Headlines

429 ਸਾਲਾ ਵਰ ਦਿਵਸ ‘ਤੇ ਵਿਸੇਸ਼ -ਬਾਬਾ ਬੁੱਢਾ ਸਾਹਿਬ ਜੀ ਵਲੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੇ ਦਿੱਤੇ ਵਰ ਦਾ ਇਤਿਹਾਸ     

ਲੇਖਕ:-ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ-ਛੇਹਰਟਾ -9988066466-
88 ਸਾਲ ਦੀ ਉਮਰ ‘ਚ ਬਾਬਾ ਬੁੱਢਾ ਸਾਹਿਬ ਜੀ ਬੀੜ ਵਿਖੇ ਗੁਰੂ ਘਰ ਦੀ ਸੇਵਾ ਕਮਾਅ ਰਹੇ ਸਨ:–
ਬਾਬਾ ਬੁੱਢਾ ਸਾਹਿਬ ਜੀ ਨੇ 12 ਸਾਲ ਦੀ ਉਮਰ ਤੋਂ ਲੈ ਕੇ ਪਹਿਲੇ, ਦੂਸਰੇ, ਤੀਸਰੇ, ਚੌਥੇ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤਕ 5 ਗੁਰੂ ਸਾਹਿਬਾਨ ਨਾਲ ਸੇਵਾਵਾਂ ਕਰਦਿਆਂ ਸੰਮਤ 1651 ਅੱਸੂ 21-22 (1594 ਈ:) ਤੱਕ 76 ਸਾਲ ਪੂਰੇ ਕਰ ਲਏ ਸਨ । ਇਸ ਵੇਲੇ ਆਪ ਜੀ ਦੀ ਉਮਰ 88 ਸਾਲ ਦੀ ਹੋ ਚੁੱਕੀ ਸੀ ਅਤੇ ਆਪ ਜੀ ਇਸ ਉਮਰ ਵਿੱਚ ਵੀ ਗੁਰੂ ਸਾਹਿਬਾਨ ਜੀ ਵੱਲੋਂ ਅੰਮ੍ਰਿਤਸਰ ਤੋਂ ਲਗਭਗ 20-22 ਕਿਲੋਮੀਟਰ ਦੀ ਦੂਰੀ ‘ਤੇ ਜੰਗਲ ਨੁਮਾ ਬੀੜ੍ਹ ਵਿਚ ਤਪ ਕਰਨ ਤੋਂ ਇਲਾਵਾ ਗੁਰੂ ਕੇ ਲੰਗਰਾਂ ਲਈ ਖੇਤੀਬਾੜੀ ਕਰਦੇ ਸਨ । ਬਾਬਾ ਜੀ ਵਲੋਂ ਇਥੇ ਲਗਾਤਾਰ ਕਈ ਸਾਲ ਸੇਵਾਵਾਂ ਕਰਨ ਕਰਕੇ ਇਸ ਦਾ ਅਸਥਾਨ ਦਾ ਨਾਮ ‘ਬੀੜ੍ਹ ਬਾਬਾ ਬੁੱਢਾ ਸਾਹਿਬ’ ਪੈ ਗਿਆ ।
 ਬਾਬਾ ਜੀ ਨੇ ਮਾਤਾ ਗੰਗਾ ਜੀ ਨੂੰ ਸੂਰਬੀਰ ਪੁੱਤਰ ਹੋਣ ਦਾ ਵਰ ਦਿੱਤਾ :——
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਵਿਚ ਕਵੀ ਸੋਹਨ ਨੇ  ਮਾਤਾ ਗੰਗਾ ਜੀ, ਕਰਮੋਂ, ਪਿਰਥੀ ਚੰਦ, ਪੰਚਮ ਪਾਤਸ਼ਾਹ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਵਾਰਤਾਲਾਪ ਦਾ ਆਪਣੀ ਕਾਵਿ-ਰਚਨਾ ਵਿਚ ਬਹੁਤ ਵਧੀਆ ਜ਼ਿਕਰ ਕੀਤਾ ਹੈ   –ਇਕ ਦਿਨ ਪੰਚਮ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਗੁਰੂ ਘਰ ਦੇ ਕੀਮਤੀ ਦੁਸ਼ਾਲੇ ਅਤੇ ਆਪਣੇ ਬਸਤਰਾਂ ਨੂੰ ਧੁੱਪ ਵਿਚ ਸੁਕਾਅ ਰਹੀ ਤਾਂ ਆਪ ਜੀ ਦੀ ਜੇਠਾਣੀ ਕਰਮੋਂ ਐਸੀਆਂ ਦੁਰਲੱਭ ਵਸਤੂਆਂ ਨੂੰ ਵੇਖ ਕੇ ਸੜ੍ਹ ਬਲ ਗਈ । ਸ਼ਾਮ ਵੇਲੇ ਘਰ ਆਏ ਆਪਣੇ ਪਤੀ ਪਿਰਥੀ ਚੰਦ ਨੂੰ ਈਰਖਾ ਵੱਸ ਹੋ ਕੇ ਕਹਿਣ ਲੱਗੀ ਕਿ ਜੇ ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਹੁੰਦੀ ਤਾਂ ਆਪ ਗੁਰਗੱਦੀ ਦੇ ਮਾਲਕ ਹੁੰਦੇ ਅਤੇ ਇਹ ਸਭ ਕੁਝ ਸਾਡੇ ਕੋਲ ਹੋਣਾ ਸੀ ….. (“ਹੇ ਪਤੀ ਜੇ ਪਿਤ ਸੇਵ ਕਮਾਵਤਿ । ਤਉ ਗੁਰਿਆਈ ਤੁਮ ਘਰਿ ਆਵਤਿ । ਏਸੇ ਤੇਵਰ ਦਰਬ ਅਪਾਰਾ । ਮਮ ਗ੍ਰਹਿ ਆਵਤਿ ਚਿੰਤਨ ਧਾਰਾ”।)    ਪਿਰਥੀ ਚੰਦ ਨੇ ਕਰਮੋਂ ਦੀ ਭਾਵਨਾ ਨੂੰ ਵੇਖਦੇ ਹੋਏ ਧਰਵਾਸ ਦੇਂਦੇ ਹੋਏ ਆਪਣੀ ਭਰਜਾਈ ਮਾਤਾ ਗੰਗਾ ਜੀ ਅਤੇ ਛੋਟੇ ਭਰਾ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਬਹੁਤ ਮਾੜੇ ਕਬੋਲ ਬੋਲੇ ਕਿ ‘ਇੰਨ੍ਹਾ ਦੇ ਘਰ ਕੋਈ ਸੰਤਾਨ ਨਹੀ ਹੈ ਸੋ ਅਰਜਨ ਦੇ ਪਿਆਨਾ ਕਰਨ ਤੋਂ ਬਾਅਦ ਸਾਡਾ ਪੁੱਤਰ (ਮਿਹਰਬਾਨ) ਹੀ ਗੁਰਗੱਦੀ ਦਾ ਮਾਲਕ ਹੋਵੇਗਾ ਤਦ ਏਹ ਸਾਰੀਆਂ ਕੀਮਤੀ ਵਸਤੂਆਂ ਤੇਰੀਆਂ ਹੀ ਹੋ ਜਾਣੀਆਂ ਹਨ’…… (ਦੋਹਰਾ- “ਕਿਉਂ ਚਿੰਤਾ ਮਨ ਮੈ ਧਰੈ, ਸਭੀ ਬਸਤ ਹੈ ਤੋਰ । ਤਿਹ ਗ੍ਰਹਿ ਸੁਤ ਪ੍ਰਗਟਿਓ ਨਹੀ, ਸੁਤ ਪ੍ਰਗਟੇ ਗ੍ਰਹਿ ਮੋਰ । ਸੁਤ ਬਿਨ ਦਰਬ ਸੁ ਨਿਫਲ ਹੈ, ਅਰਜਨ ਗੁਰ ਪਹਿਚਾਂਨ । ਜਬ ਅਰਜਨ ਪਿਆਨਾ ਕਰੈ, ਸਭੈ ਵਸਤ ਨਿਜ ਮਾਨ”।) ….ਅਤੇ ਇਸ ਤੋਂ ਇਲਾਵਾ ਮਾਤਾ ਗੰਗਾ ਜੀ ਨੂੰ ਮੰਦੇ ਕਬੋਲ ਵੀ ਬੋਲੇ । ਕਰਮੋਂ ਅਤੇ ਪਿਰਥੀ ਚੰਦ ਦੀ ਇਹ ਸਾਰੀ ਵਾਰਤਾ ਮਾਤਾ ਗੰਗਾ ਜੀ ਦੀ ਨਿੱਜੀ ਸੇਵਾਦਾਰਨੀ ਨੇ ਸੁਣੇ ਸਨ ਜੋ ਛੇਤੀ ਨਾਲ ਮਾਤਾ ਗੰਗਾ ਜੀ ਨੂੰ ਆ ਕੇ ਸੁਣਾ ਦਿਤੇ । ਇਸਤਰੀ ਜਾਤੀ ਲਈ ਇਹ ਸਾਰੀਆਂ ਨਾ ਸੁਣੀਆਂ ਜਾਣ ਵਾਲ਼ੀਆਂ ਬੋਲੀਆਂ ਨੂੰ ਮਾਤਾ ਗੰਗਾ ਜੀ ਵੀ ਸਹਾਰ ਨਾ ਸਕੀ ਭਾਵ ਬੋਲੀ ਰੂਪੀ ਕਬੋਲਾਂ ਨੂੰ ਸੁਣ ਕੇ ਬਹੁਤ ਦੁੱਖੀ ਹੋਈ । ਮਾਤਾ ਗੰਗਾ ਜੀ ਨੇ ਆਪਣੇ ਪਤੀ ਪਰਮੇਸ਼ਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਕਿ “ਮੈਂਨੂੰ ਵੀ ਪੁੱਤਰ ਦੀ ਦਾਤ ਬਖਸੋ ਤਾਂ ਕੇ ਮੈਨੂੰ ਵੀ ਇਸ ਸੰਸਾਰ ਦੀਆਂ ਹੋਰ ਇਸਤਰੀਆਂ ਵਾਂਗ ਸੌਂਤਰੀ ਹੋਣ ਦਾ ਮਾਣ ਮਿਲੇ ਅਤੇ ਸਾਡਾ ਕੋਈ ਮਜ਼ਾਕ ਨਾ ਉਡਾਏ”।  ਪੰਚਮ ਗੁਰੂ ਜੀ ਨੇ ਆਪਣੀ ਸੁਪੱਤਨੀ ਗੰਗਾ ਜੀ ਦੇ ਦੁੱਖੀ ਹਿਰਦੇ ਦੀ ਵੇਦਨਾ ਨੂੰ ਸਮਝਦੇ ਹੋਏ ਬਚਨ ਕੀਤਾ ਕਿ ਆਪ ਜੀ ਪੁੱਤਰ ਦਾ ਅਸ਼ੀਰਵਾਦ ਲੈਣ ਲਈ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਉ ਜੋ ਝਬਾਲ ਪਰਗਨੇ ਦੀ ਸੁਰੱਖਿਅਤ ਬੀੜ੍ਹ ਵਿਚ ਤੱਪ ਕਰਨ ਤੋਂ ਇਲਾਵਾ ਵਾਹੀ ਖੇਤੀ ਆਦਿ ਦੀਆਂ ਸੇਵਾਵਾਂ ਕਮਾ ਰਹੇ ਹਨ —–(“ਅਤਿ ਕ੍ਰਿਪਾਲ ਸ੍ਰੀ ਗੁਰ ਭਏ ਸ੍ਰੀ ਮੁਖ ਕੀਨ ਪ੍ਰਕਾਸ । ਬੀੜ ਸੁ ਗੁਰ ਕੇ ਜਾਹੁ ਤੁਮ ਸਾਹਿਬ ਬੁੱਢੇ ਪਾਸ”।) …… (“ਜਿਹਠਾਂ ਮਾਤਾ ਜਾਵਨ ਕਹਿਓ । ਬੁੱਢਾ ਸਾਹਿਬ ਕਿਹਠਾਂ ਰਹਿਓ”।)  ਆਪਣੇ ਸੁਆਮੀ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਮੰਨਦੇ ਹੋਏ ਮਾਤਾ ਗੰਗਾ ਜੀ ਨੇ ਕਈ ਪ੍ਰਕਾਰ ਦੇ ਭੋਜਨ ਤੇ ਪਦਾਰਥ ਤਿਆਰ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਬੀੜ੍ਹ (ਪਿੰਡ ਠੱਠਾ, ਨੇੜੇ ਝਬਾਲ) ਜਾਣ ਦੀ ਤਿਆਰੀ ਕਰ ਲਈ ਜੋ ਗੁਰੂ ਜੀ ਦੀ ਰਿਹਾਇਸ਼ ‘ਗੁਰੂ ਕੇ ਮਹਿਲ’ ਅੰਮ੍ਰਿਤਸਰ ਤੋਂ ਲਗਭਗ 20-22 ਕਿਲੋਮੀਟਰ ਦੀ ਦੂਰੀ ‘ਤੇ ਸਥਿੱਤ ਸੀ । ਵਰ ਲੈਣ ਜਾਣ ਦੀ ਖੁਸ਼ੀ ਵਿੱਚ ਮਾਤਾ ਜੀ ਨੇ ਕਈ ਤਰ੍ਹਾਂ ਦੇ ਪਕਵਾਨ ਲੈਕੇ ਪੂਰੇ ਠਾਠ-ਬਾਠ ਨਾਲ ਰੱਥ ‘ਤੇ ਚੜ੍ਹ ਕੇ 21 ਅਸੂ 1594 ਈ: ਨੂੰ ਬੀੜ੍ਹ ਵੱਲ ਰਵਾਨਾ ਹੋਣਾ ਕੀਤਾ । ਉਸ ਸਮੇਂ ਬੀੜ੍ਹ ਨੂੰ ਜਾਣ ਵਾਲਾ ਪਹਿਆ (ਰਸਤਾ) ਕੱਚਾ ਹੋਇਆ ਕਰਦਾ ਸੀ । ਜਦੋਂ ਹੀ ਮਾਤਾ ਦਾ ਰੱਥ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਬੀੜ੍ਹ ਦੇ ਨੇੜੇ ਪਹੁੰਚਿਆ ਤਾਂ ਰੱਥ ਨਾਲ ਬੰਨ੍ਹੇ ਹੋਏ ਟੱਲ੍ਹ ਅਤੇ ਬਲਦਾਂ ਦੇ ਗਲ਼ ਵਿਚ ਪਾਏ ਘੂੰਗਰੂਆਂ ਦੀ ਆਵਾਜ਼ ਅਤੇ ਕੱਚੇ ਰਸਤੇ ਦੀ ਉੱਡ ਰਹੀ ਧੂੜ ਨੇ ਜੰਗਲ ਬੀਆਬਾਨ ਬੀੜ੍ਹ ਦਾ ਸ਼ਾਂਤ ਵਾਤਾਵਰਨ ਭੰਗ ਕਰ ਦਿੱਤਾ । ਦਰਖਤਾਂ ਤੇ ਬੈਠੇ ਪੰਛੀ ਤੇ ਬੀੜ੍ਹ ਵਿਚ ਰਹਿ ਰਹੇ ਜਾਨਵਰਾਂ ਆਦਿ ਨੇ ਵੀ ਆਪੋ ਆਪਣੀ ਬੋਲੀ ਵਿੱਚ ਉੱਚੀਆਂ ਆਵਾਜ਼ਾਂ ਨਾਲ ਸ਼ੋਰ ਪਾਉਣਾ ਸ਼ੁਰੂ ਕੀਤਾ ਕਿਉਂਕਿ ਅਜਿਹਾ ਖੜਾਕ ਉਨ੍ਹਾਂ ਨੇ ਪਹਿਲੀ ਵਾਰ ਸੁਣਿਆ ਸੀ । ਸ਼ੋਰ-ਸ਼ਰਾਬੇ ਵਾਲੇ ਮਾਹੌਲ ਨੂੰ ਮਹਿਸੂਸ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੇਵਕ ਨੂੰ ਪੁੱਛਣਾ ਕੀਤਾ ਕਿ ਰਾਮਦਾਸਪੁਰੇ (ਅੰਮ੍ਰਿਤਸਰ) ਵਾਲੇ ਪਾਸਿਉਂ ਕਾਹਦੀ ਧੂੜ੍ਹ ਉਡਦੀ ਆ ਰਹੀ ਹੈ ? —(“ਘੂੰਘਰੂਆਂ ਰਥ ਸਬਦ ਸੁਨਾਏ । ਬੁੱਢਾ ਸਾਹਿਬ ਏਸ ਅਲਾਏ । ਰਾਮਦਾਸ ਪੁਰੇ ਭਾਜੜ ਕਿਨ ਪਾਈ । ਸਭੈ ਲੋਕ ਕਿਹ ਓਰ ਸਿਧਾਈ”।)  ਬਾਬਾ ਜੀ ਦੇ ਕੋਲ ਖਲੋਤੇ ਹੋਏ ਸੇਵਕ ਨੇ ਸੁਆਲ ਦਾ ਜੁਆਬ ਦੇਂਦੇ ਹੋਏ ਕਿਹਾ ਕਿ ‘ਬਾਬਾ ਜੀ ਅੰਮ੍ਰਿਤਸਰ ਤੋਂ ਗੁਰੂ ਕੇ ਮਹਿਲ ਆ ਰਹੇ ਹਨ’ । ਤਦ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹੋਂ ਸੁਤੇ ਸਿੱਧ ਹੀ ਬਚਨ ਨਿਕਲ ਗਿਆ ਕਿ “ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ ਹਨ ਜੋ ਰਾਮਦਾਸ ਪੁਰਾ ਸ਼ਹਿਰ ਛੱਡ ਕੇ ਜੰਗਲਾਂ ਵਿੱਚ ਆ ਰਹੇ ਹਨ”। ਜਦ ਬਾਬਾ ਜੀ ਨੇ ਸੁਭਾਵਕ ਐਸੇ ਬੋਲ ਬੋਲੇ ਤਾਂ ਅਗੋਂ ਸਿੱਖ ਨੇ ਬਾਬਾ ਜੀ ਨੂੰ ਕਿਹਾ ਕਿ ਆਪ ਜੀ ਨੂੰ ਗੁਰੂ ਕਿਆਂ ਮਹਿਲਾਂ ਵਾਸਤੇ ਇਹੋ ਜਿਹੇ ਬਚਨ ਨਹੀਂ ਕਰਨੇ ਚਾਹੀਦੇ । ਤਦ ਬਾਬਾ ਜੀ ਉਸ ਸਿੱਖ ਨੂੰ ਗੁੱਸੇ ਵਿਚ ਬੋਲੇ —(“ਅਸੀਂ ਜਾਣੀਏਂ ਗੁਰੂ ਕੇ ਜਾਣੀਏਂ, ਤੂੰ ਕਿਉਂ ਵਿਚ ਸੂਰ ਵਾਂਗ ਘੁਰਕਦਾਂ ਏਂ”।) ਸੋ ਇਹ ਸਿੱਖ ਵੀ ਬਾਬਾ ਜੀ ਦੇ ਕੌੜੇ ਬੋੋਲ ਸੁੁਣ ਕੇ ਦੂਰ ਜਾ ਬੈਠਾ ‌।
 —ਮਾਤਾ ਗੰਗਾ ਜੀ ਨੇ ਬਾਬਾ ਜੀ ਨੂੰ ਭੋਜਨ ਰੂਪੀ ਪਦਾਰਥ ਭੇਟ ਕਰਕੇ ਨਮਸ਼ਕਾਰ ਕਰਦੇ ਹੋਏ ਪੁੱਤਰ ਦੀ ਦਾਤ ਲਈ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬਚਨ ਕੀਤੇ ਕਿ “ਪੁੱਤਰ ਦੀ ਦਾਤ ਅਸੀਂ ਨਹੀਂ ਪੰਚਮ ਪਾਤਸ਼ਾਹ ਜੀ ਹੀ ਦੇ ਸਕਦੇ ਹਨ, ਅਸੀਂ ਤਾਂ ਗੁਰੂ ਘਰ ਦੇ ਘਾਹੀ ਸੇਵਕ ਹਾਂ”। -ਗੁਰੂ ਕੇ ਮਹਿਲ ਪਹੁੰਚ ਮਾਤਾ ਜੀ ਨੇ ਜਦ ਗੁਰੂ ਜੀ ਨੂੰ ਸਾਰੀ ਵਾਰਤਾ ਬਿਆਨ ਕੀਤੀ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਆਪ ਜੀ ਨੂੰ ਨਿਮਰਤਾ ਵਿਚ ਜਾਣਾ ਚਾਹੀਦਾ ਸੀ । ਦਿਆਲੂ ਅਤੇ ਕ੍ਰਿਪਾ ਦੇ ਸਾਗਰ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਜੁਗਤ ਸਮਝਾਉਂਦੇ ਹੋਏ ਬਚਨ ਕੀਤਾ ਕਿ ‘ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਿਆਂ ਬਾਬਾ ਜੀ ਲਈ ਆਪਣੇ ਹੱਥੀਂ ਕਣਕ ਅਤੇ ਛੋਲਿਆਂ ਦਾ ਆਟਾ ਪੀਹ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰੋ ਅਤੇ ਨਾਲ ਹੀ ਹੱਥੀਂ ਦੁੱਧ ਰਿੜਕ ਕੇ ਲੱਸੀ ਦਾ ਮਟਕਾ ਭਰਕੇ, ਮੱਖਣ ਤੇ ਗੰਢੇ ਨਾਲ ਲੈ ਕੇ ਨੰਗੇ ਪੈਰੀਂ ਇਕ ਟਹਿਲਣ ਨੂੰ ਸਾਥ ਲੈ ਕੇ ਬਾਣੀ ਪੜ੍ਹਦੇ ਹੋਏ ਬੀੜ ਵਿਖੇ ਬਾਬਾ ਜੀ ਕੋਲ ਜਾ ਕੇ ਨਿਮਰਤਾ ਨਾਲ ਪ੍ਰਸ਼ਾਦੇ ਛਕਾਅ ਕੇ ਅਰਦਾਸ ਇਕ ਵਾਰ ਫਿਰ ਬੇਨਤੀ ਕਰੋ’ । ਮਾਤਾ ਜੀ ਨੇ ਗੁਰੂ ਜੀ ਵਲੋਂ ਦੱਸੀ ਜੁਗਤ ਅਨੁਸਾਰ ਅਗਲੇ ਦਿਨ 22 ਅਸੂ 1594 ਈ: ਨੂੰ ਲੰਗਰ ਤਿਆਰ ਕਰਕੇ ਨੰਗੇ ਪੈਰੀਂ 20-22 ਕਿਲੋਮੀਟਰ ਤੁਰ ਕੇ ਬੀੜ ਵਿਖੇ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚਣਾ ਕੀਤਾ ।  — ਬਾਬਾ ਜੀ ਨੇ ਮਾਤਾ ਗੰਗਾ ਜੀ ਵਲੋ ਲਿਆਂਦੇ ਮਿੱਸ਼ੇ ਪ੍ਰਸ਼ਾਦੇ ਛਕਣ ਵੇਲੇ ਇਕ ਗੰਢੇ ਨੂੰ ਆਪਣੇ ਹੱਥਾਂ ਨਾਲ ਭੱਨਦੇ ਹੋਏ ਬਚਨ ਕੀਤਾ ਕਿ “ਮਾਤਾ ਜੀ ਆਪ ਜੀ  ਦੇ ਗ੍ਰਹਿ ਵਿਖੇ ਬਹੁਤ ਹੀ ਬਲਵਾਨ ਪੁੱਤਰ ਪ੍ਰਗਟ ਹੋਵੇਗਾ ਜੋ ਦੁਨੀਆ ‘ਤੇ  ਜੁਲਮ ਕਰਨ ਵਾਲਿਆਂ ਦਾ ਨਾਸ਼ ਕਰੇਗਾ”। ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਗ੍ਰੰਥ ਵਿਚ ਕਵੀ ਸੋਹਨ ਨੇ ਲਿਖਿਆ ਹੈ  —— “ਤੁਮਰੇ ਗ੍ਰਹਿ  ਪ੍ਰਗਟੇਗਾ ਜੋਧਾ । ਜਾ ਕੋ ਬਲ ਗੁਣ ਕਿਨੂੰ ਨ ਸੋਧਾ”। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ  ਗੰਗਾ ਜੀ ਦੇ ਘਰ ਪੈਦਾ ਹੋਣ ਵਾਲੇ ਪੁੱਤਰ ਸੰਬੰਧੀ ਕਈ ਹੋਰ ਭਵਿੱਖ ਬਾਣੀਆਂ ਕੀਤੀਆਂ। ਬਾਬਾ ਜੀ ਵਲੋਂ ਅਸ਼ੀਰਵਾਦ (ਵਰ) ਲੈ ਕੇ ਮਾਤਾ ਗੰਗਾ ਜੀ ਨੰਗੇ ਪੈਰੀਂ ਵਾਪਸ ਅੰਮ੍ਰਿਤਸਰ ਗੁਰੂ ਕੇ ਮਹਿਲ ਆ ਗਏ । ਸ਼ਾਮ  ਨੂੰ ਪੰਚਮ ਪਾਤਸ਼ਾਹ ਜੀ ਜਦੋਂ ਘਰ ਆਏ ਤਾਂ ਮਾਤਾ ਜੀ ਨੇ ਖੁਸ਼ੀ ਤੇ ਚਾਅ ਨਾਲ ਬਾਬਾ ਬੁੱਢਾ ਸਾਹਿਬ ਜੀ ਵਲੋਂ ਪੁੱਤਰ ਦੇ ਦਿੱਤੇ ਅਸ਼ੀਰਵਾਦ ਦੀ ਸਾਰੀ ਵਾਰਤਾ ਆਖ  ਸੁਣਾਈ । ਬਾਬਾ ਬੁੱਢਾ ਸਾਹਿਬ ਜੀ ਵਲੋਂ ਮਿਲੇ ਵਰਦਾਨ ਸਦਕਾ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਸੰਮਤ 1652 ਹਾੜ  21 ਮੁਤਾਬਕ 1595 ਈਸਵੀ ਨੂੰ ਗੁਰੂ ਕੀ ਵਡਾਲੀ (ਜਿਲ੍ਹਾ ਅੰਮ੍ਰਿਤਸਰ) ਵਿਖੇ ਭਾਈ ਭਾਗੂ ਦੇ ਵਾੜੇ ਰੂਪੀ ਘਰ ਵਿਚ ਅੱਧੀ ਰਾਤ ਨੂੰ 12 ਵੱਜਕੇ 20 ਮਿੰਟ ‘ਤੇ ਸੋਹਣੇ ਮੁਖੜੇ ਵਾਲੇ ਬਾਲਕ ਦਾ ਪ੍ਰਕਾਸ਼ ਹੋਇਆ ਸੀ ।—- “ਸੰਮਤ ਸੋਲਹਿ ਸਹਸ ਬਵੰਜਾ । ਹਾੜ ਇਕੀ ਨਿਸ ਆਧੀ ਮੰਝਾ”। —ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਘਰ ਬਾਲਕ ਦਾ ਪ੍ਰਕਾਸ਼  ਹੋਣ ‘ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਸਤਿਕਾਰ ਨਾਲ ਲਿਆਂਦਾ ਅਤੇ ਜਦ ਬਾਲਕ ਨੂੰ ਉਨ੍ਹਾਂ ਦੀ ਝੋਲੀ ਪਾਇਆ ਤਾਂ ਬਾਬਾ ਜੀ ਵਲੋਂ ਬਾਲਕ ਦਾ ਨਾਮ “ਹਰਿਗੋਬਿੰਦ” ਰੱਖਿਆ ਗਿਆ । ਗੁ: ਬੀੜ ਬਾਬਾ ਬੁੱਢਾ ਸਾਹਿਬ ਵਿਖੇ ਹਰ ਹਾਲ 21-22 ਅਸੂ ਨੂੰ ‘ਵਰ ਦਿਵਸ’ ਦਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ।