕ ਤੋਂ ਲਿਬਰਲ ਐਮ ਐਲ ਏ ਸਿੰਡੀ ਲੈਮਰੂ ਮੁੜ ਜੇਤੂ ਰਹੀ ਹੈ। ਇਹਨਾਂ ਚੋਣਾਂ ਵਿਚ ਤਿੰਨ ਪੰਜਾਬੀ ਮੂਲ ਦੇ ਉਮੀਦਵਾਰ ਐਨ ਡੀ ਪੀ ਵਲੋਂ ਸਫਲ ਹੋਏ ਹਨ ਜਿਹਨਾਂ ਵਿਚ ਬੁਰੋਅ ਹਲਕੇ ਤੋਂ ਦਿਲਜੀਤ ਬਰਾੜ ਤੇ ਮੈਪਲ ਤੋਂ ਮਿੰਟੂ ਸੰਧੂ ਦੂਸਰੀ ਵਾਰ ਐਮ ਐਲ ਏ ਬਣੇ ਹਨ ਜਦੋਂਕਿ ਮੈਕਫਿਲਪ ਹਲਕੇ ਤੋਂ ਪਹਿਲੀ ਵਾਰ ਐਨ ਡੀ ਪੀ ਦੀ ਤਰਫੋਂ ਜੇ ਡੀ ਦੇਵਗਨ ਚੋਣ ਜਿੱਤੇ ਹਨ। ਪੀ ਸੀ ਪਾਰਟੀ ਦੀ ਤਰਫੋਂ  ਫੋਰਟ ਰਿਚਮੰਡ ਤੋਂ ਪਰਮਜੀਤ ਸ਼ਾਹੀ,  ਬਰੋਅਜ ਤੋਂ ਨਵਰਾਜ ਬਰਾੜ, ਮੈਪਲ ਤੋੰ  ਸੁਮਿਤ ਚਾਵਲਾ, ਸੇਂਟ ਬੋਨੀਫੇਸ ਤੋਂ ਕਿਰਤ ਹੇਅਰ ਚੋਣ ਹਾਰ ਗਏ ਹਨ।

ਮੈਨੀਟੋਬਾ ਚੋਣਾਂ ਦੌਰਾਨ ਕੁਲ 8 ਲੱਖ 71 175 ਰਜਿਸਟਰਡ ਵੋਟਾਂ ਚੋਂ 4 ਲੱਖ 74, 527 ਵੋਟਾਂ ਪਈਆਂ। ਕੁਲ ਵੋਟ ਪ੍ਰਤੀਸ਼ਤ 54 ਫੀਸਦੀ ਰਹੀ।

ਮੈਨੀਟੋਬਾ ਚੋਣਾਂ ਵਿਚ ਐਨ ਡੀ ਪੀ ਦੀ ਜਿੱਤ ਨਾਲ ਪਾਰਟੀ ਆਗੂ ਵਾਬ  ਕਿਨਿਊ ਫਸਟ ਨੇਸ਼ਨ ਨਾਲ ਸਬੰਧਿਤ ਸੂਬੇ ਦੇ ਦੂਸਰੇ ਪ੍ਰੀਮੀਅਰ ਹੋਣਗੇ। ਇਸਤੋਂ ਪਹਿਲਾ 1887 ਵਿਚ ਮੈਟੀ ਨੇਤਾ ਜੌਨ ਨੌਰਕਵੇ ਪ੍ਰੀਮੀਅਰ ਬਣੇ ਸਨ। ਇਹਨਾਂ ਚੋਣਾਂ ਵਿਚ ਐਨ ਡੀ ਪੀ ਨੇ ਸੱਤਾਧਾਰੀ ਪੀ ਸੀ ਪਾਰਟੀ ਦੀ ਆਗੂ ਸਟੀਫਸਨ ਦੇ ਖਿਲਾਫ ਮੁਹਿੰਮ ਚਲਾਉਂਦਿਆਂ ਸੂਬੇ ਵਿਚ ਸਿਹਤ ਸੇਵਾਵਾਂ ਦੀ ਬਹਾਲੀ, ਮਹਿੰਗਾਈ ਅਤੇ ਅਪਰਾਧਾਂ ਨਾਲ ਨਿਪਟਣ ਦਾ ਸੱਦਾ ਤੇ ਕਿਫਾਇਤੀ ਘਰਾਂ ਤੱਕ ਪਹੁੰਚ ਸਮੇਤ ਪੰਜ-ਨੁਕਾਤੀ ਪ੍ਰੋਗਰਾਮ ਦਾ ਪ੍ਰਚਾਰ ਕੀਤਾ ਸੀ।
2016 ਵਿੱਚ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਐਨ ਡੀ ਪੀ ਨੇ ਸਾਬਕਾ ਪ੍ਰੀਮੀਅਰ ਗੈਰੀ ਡੋਅਰ ਅਤੇ ਗ੍ਰੇਗ ਸੇਲਿੰਗਰ ਦੀ ਅਗਵਾਈ ਵਿੱਚ ਲਗਾਤਾਰ ਚਾਰ ਬਹੁਮਤ ਵਾਲੀਆਂ ਸਰਕਾਰਾਂ ਚਲਾਈਆਂ ਹਨ।

ਕਿਨਿਊ ਸੀ ਬੀ ਸੀ ਦੇ ਇਕ ਸਾਬਕਾ ਪੱਤਰਕਾਰ  ਹਨ, ਜਿਸਨੇ ਸਿਆਸਤ ਵਿਚ ਆਉਂਦਿਆਂ 2016 ਵਿੱਚ ਫੋਰਟ ਰੂਗ ਤੋਂ ਪਹਿਲੀ ਵਾਰ ਚੋਣ ਜਿੱਤੀ ਸੀ। ਅਗਲੇ ਸਾਲ, ਉਸਨੇ ਐਨ ਡੀ ਪੀ ਨੇਤਾ ਵਜੋਂ ਚੋਣ ਜਿੱਤੀ। ਚੋਣਾਂ ਵਿਚ ਐਨ ਡੀ ਪੀ ਦੀ ਸ਼ਾਨਦਾਰ ਜਿੱਤ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਨਿਊ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਵੱਡੀ ਜਿੱਤ ਹੈ। ਉਹਨਾਂ ਮੈਨੀਟੋਬਾ ਨੂੰ ਪਿਆਰੇ ਮੈਨੀਟੋਬਾ ਵਜੋਂ ਸੰਬੋਧਨ ਹੁੰਦਿਆਂ ਕਿਹਾ ਕਿ ਵੇਖੋ ਅੱਜ ਦੀ ਰਾਤ ਅਸੀਂ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਦੌਰਾਨ ਉਹਨਾਂ ਆਪਣੇ ਅਤੀਤ ਅਤੇ ਜਿੰਦਗੀ ਵਿਚ ਆਈ ਤਬਦੀਲੀ ਬਾਰੇ ਪ੍ਰੇਰਕ ਗੱਲਾਂ ਕੀਤੀਆਂ।

ਦੂਸਰੇ ਪਾਸੇ ਪੀ ਸੀ ਪਾਰਟੀ ਦੀ ਆਗੂ ਹੈਦਰ ਸਟੀਫਸਨ ਨੇ ਪਾਰਟੀ ਦੀ ਹਾਰ ਕਬੂਲ ਕਰਦਿਆਂ ਐਨ ਡੀ ਪੀ ਆਗੂ ਨੂੰ ਚੋਣਾਂ ਵਿਚ ਜਿੱਤਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਉਹ ਲੋਕਾਂ ਦੇ ਫਤਵੇ ਦਾ ਸਵਾਗਤ ਕਰਦੇ ਹਨ।