Headlines

ਸਰੀ ਕੌਂਸਲ ਦਾ ਫੈਸਲਾ ਨਿਰਾਸ਼ਾਜਨਕ- ਮਾਈਕ ਫਾਰਨਵਰਥ

ਬੀ ਸੀ ਸਰਕਾਰ 16 ਅਕਤੂਬਰ ਨੂੰ ਵਿਧਾਨ ਸਭਾ ਵਿਚ ਲੈਕੇ ਆਵੇਗੀ ਨਵਾਂ ਬਿਲ-

ਵਿਕਟੋਰੀਆ ( ਦੇ ਪ੍ਰ ਬਿ)- ਜਨਤਕ ਸੁਰੱਖਿਆ ਮੰਤਰੀ ਅਤੇ ਸੌਲਿਸਿਟਰ ਜਨਰਲ, ਮਾਈਕ ਫਾਰਨਵਰਥ ਨੇ ਸਰੀ ਸਿਟੀ ਕੌੰਸਲ ਵਲੋਂ ਸਰੀ ਪੁਲਿਸ ਟਰਾਂਜੀਸ਼ਨ ਦੇ ਬੀ ਸੀ ਸਰਕਾਰ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿਚ ਪਾਈ ਗਈ ਰਿਵਿਊ ਪਟੀਸ਼ਨ ਨੂੰ ਬੇਹੱਦ ਨਿਰਾਸ਼ਾਜਨਕ ਦਸਦਿਆਂ  ਕਿਹਾ ਹੈ ਕਿ ਸਰੀ ਕੌਂਸਲ ਨੇ ਇਸ ਕਾਰਵਾਈ ਨਾਲ ਵੱਡੀ ਮਾਤਰਾ ਵਿਚ ਲੋਕਾਂ ਦਾ ਪੈਸਾ ਵਕੀਲਾਂ ਉੱਤੇ ਖਰਚ ਕਰਨ ਦੇ ਨਾਲ  ਸਰੀ ਪੁਲਿਸ ਸਰਵਿਸ (SPS) ਵਿੱਚ ਤਬਦੀਲੀ ਵਿਚ ਹੋਰ ਦੇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਰ੍ਹੀ ਦੇ ਲੋਕ ਇਸ ਗੱਲ ਦੀ ਅਨਿਸ਼ਚਿਤਤਾ ਨੂੰ ਖਤਮ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਸ਼ਹਿਰ ਦੀ ਪੁਲਿਸ ਕਿਹੜੀ ਹੋਵੇਗੀ। ਉਹ ਚਾਹੁੰਦੇ ਹਨ ਕਿ ਇਹ ਬਹਿਸ ਹੁਣ ਖਤਮ ਹੋਵੇ। ਉਹ ਚਾਹੁੰਦੇ ਹਨ ਕਿ ਬਹੁਤ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਪੁਰਾਣੀਆਂ ਲੜਾਈਆਂ ਉਪਰ ਕਨੂੰਨੀ ਫੀਸਾਂ ਦੀ ਬਜਾਏ ਸਰਕਾਰੀ ਪੈਸਾ ਉਨ੍ਹਾਂ ਦੇ ਭਾਈਚਾਰਿਆਂ ਦੀ ਸੁਰੱਖਿਆ ਲਈ ਖਰਚਿਆ ਜਾਵੇ। ਇਸ ਬਾਰੇ ਫੈਸਲਾ ਲੈ ਲਿਆ ਗਿਆ ਹੈ, ਅਤੇ ਹੁਣ ਸਿਟੀ ਲਈ ਇਸ ਫੈਸਲੇ ਨੂੰ ਸਵੀਕਾਰ ਕਰਨ ਅਤੇ ਪੁਲਿਸ ਤਬਦੀਲੀ ਦੇ ਨਾਲ ਅੱਗੇ ਵਧਣ ਦਾ ਸਮਾਂ ਹੈ।

ਸਰ੍ਹੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਲਈ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ SPS ਵਿੱਚ ਤਬਦੀਲੀ ਕਰਨਾ ਜਾਰੀ ਰੱਖਣ ਲਈ ਸਰ੍ਹੀ ਨੂੰ ਨਿਰਦੇਸ਼ ਦੇਣ ਦਾ ਫੈਸਲਾ, ਬਤੌਰ ਸੌਲਿਸਿਟਰ ਜਨਰਲ ਮੇਰੀ ਜ਼ਿੰਮੇਵਾਰੀ ਵਜੋਂ ਲਿਆ ਗਿਆ ਸੀ। ਇਹ ਫੈਸਲਾ RCMP, ਸਿਟੀ ਅਤੇ SPS ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ‘ਤੇ ਚੰਗੀ ਤਰ੍ਹਾਂ ਧਿਆਨ ਦੇ ਕੇ ਉਸ ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਸੀ, ਅਤੇ ਇਹ ਫੈਸਲਾ ਹਲਕੇ ਤੌਰ ‘ਤੇ ਨਹੀਂ ਲਿਆ ਗਿਆ ਸੀ।

ਸਰਕਾਰ ਵਲੋਂ ਸਰੀ ਪੁਲਿਸ ਵਾਸਤੇ 150 ਮਿਲੀਅਨ ਡਾਲਰ ਦੀ ਪੇਸ਼ਕਸ਼ ਨੂੰ ਵੀ ਸਿਟੀ ਕੌਂਸਲ ਨੇ ਸਵੀਕਾਰ ਨਹੀਂ ਕੀਤਾ ।

ਉਹਨਾਂ ਹੋਰ ਕਿਹਾ ਕਿ ਹੁਣ ਸਰਕਾਰ ਵਲੋਂ ਸੋਮਵਾਰ, 16 ਅਕਤੂਬਰ ਨੂੰ, ਮੈਂ ਵਿਧਾਨ ਪੇਸ਼ ਇਕ ਵਿਸ਼ੇਸ਼ ਬਿਲ ਕਰਨ ਜਾ ਰਿਹਾ ਹਾਂ, ਜੋ ਸਰ੍ਹੀ ਦੇ ਲੋਕਾਂ ਨੂੰ ਸਪੱਸ਼ਟਤਾ ਪ੍ਰਦਾਨ ਕਰੇਗਾ ਅਤੇ ਹੋਰ ਕਿਸੇ ਵੀ ਮਿਊਂਨਿਸੀਪੈਲਿਟੀ ਲਈ ਜੋ ਆਪਣੇ ਅਧਿਕਾਰ ਖੇਤਰ ਦੀ ਪੁਲਿਸ ਨੂੰ ਬਦਲਣਾ ਚਾਹੁੰਦੀ ਹੈ, ਇੱਕ ਸਪੱਸ਼ਟ ਪ੍ਰਕਿਰਿਆ ਪ੍ਰਦਾਨ ਕਰੇਗਾ। ਇਹ ਨਵਾਂ ਕਨੂੰਨ ਸਰੀ ਸਿਟੀ ਕੌਂਸਲ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਅਸੀਂ ਪਿਛਲੇ ਕੁਝ ਮਹੀਨਿਆਂ ਵਿੱਚ ਜਨਤਕ ਤੌਰ ‘ਤੇ ਸਾਡੇ ਇਰਾਦਿਆਂ ਬਾਰੇ ਚਰਚਾ ਕਰ ਚੁੱਕੇ ਹਾਂ। ਇਸ ਬਾਰੇ ਸਿਟੀ ਸਟਾਫ ਨੂੰ ਪੂਰੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਜਾ ਚੁੱਕੀ ਹੈ।

ਉਹਨਾਂ ਹੋਰ ਕਿਹਾ ਕਿ ਅਸੀਂ ਸਰੀ ਅਤੇ  ਸੂਬੇ ਭਰ ਵਿੱਚ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ।