Headlines

ਡਿਪਲੋਮੈਟਾਂ ਨੂੰ ਕੱਢਣ ਦੀ ਕਾਰਵਾਈ ਟਾਲਣ ਲਈ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਕੈਨੇਡਾ-ਟਰੂਡੋ

—ਭਾਰਤ ਨੇ 62 ਵਿਚੋਂ 41 ਕੂਟਨੀਤਕ 10 ਅਕਤੂਬਰ ਤੱਕ ਵਾਪਸ ਬੁਲਾਉਣ ਲਈ ਕਿਹਾ
ਓਟਵਾ ( ਦੇ ਪ੍ਰ ਬਿ)–ਕੈਨੇਡਾ 41 ਕੈਨੇਡੀਅਨ ਕੂਟਨੀਤਕਾਂ ਨੂੰ ਕੱਢੇ ਜਾਣ ਦੀ ਕਾਰਵਾਈ ਨੂੰ ਟਾਲਣ ਲਈ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਇਸ ਤਾਜ਼ਾ ਆਦੇਸ਼ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਦਰਜਨਾਂ ਕੈਨੇਡੀਅਨ ਕੂਟਨੀਤਕ ਵਾਪਸ ਬੁਲਾ ਲਏ ਜਾਣ| ਇਹ ਹੁਕਮ ਦੋਵਾਂ ਦੇਸ਼ਾਂ ਵਿਚਕਾਰ ਚਲ ਰਹੇ ਤਣਾਅ ਨੂੰ ਹੋਰ ਵਧਾ ਰਿਹਾ ਹੈ| ਟਰੂਡੋ ਵਲੋਂ ਪਿਛਲੇ ਮਹੀਨੇ ਇਹ ਦੋਸ਼ ਲਗਾਉਣ ਕਿ ਭਾਰਤ ਨੇ ਬ੍ਰਿਟਿਸ਼ ਕੋਲੰਬੀਆ ਵਿਚ ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭੂਮਿਕਾ ਅਦਾ ਕੀਤੀ ਹੈ ਪਿੱਛੋਂ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ| ਫਾਈਨੈਂਸ਼ਲ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਭਾਰਤ ਨੇ ਕੈਨੇਡਾ ਦੇ 62 ਕੂਟਨੀਤਕਾਂ ਵਿਚੋਂ 41 ਨੂੰ ਦੇਸ਼ ਛੱਡਣ ਲਈ ਕਿਹਾ ਹੈ| ਨਾ ਹੀ ਟਰੂਡੋ ਜਿਹੜੇ ਕੈਬਨਿਟ ਮੀਟਿੰਗ ਲਈ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਨਾ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਭਾਰਤ ਦੀ ਮੰਗ ’ਤੇ ਵਿਸ਼ੇਸ਼ ਰੂਪ ਵਿਚ ਗੱਲ ਕੀਤੀ ਜਾਂ ਕੱਢੇ ਜਾਣ ਵਾਲੇ ਕੂਟਨੀਤਕ ਦੀ ਗਿਣਤੀ ਦੀ ਪੁਸ਼ਟੀ ਕੀਤੀ| ਦੋਵਾਂ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਜ਼ੁਬਾਨੀ ਤੇ ਰਾਜਨੀਤਕ ਲੜਾਈ ਦੇ ਹੋਰ ਭੜਕਣ ਤੋਂ ਬਚਣਾ ਚਾਹੁੰਦੇ ਹਨ| ਟਰੂਡੋ ਨੇ ਕਿਹਾ ਕਿ ਜਿਵੇਂ ਉਨ੍ਹਾਂ ਨੇ ਕਿਹਾ ਕਿ ਅਸੀਂ ਲੜਾਈ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸੀਂ ਭਾਰਤ ਨਾਲ ਉਸਾਰੂ ਸਬੰਧ ਬਣਾਈ ਰੱਖਣ ਲਈ ਕੰਮ ਕਰ ਰਹੇ ਹਾਂ|