Headlines

ਸਰੀ ਪੁਲਿਸ ਟਰਾਂਜੀਸ਼ਨ ਖਿਲਾਫ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਇਰ

ਕਿਹਾ ਮੰਤਰੀ ਦਾ ਆਦੇਸ਼ ਟੈਕਸਾਂ ਦਾ ਵਾਧੂ ਬੋਝ ਪਾਉਣ ਵਾਲਾ -ਰੀਵਿਊ ਪਟੀਸ਼ਨ ਵਿਚ ਬੀਸੀ ਸਰਕਾਰ ਦਾ ਫੈਸਲਾ ਰੱਦ ਕਰਨ ਦੀ ਅਪੀਲ-

ਸਰੀ ( ਦੇ ਪ੍ਰ ਬਿ)-ਸਰੀ ਦੀ ਮੇਅਰ ਬਰੈਂਡਾ ਲੌਕ ਨੇ ਬੀ ਸੀ ਸਰਕਾਰ ਵਲੋਂ 19 ਜੁਲਾਈ ਨੂੰ ਸਰੀ ਵਿਚ ਮਿਊਂਸਪਲ ਪੁਲਿਸ ਟਰਾਂਜੀਸ਼ਨ ਨੂੰ ਮੁਕੰਮਲ ਕੀਤੇ ਜਾਣ ਦੇ ਕੀਤੇ ਗਏ ਹੁਕਮਾਂ ਖਿਲਾਫ ਬੀ ਸੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ।

ਸਿਟੀ ਆਫ ਸਰੀ ਨੇ ਇਕ ਬਿਆਨ ਰਾਹੀਂ ਕਿਹਾ ਹੈ  ਕਿ ਬੀ ਸੀ ਸਰਕਾਰ ਵਲੋਂ ਟਰਾਂਜੀਸ਼ਨ ਦੇ ਆਦੇਸ਼ਾਂ ਨਾਲ ਸ਼ਹਿਰ ਵਾਸੀਆਂ ਉਪਰ ਟੈਕਸਾਂ ਦਾ ਵਾਧੂ ਬੋਝ ਪਵੇਗਾ ਜੋਕਿ ਪਹਿਲਾਂ ਹੀ ਮਹੱਤਵਪੂਰਣ ਚਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ ਕਿ  ਸਰੀ ਦੇ ਲੋਕਾਂ ਨੇ ਮੇਰੀ ਟੀਮ ਅਤੇ ਮੈਨੂੰ ਪ੍ਰਸਤਾਵਿਤ ਪੁਲਿਸ ਤਬਦੀਲੀ ਨੂੰ ਰੋਕਣ ਲਈ ਚੁਣਿਆ ਸੀ। ਉਹਨਾਂ ਹੋਰ ਕਿਹਾ ਕਿ ਸਰੀ ਉਸ ਅਸਧਾਰਨ ਬੋਝ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ ਜਿਸਦਾ ਸਾਡੇ ਟੈਕਸਦਾਤਿਆਂ ਨੂੰ ਇੱਕ ਸੂਬਾਈ ਆਦੇਸ਼ ਦੇ ਨਤੀਜੇ ਵਜੋਂ ਸਾਹਮਣਾ ਕਰਨਾ ਪਵੇਗਾ ਜੋ ਕੋਈ ਜਨਤਕ ਸੁਰੱਖਿਆ ਦੇ ਖਿਲਾਫ ਹੈ।

ਜ਼ਿਕਰਯੋਗ ਹੈ ਕਿ ਬੀ ਸੀ ਦੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਇਸ ਸਾਲ ਦੇ ਸ਼ੁਰੂ ਵਿੱਚ, ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਤੇ RCMP ਵਿੱਚ 1,500 ਖਾਲੀ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਸਰੀ ਪੁਲਿਸ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ।

ਮੇਅਰ ਬਰੈਂਡਾ ਲੌਕ ਨੇ ਮੰਤਰੀ ਫਰਨਵਰਥ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸ਼ਹਿਰ ਉਸ ਅਸਾਧਾਰਣ ਬੋਝ ਨੂੰ ਸਵੀਕਾਰ ਨਹੀਂ ਕਰ ਸਕਦਾ ਜਿਸਦਾ ਟੈਕਸਦਾਤਾਵਾਂ ਨੂੰ ਸੂਬੇ ਦੇ ਹੁਕਮਾਂ ਕਾਰਨ ਸਾਹਮਣਾ ਕਰਨਾ ਪਵੇਗਾ।

ਪੱਤਰ ਵਿੱਚ ਕਿਹਾ ਗਿਆ ਹੈ, “ਜਦੋਂ ਕਿ ਪੁਲਿਸ ਐਕਟ ਮੁਤਾਬਿਕ  ਜਨਤਕ ਸੁਰੱਖਿਆ ਮੰਤਰੀ ਪੂਰੇ ਸੂਬੇ. ਵਿੱਚ ਪੁਲਿਸਿੰਗ ਅਤੇ ਕਾਨੂੰਨ ਲਾਗੂ ਕਰਨ ਦੇ ਇੱਕ ਢੁਕਵੇਂ ਅਤੇ ਪ੍ਰਭਾਵੀ ਪੱਧਰ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਪਰ ਇਹ ਕਨੂੰਨ ਇਕ  ਮੰਤਰੀ ਨੂੰ ਇੱਕ ਮਿਊਂਸਪੈਲਿਟੀ ਲਈ ਪੁਲਿਸਿੰਗ ਦਾ ਮਾਡਲ ਚੁਣਨ ਦਾ ਅਧਿਕਾਰ ਨਹੀਂ ਦਿੰਦਾ।

ਅਦਾਲਤ ਵਿੱਚ ਦਾਇਰ ਕੀਤੀ ਜਾ ਰਹੀ ਪਟੀਸ਼ਨ ਵਿੱਚ ਸੂਬਾਈ ਸਰਕਾਰ ਦੇ ਉਸ ਫੈਸਲੇ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ ਜਿਸ ਵਿੱਚ ਸ਼ਹਿਰ ਨੂੰ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਸੀ।

*ਸੇਫ ਸਰੀ ਕੋਲੀਸ਼ਨ ਵਲੋਂ ਫੈਸਲੇ ਦੀ ਨਿੰਦਾ–ਇਸੇ ਦੌਰਾਨ ਸੇਫ ਸਰੀ ਕੋਲੀਸ਼ਲ਼ਨ ਨੇ ਸ਼ੁੱਕਰਵਾਰ ਨੂੰ ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ ਸਰੀ ਪੁਲਿਸ ਸਰਵਿਸ (ਐਸਪੀਐਸ) ਟਰਾਂਜੀਸ਼ਨ ਨੂੰ ਜਾਰੀ ਰੱਖਣ ਦੇ ਸੂਬਾਈ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਇੱਕ ਅਦਾਲਤੀ ਪਟੀਸ਼ਨ ਸ਼ੁਰੂ ਕਰਨ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ ।
ਕੌਂਸਲਰ ਮਨਦੀਪ ਨਾਗਰਾ ਨੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਕਿਹ ਹੈ ਕਿ ਇਹ ਮੇਅਰ ਦੇ ਜਿੱਦੀ ਰਵੱਈਏ ਦੀ ਇੱਕ ਹੋਰ ਉਦਾਹਰਣ ਹੈ ।ਇਹ ਸਮਾਂ ਹੈ ਅੱਗੇ ਵਧਣ ਅਤੇ ਉਹ ਕਰਨ ਦਾ ਜੋ ਸਰੀ ਨਿਵਾਸੀਆਂ ਲਈ ਸਹੀ ਹੈ ਪਰ ਮੇਅਰ ਦੀ ਜਿੱਦ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੇ ਪੈਸੇ ਨੂੰ ਬਰਬਾਦ ਕਰਨ ਦੀ ਹੈ।