Headlines

ਗੁਰਦਾਸ ਮਾਨ ਦੇ ਕੈਨੇਡਾ ਸ਼ੋਅ ਮੁਲਤਵੀ-ਕੋਈ ਲੁਕਵਾਂ ਏਜੰਡਾ ਤਾਂ ਨਹੀਂ ?

ਡਾ. ਗੁਰਵਿੰਦਰ ਸਿੰਘ-
ਕੈਨੇਡਾ ਵਿੱਚ ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਲਗਾਤਾਰ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਇਸ ਵਾਰ ਫੇਰ ਧੱਕੇ ਨਾਲ ਗੁਰਦਾਸ ਮਾਨ ਦੇ ਸ਼ੋਅ ਕਰਵਾਉਣ ਦੀ ਜ਼ਿੱਦ ਹੋ ਰਹੀ ਸੀ। ਤਾਜ਼ਾ ਖਬਰ ਇਹ ਹੈ ਕਿ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋਣ ਵਾਲੇ ਸ਼ੋਅ ਮੁਲਤਵੀ ਹੋ ਗਏ ਹਨ। ਇਸ ਵਿੱਚ ਜਿੱਥੇ ਸਮੂਹ ਪੰਜਾਬੀਆਂ ਤੇ ਕੈਨੇਡਾ ਵੱਸਦੇ ਪੰਜਾਬੀਆਂ ਦੀ ਵਿਸ਼ੇਸ਼ ਭੂਮਿਕਾ ਹੈ, ਉੱਥੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਦਾ ਵੀ ਖਾਸ ਯੋਗਦਾਨ ਰਿਹਾ ਹੈ, ਜਿੰਨਾਂ ਉਸਨੂੰ ‘ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ’ ਦੇਣ ਤੋਂ ਵੀ ਜਵਾਬ ਦੇ ਦਿੱਤਾ ਸੀ। ਹੁਣ ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ ‘ਤੇ ਮਾਂ ਬੋਲੀ ਪੰਜਾਬੀ ਦੀ ਵਾਰਿਸ ਸੰਸਥਾ ਤੋਂ ਇਲਾਵਾ, ਪਾਕਿਸਤਾਨੀ ਪੰਜਾਬ ਨਾਲ ਸਬੰਧਤ ਜਨਾਬ ਇਲਿਆਸ ਘੁੰਮਣ, ਨਜ਼ੀਰ ਕਹੂਟ, ਮੀਆਂ ਆਸਿਫ ਅਲੀ, ਮਸੂਦ ਖਾਲਿਦ, ਯੂਸਫ ਪੰਜਾਬੀ, ਸ਼ਫੀਕ ਭੱਟ, ਅਬਦੁਲ ਰਹਿਮਾਨ, ਅਰਸ਼ਦ ਅਲੀ ਜੱਟ ਆਸਿਫ ਰਾਜ, ਸ਼ਬੀਰ ਜੀ, ਸਦੀਕ ਭੱਟੀ, ਨਜ਼ੀਰ ਸੁਲਤਾਨੀ,’ ਲੋਕ ਸਾਂਝ ਪਾਕ ਪਟਨ’, ‘ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ’, ਆਸਿਫ਼ ਰਜ਼ਾ ‘ਮਾਂ ਬੋਲੀ ਰਿਸਰਚ ਸੈਂਟਰ’, ਸੁਫ਼ੀਕ ਬੱਟ ਲੋਕ ਸੁਜੱਗ’ ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, ‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਪੰਜਾਬ, ‘ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ’ ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ, ਪੰਜਾਬੀ ਅਦਬੀ ਸੰਗਤ, ਲਾਹੌਰ, ਲੋਕ ਸਾਂਝ, ਪੰਜਾਬੀ ਮਹਾਜ, ਲੋਕ ਫਨਕਾਰ ਸੱਥ, ਜੱਟ ਫੈਡਰੇਸ਼ਨ ਬਹਾਵਲਪੁਰ, ਪੰਜਾਬੀ ਸੱਥ ਨੇ ਸਾਂਝੇ ਰੂਪ ਵਿੱਚ ਇਸ ਕਦਮ ਨੂੰ ‘ਪੰਜਾਬੀ ਮਾਂ ਬੋਲੀ ਦੀ ਫ਼ਤਿਹ’ ਕਰਾਰ ਦਿੱਤਾ ਹੈ।
 ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ ਦੇ ਪਿੱਛੇ ਕਈ ਲੁਕਵੇਂ ਪਹਿਲੂ ਵੀ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਵਿਗੜੇ ਹਨ, ਜਿਸ ਦਾ ਕਾਰਨ ਇਹ ਹੈ ਕਿ ਕੈਨੇਡਾ ਨੇ ਭਾਰਤ ਨੂੰ, ਕੈਨੇਡਾ ਦੀ ਧਰਤੀ ‘ਤੇ ਉਸਦੇ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਲਈ ਅੰਤਰ-ਰਾਸ਼ਟਰੀ ਕਟਹਿਰੇ ਵਿੱਚ ਖੜਾ ਕੀਤਾ ਹੈ। ਬੁਖਲਾ ਕੇ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ  ਨੂੰ ਵਿਜ਼ਟਰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਬਹੁਤ ਸਾਰੇ ਡਿਪਲੋਮੇਟ ਭਾਰਤ ਵਿੱਚੋਂ ਕੱਢਣ ਵਾਸਤੇ ਜ਼ੋਰ ਪਾਇਆ ਹੈ ਤੇ ਕੈਨੇਡਾ ਨੇ ਉਹ ਕੱਢ ਵੀ ਲਏ ਹਨ। ਭਾਰਤ ਸਰਕਾਰ ਨੇ ਹੋਰ ਕਈ ਤਰ੍ਹਾਂ ਦੀਆਂ ਸਖਤਾਈਆਂ ਵੀ ਵਰਤੀਆਂ ਹਨ।
ਚਰਚਾ ਹੈ ਕਿ ਗੁਰਦਾਸ ਮਾਨ ਦਾ ਸ਼ੋਅ ਮੁਲਤਵੀ ਕਰਨ ਦੀ ਚਾਲ ਵੀ ਭਾਰਤ ਸਰਕਾਰ ਦੇ ਇਸ਼ਾਰੇ ‘ਤੇ ਹੀ ਹੋਈ ਜਾਪਦੀ ਹੈ, ਤਾਂ ਕਿ ਕੈਨੇਡਾ ਦੇ ਖਿਲਾਫ, ਕੈਨੇਡਾ ਵੱਸਦੇ ਭਾਰਤੀ ਹਮਾਇਤੀਆਂ ਅੰਦਰ ਇਸ ਗੱਲ ਦਾ ਗੁੱਸਾ ਪੈਦਾ ਕੀਤਾ ਜਾਏ ਅਤੇ ਕੈਨੇਡਾ ਦੁਆਰਾ ਉਠਾਏ ਗਏ ਗੰਭੀਰ ਮੁੱਦਿਆਂ ਖਿਲਾਫ ਭਾਰਤ ਵੱਲੋਂ ਆਪਣਾ ਦਬਾਓ ਕੈਨੇਡਾ ‘ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ। ਨਹੀਂ ਤਾਂ ਕੀ ਕਾਰਨ ਸੀ ਕਿ ਗੁਰਦਾਸ ਮਾਨ ਤੇ ਉਸਦੇ ਸਾਜਿੰਦਿਆਂ ਕੋਲ ਕੈਨੇਡਾ ਦੇ ਵੀਜ਼ੇ ਵੀ ਸਨ, ਸਭ ਕੁਝ ਤਿਆਰੀ ਸੀ, ਪਰ ਫਿਰ ਵੀ ਇਹ ਸ਼ੋਅ ਮੁਲਤਵੀ ਕਿਉਂ ਕਰ ਦਿੱਤੇ ਗਏ? ਸਪੱਸ਼ਟ ਹੈ ਕਿ ਸ਼ੋਅ ਮੁਲਤਵੀ ਕਰਨ ਦਾ ਮਕਸਦ ਕੈਨੇਡਾ ਵਿੱਚ ਭਾਰਤ ਪੱਖੀ ਲੌਬੀ ਨੂੰ ਮਜ਼ਬੂਤੀ ਦੇਣਾ ਹੈ। ਇਸ ਸਟੇਟ ਪੱਖੀ ਬਿਰਤਾਂਤ ਵਿੱਚ ਗੁਰਦਾਸ ਮਾਨ ਦਾ ਅੰਨਾ ਰਾਸ਼ਟਰਵਾਦ ਅਤੇ ਕੈਨੇਡਾ ਵਿਰੁੱਧ ਬਦਨੀਤੀ ਦਾ ਮੋਹਰਾ ਬਣਨਾ ਨਜ਼ਰ ਆਉਂਦਾ ਹੈ।
ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ਇੱਕ ਦੇਸ਼ ਇੱਕ ਬੋਲੀ ਦੀ ਤਰਜ਼ ‘ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਸੀ। ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਵੀ ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ ‘ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ।
ਭਾਰਤ ਅੰਦਰ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਹੈ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ ‘ਹਾਂ ਵਿੱਚ ਹਾਂ’ ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ ‘ਹੁੰਗਾਰਾ’ ਭਰਿਆ ਜਾਣਾ, ਨਿਖੇਧੀਜਨਕ ਸੀ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁੱਖ ਇਸ ਗੱਲ ਦਾ ਹੈ ਕਿ ਮਾਨ ਨੇ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ-ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ।
ਵੱਡਾ ਸਵਾਲ ਇਹ ਹੈ ਕਿ ਗੁਰਦਾਸ ਮਾਨ ਕਿਹੋ ਜਿਹਾ ਸੇਵਾਦਾਰ ਹੈ ਮਾਂ ਪੰਜਾਬੀ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ-ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ ਹੈ, ਹੋਰ ਕੋਈ ਨਹੀਂ। ‘ਮਾਂ ਨੂੰ ਨਕਾਰ ਕੇ ਮਾਸੀ ਨੂੰ ਪ੍ਰਚਾਰਨ’ ਦੀ ਸਾਜ਼ਿਸ਼ ਕਾਰਨ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਚਾਰ ਕੁ ਸਾਲ ਪਹਿਲਾਂ ਐਬਟਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ, ਨਾ ਕਿ ਕੋਈ ਧਮਕੀ ਜਾਂ ਡਰਾਵਾ ਦਿੱਤਾ। ਕਿਸੇ ਨੇ ਗੁਰਦਾਸ ਮਾਨ ਨੂੰ ਮੰਦੇ ਬੋਲ ਨਹੀ ਬੋਲੇ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਤੇ ਨਾਵਲਕਾਰ ਚਰਨਜੀਤ ਸਿੰਘ ਸੁੱਜੋ ਵੱਲੋਂ ਹਾਲ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਪਣੇ ਵਿਰੋਧ ਤੋਂ ਬੌਖ਼ਲਾਏ ਹੋਏ ਗੁਰਦਾਸ ਮਾਨ ਨੇ ਅਜਿਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜੋ ਧੀਆਂ-ਭੈਣਾਂ ਦੀ ਹਾਜ਼ਰੀ ਵਿਚ ਸੁਣੀ ਨਹੀ ਸੀ ਜਾ ਸਕਦੀ।
ਗੁਰਦਾਸ ਮਾਨ ਦਾ ਇੱਕ ਬੋਲੀ-ਇੱਕ ਦੇਸ਼ ਫਾਸ਼ੀਵਾਦੀ ਏਜੰਡਾ ਜਿਥੇ ਪੰਜਾਬੀ ਮਾਂ ਬੋਲੀ ਦੀਆਂ ਮੁੱਢ ਬਹਿ ਕੇ ‘ਜੜ੍ਹਾਂ ਟੁੱਕਣ’ ਦੇ ਬਰਾਬਰ ਸੀ, ਉਥੇ ਮਾਂ ਬੋਲੀ ਪੰਜਾਬੀ ਰਾਹੀਂ ਘਟੀਆ ਸ਼ਬਦਾਵਲੀ ਵਰਤਣਾ ਹੰਕਾਰੀ ਅਤੇ ਕਰੋਧੀ ਸੁਭਾਅ ਦਾ ਪ੍ਰਗਟਾਵਾ  ਸੀ। ਗੁਰਦਾਸ ਮਾਨ ਦੇ ‘ਕਿਸਾਨ ਮੋਰਚੇ’ ਮੌਕੇ ਵਿਰੋਧ ਸਮੇਂ ਵੀ ਇਹ ਸੱਚ ਸਾਹਮਣੇ ਆ ਚੁੱਕਾ ਸੀ ਕਿ ਉਹ ਸਟੇਟ ਦੇ ਹੱਥਾਂ ਵਿੱਚ ਕਿਵੇਂ ਖੇਡ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਸੀ।
ਤਾਜ਼ਾ ਘਟਨਾਕਰਮ ਵਿੱਚ ਵੀ ਜਿੱਥੇ ਉਹ ਧੱਕੇ ਨਾਲ ਆਪਣੇ ਸ਼ੋਅ ਕਰਕੇ ਸਟੇਟ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਹੁਣ ਸ਼ੋਅ ਮੁਲਤਵੀ ਕਰਕੇ ਵੀ, ਉਸੇ ਸਟੇਟ ਦੀ ਕੈਨੇਡਾ ਵਿਰੋਧੀ ਪਹੁੰਚ ਦਾ ਬਿਰਤਾਂਤ ਸਿਰਜ ਰਿਹਾ ਹੈ। ਗੁਰਦਾਸ ਮਾਨ ਦੇ ਸਾਜਸ਼ੀ ਰੂਪ ਵਿੱਚ ਇਹ ਸ਼ੋਅ ਮੁਲਤਵੀ ਕਰਨ ਦੀ ਮੁਕੰਮਲ ਸੱਚਾਈ ਜਲਦੀ ਹੀ ਸਾਹਮਣੇ ਆਏਗੀ ।
 ਸ਼ੋਅ ਮੁਲਤਵੀ ਕਰਕੇ ਬੇਸ਼ੱਕ ਕੈਨੇਡਾ ਵਾਸਤੇ ਪੰਜਾਬੀਆਂ ਅਤੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਲਈ ਰਾਹਤ ਮਹਿਸੂਸ ਹੋਈ ਹੈ ਕਿ ਬੇਸ਼ੱਕ ਕੁਝ ਵੀ ਕਾਰਨ ਕਿਉਂ ਨਾ ਹੋਵੇ, ਕੈਨੇਡਾ ਵਿੱਚ ਗੁਰਦਾਸ ਮਾਨ ਦੇ ਅਜਿਹੇ ਵਿਵਾਦਤ ਸ਼ੋਅ ਨਹੀਂ ਹੋ ਰਹੇ। ਪਰ ਤਾਂ ਵੀ ਗੁਰਦਾਸ ਮਾਨ ਦੇ ਪੰਜਾਬੀ ਵਿਰੋਧੀ ਬਿਰਤਾਂਤ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਵਿਰੁੱਧ ਭੁਗਤਣ ਵਾਲੇ, ਸ਼ੋਅ ਦੇ ਪ੍ਰਮੋਟਰਾਂ ਵਲੋਂ ਜੇਕਰ ਕਦੇ ਵੀ ਭਵਿੱਖ ਵਿੱਚ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਏਗਾ, ਤਾਂ ਇਹਨਾਂ ਵਿਰੁੱਧ ਜ਼ੋਰਦਾਰ ਵਿਰੋਧ ਹੋਰ ਵੀ ਤਿੱਖਾ ਹੋ ਕੇ ਸਾਹਮਣੇ ਆਏਗਾ।
ਕੈਨੇਡਾ ਦੇ ਸਰੀ ਸ਼ਹਿਰ ਵਿੱਚ, ਸ਼ਨਿਚਰਵਾਰ 7 ਅਕਤੂਬਰ ਨੂੰ ਸ਼ਾਮੀ, ”ਪੰਜਾਬੀ ਮਾਂ ਬੋਲੀ ਦੇ ਵਾਰਿਸ ਸੰਸਥਾ” ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਬਾਰੇ ਵਿਚਾਰ ਕੀਤੀ ਗਈ। ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਦਾ ਮੰਨਣਾ ਹੈ ਕਿ ਗੱਲ ਗੁਰਦਾਸ ਮਾਨ ਦੇ ਇੱਕਲੇ ਸ਼ੋਅ ਨੂੰ ਰੱਦ ਜਾਂ ਮੁਲਤਵੀ ਕੀਤੇ ਜਾਣ ਦੀ ਨਹੀਂ ਹੈ, ਅਸਲ ਗੱਲ ਹੈ ਪੰਜਾਬੀਆਂ ਸਮੇਤ ਹੋਰਨਾ ਭਾਈਚਾਰਿਆਂ ਉੱਪਰ ਇੱਕ ਬੋਲੀ ਇੱਕ ਭਾਸ਼ਾ ਥੋਪਣ ਦੀ, ਸਮੂਹ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਰੋਲਣ ਦੀ,  ਮੰਚ ਤੋਂ ਭੱਦੀ ਸ਼ਬਦਾਵਾਲੀ ਦੀ ਵਰਤੋਂ ਕਰਨ, ਮਾਂ ਬੋਲੀ ਦੀ ਬੇਅਦਬੀ ਕਰਨ ਦੀ, ਨਸ਼ੇੜੀ ਅਤੇ ਭੰਗ ਪੀਣਿਆਂ ਨੂੰ ਗੁਰੂ ਸਾਹਿਬਾਨ ਦੇ ਵੰਸ਼ਜ ਦੱਸਦੇ ਹੋਏ ਗੁਰੂਆਂ ਦਾ ਅਪਮਾਨ ਕਰਨ ਦੀ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਧੱਕਣ ਦੀ ਹੈ।
ਇਹ ਸਾਰਾ ਕੁਝ ਸਟੇਟ ਦੇ ਇਸ਼ਾਰੇ ‘ਤੇ ਗੁਰਦਾਸ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਬੋਲੀ ਦੇ ਵਾਰਿਸਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਹਨਾਂ ਇਸ ਸਬੰਧ ਵਿੱਚ ਆਪਣੀ ਅਗਲੀ ਰਣਨੀਤੀ ਤੈਅ ਕਰਨ ਦਾ ਫੈਸਲਾ ਕਰਦਿਆਂ ਕਿਹਾ ਹੈ ਕਿ ਫਿਲਹਾਲ ਇਹ ਸ਼ੋਅ ਮੁਲਤਵੀ ਕੀਤੇ ਜਾਣ ਤੋਂ ਬਾਅਦ ਵੀ, ਗੁਰਦਾਸ ਮਾਨ ਦਾ ਵਿਰੋਧ ਜਾਰੀ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰਦਾਸ ਮਾਨ ਵੱਲੋਂ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਤਿਲਾਂਜਲੀ ਦੇ ਕੇ, ਮਾਂ ਬੋਲੀ ਪੰਜਾਬੀ ਖਿਲਾਫ ਕੀਤੀਆਂ ਗਲਤ ਟਿੱਪਣੀਆਂ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਅਤੇ ਆਪਣੇ ਮੂੰਹੋਂ ਕੱਢੇ ਪੰਜਾਬੀ ਵਿਰੋਧੀ ਸ਼ਬਦ ਰੱਦ ਕਰਕੇ, ਪਛਤਾਵਾ ਨਹੀਂ ਕੀਤਾ ਜਾਂਦਾ।
( ਅਦਾਰਾ ਦੇਸ ਪ੍ਰਦੇਸ ਦਾ ਲੇਖਕ ਦੇ ਨਿੱਜੀ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਲਾਜ਼ਮੀ ਨਹੀ)