Headlines

ਡਾ ਕਰਨੈਲ ਸਿੰਘ ਸ਼ੇਰਗਿੱਲ ਦਾ ਸਰੀ ਵਿਚ ਭਰਵਾਂ ਸਵਾਗਤ

ਸਰੀ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਵਲੋਂ ਕਰਵਾਈ ਗਈ ਕੌਮਾਂਤਰੀ ਪੰਜਾਬੀ ਕਾਨਫਰੰਸ ਦੌਰਾਨ ਸਰੀ ਪੁੱਜੇ ਵਿਸ਼ਵ ਪ੍ਰਸਿਧ ਪੇਟ ਦੇ ਰੋਗਾਂ ਦੇ ਮਾਹਿਰ ਤੇ ਪੰਜਾਬੀ ਸਾਹਿਤਕਾਰ ਡਾ ਕਰਨੈਲ ਸਿੰਘ ਸ਼ੇਰਗਿੱਲ ਯੂਕੇ ਦਾ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ ਵਲੋਂ ਆਪਣੇ ਦਫਤਰ ਵਿਖੇ ਪੁੱਜਣ ਦੇ ਭਰਵਾਂ ਸਵਾਗਤ ਕੀਤਾ। ਇਸ ਤੋਂ ਪਹਿਲਾਂ ਡਾ ਸ਼ੇਰਗਿੱਲ ਨੇ ਗੁਲਾਟੀ ਪਬਲੀਕੇਸ਼ਨ ਸਰੀ ਦਾ ਦੌਰਾ ਕੀਤਾ ਤੇ ਸ੍ਰੀ ਸਤੀਸ਼ ਗੁਲਾਟੀ ਵਲੋਂ ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਵਿਚਾਲੇ ਇਕ ਉਸਾਰੂ ਤੇ ਗੂੜਾ ਰਿਸ਼ਤਾ ਸਿਰਜਣ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਇਥੇ  ਸ਼ਾਇਰ ਹਰਦਮ ਮਾਨ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਤੇ ਪਾਠਕਾਂ ਦੀ ਪਹੁੰਚ ਤੇ ਜਗਿਆਸਾ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਗਿੱਲ ਨਾਲ ਵੀ ਮੁਲਾਕਾਤ ਕੀਤੀ ਤੇ ਯੂਕੇ ਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਵਿਚਾਰਾਂ ਸਾਂਝੀਆ ਕੀਤੀਆਂ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਜੰਮਪਲ ਡਾ ਕਰਨੈਲ ਸਿੰਘ ਸ਼ੇਰਗਿੱਲ ਪਿਛਲੇ 40 ਸਾਲ ਤੋਂ ਯੂ ਕੇ ਦੇ ਸ਼ਹਿਰ ਲੈਸਟਰ ਦੇ ਵਸਨੀਕ ਹਨ। ਉਹਨਾਂ ਦੀ ਪਤਨੀ ਸੁਰਿੰਦਰ ਸ਼ੇਰਗਿੱਲ ਲੈਸਟਰ ਦੇ ਕੌਂਸਲਰ ਰਹਿ ਚੁੱਕੇ ਹਨ। ਡਾ ਕਰਨੈਲ ਸ਼ੇਰਗਿੱਲ ਡਾਕਟਰੀ ਪੇਸ਼ੇ ਦੇ ਨਾਲ ਪੰਜਾਬੀ ਸਾਹਿਤ ਨਾਲ ਲੰਬੇ ਸਮੇਂ ਤੋ ਜੁੜੇ ਆ ਰਹੇ ਹਨ। ਉਹਨਾਂ ਨੇ ਪ੍ਰਸਿਧ ਪੰਜਾਬੀ ਸ਼ਾਇਰ ਪ੍ਰਮਿੰਦਰਜੀਤ ਤੇ ਕਹਾਣੀਕਾਰ ਮੁਖਤਾਰ ਗਿੱਲ ਨਾਲ ਮਿਲਕੇ ਪਹਿਲੀ ਵਾਰ 1976 ਵਿਚ ਆਪਣੇ ਸਮੇਂ ਦੇ ਚਰਚਿਤ ਸਾਹਿਤਕ ਮੈਗਜ਼ੀਨ ਅੱਖਰ ਦੀ ਸ਼ੁਰੂਆਤ ਕੀਤੀ ਸੀ।

ਡਾ ਕਰਨੈਲ ਸਿੰਘ ਸ਼ੇਰਗਿੱਲ ਤੇ ਉਹਨਾਂ ਦੀ ਪਤਨੀ ਸੁਰਿੰਦਰ ਸ਼ੇਰਗਿੱਲ ਡੈਲਟਾ ਵਿਖੇ  ਆਪਣੇ ਪੁਰਾਣੇ ਮਿੱਤਰ ਡਾ ਬਾਜਵਾ ਦੇ ਪਰਿਵਾਰ ਨਾਲ।