Headlines

ਪੰਜਾਬ ਦੇ ਪਹਿਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਫੌਜੀ ਸਨਮਾਨ ਨਾ ਮਿਲਿਆ

ਪੁਲਿਸ ਦੀ ਟੁਕੜੀ ਵਲੋ ਸਲਾਮੀ ਨਾਲ ਕੀਤਾ ਅੰਤਿਮ ਸੰਸਕਾਰ-
ਮਾਨਸਾ-ਜੰਮੂ ਕਸ਼ਮੀਰ ਦੇ ਪੁਣਛ ਖੇਤਰ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਉਸਦੇ ਜੱਦੀ ਪਿੰਡ ਕੋਟਲੀ ਕਲਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸਲਾਮੀ ਦਿੱਤੀ ਗਈ ਅਤੇ ਉਸ ਦੀਆਂ ਰਿਸ਼ਤੇਦਾਰੀ ’ਚੋਂ ਲੱਗਦੀਆਂ ਭੈਣਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਫੌਜ ਵਿੱਚ ਦਸੰਬਰ-2022 ’ਚ ਭਰਤੀ ਹੋਇਆ ਸੀ ਅਤੇ ਟਰੇਨਿੰਗ ਤੋਂ ਬਾਅਦ ਘਰ ਆਇਆ ਸੀ, ਜੋ ਇਕ ਮਹੀਨਾ ਪਹਿਲਾਂ ਹੀ ਜੰਮੂ ਕਸ਼ਮੀਰ ਡਿਊਟੀ ਲਈ ਚਲਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੀ ਮੰਗਣੀ ਹੋਈ ਸੀ।

ਬਿਨਾ ਸਲਾਮੀ ਦਿੱਤਿਆਂ ਮ੍ਰਿਤਕ ਦੇਹ ਪਰਿਵਾਰ ਹਵਾਲੇ ਕਰ ਗਈ ਫੌਜ

ਪੰਜਾਬ ਦੇ ਪਹਿਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਭਾਵੇਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ ਹੈ ਪਰ ਫੌਜ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰਕੇ ਬਿਨਾ ਸਲਾਮੀ ਦਿੱਤਿਆਂ ਚਲੇ ਜਾਣ ਨੂੰ ਇਲਾਕੇ ਦੇ ਸਾਬਕਾ ਸੈਨਿਕਾਂ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਮੋਦੀ ਸਰਕਾਰ ਦੀ ਠੇਕੇ ਤੇ ਫੌਜੀ ਰੱਖਣ ਦੀ ਬੇਹੱਦ ਘਟੀਆ ਸਕੀਮ ਅਗਨੀਵੀਰ ਤਹਿਤ, ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਮਾਪਿਆਂ ਦਾ ਇਕਲੌਤਾ 20 ਸਾਲਾ ਨੌਜਵਾਨ ਪੁੱਤਰ ਅਮ੍ਰਿਤਪਾਲ ਸਿੰਘ  ਦੁਸ਼ਮਣਾਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਉਸਦੇ ਸਸਕਾਰ ਸਮੇਂ ਜੋ ਸ਼ਰਮਨਾਕ ਘਟਨਾਕ੍ਰਮ ਹੋਇਆ ਹੈ,ਉਸਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਦੋਂ ਪਿੰਡ ‘ਚ ਅਮ੍ਰਿਤਪਾਲ ਦੀ ਮ੍ਰਿਤਕ ਦੇਹ ਆਈ।ਜਿਸ ਨੂੰ ਸਿਰਫ਼ 2 ਫੌਜੀ ਵੀਰ ਪ੍ਰਾਈਵੇਟ ਐਬੂਲੈਂਸ ਲੈ ਕੇ ਛੱਡ ਗਏ।ਪਿੰਡ ਵਾਸੀਆਂ ਵੱਲੋਂ ਸ਼ਹੀਦ ਦੇ ਸਨਮਾਨ ਬਾਰੇ ਪੁੱਛਣ ਤੇ ਉਹ ਕਹਿੰਦੇ ਸਰਕਾਰ ਦੀ ਨਵੀਂ ਅਗਨੀਵੀਰ ਸਕੀਮ ‘ਚ ਭਰਤੀ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਤੇ ਨਾ ਸਲਾਮੀ ਦੇਣੀ ਹੈ।ਅਖੀਰ ਪਿੰਡ ਵਾਸੀਆਂ ਦੇ ਵਿਰੋਧ ਕਰਨ ਤੇ ਜਿਲਾ ਐਸ ਐਸ ਪੀ ਰਾਹੀਂ ਪੁਲਿਸ ਵੱਲੋ ਸਲਾਮੀ ਦਵਾਈ ਗਈ।