Headlines

ਸੰਪਾਦਕੀ- ਮਾਨਵੀ ਸਮਾਜ ਲਈ ਕਲੰਕ ਹੈ ਨਸਲਪ੍ਰਸਤਾਂ ਦੀ ਜੰਗ…..

ਇਜ਼ਰਾਈਲ-ਹਮਾਸ ਹਮਲਿਆਂ ਵਿਚ ਮਾਰੇ ਜਾ ਰਹੇ ਅਣਭੋਲ ਲੋਕ-

ਸੁਖਵਿੰਦਰ ਸਿੰਘ ਚੋਹਲਾ—–

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੀ ਤਬਾਹੀ ਦਾ ਮੰਜ਼ਰ ਦੁਨੀਆ ਦੇ ਸਾਹਮਣੇ ਹੈ ਕਿ ਇਜ਼ਰਾਈਲ ਤੇ ਫਲਸਤੀਨੀ ਹਮਾਸ ਵਿਚਾਲੇ ਛਿੜੀ ਜੰਗ ਨੇ ਦੁਨੀਆ ਦਾ ਤਰਾਹ ਕੱਢ ਦਿੱਤਾ ਹੈ। ਪਿਛਲੇ ਦਿਨੀਂ ਹਮਾਸ ਵਲੋਂ ਜਿਵੇਂ ਇਜ਼ਰਾਈਲ ਵਿਚ ਘੁਸਪੈਠ ਕਰਦਿਆਂ ਇਕ ਸਭਿਆਚਾਰਕ ਸਮਾਗਮ ਦੌਰਾਨ ਅਤਵਾਦੀ ਹਮਲਾ ਕੀਤਾ ਗਿਆ ਜਿਸ ਵਿਚ ਸੈਂਕੜੇ ਲੋਕਾਂ ਨੂੰ ਮਾਰ ਮੁਕਾਇਆ ਤੇ ਹਜਾਰਾਂ ਨੂੰ ਜ਼ਖਮੀ ਕਰ ਦਿੱਤਾ। ਕਈ ਪਰਿਵਾਰਾਂ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਦੇ ਸ਼ਨਾਖਤੀ ਪੱਤਰ ਵੇਖਣ ਉਪਰੰਤ ਕੇਵਲ ਯਹੂਦੀ ਹੋਣ ਕਾਰਣ ਮਾਰ ਮੁਕਾਇਆ। ਛੋਟੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਉਹਨਾਂ ਦੇ ਹੱਥ ਨਹੀ ਕੰਬੇ।  ਬਦਲੇ ਵਿਚ ਇਜ਼ਰਾਈਲੀ ਹਵਾਈ ਸੈਨਾ ਦੇ ਹਮਲਿਆਂ ਵਿਚ ਹਜਾਰਾਂ ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਬਿਆਨ ਹੈ ਕਿ ਹੁਣ ਉਹ ਹਮਾਸ ਦਾ ਪੂਰੀ ਤਰਾਂ ਸਫਾਇਆ ਕਰਕੇ ਹੀ ਦਮ ਲੈਣਗੇ।ਜਿਸਦਾ ਅਰਥ ਹੈ ਕਿ ਮਾਰੂ ਹਥਿਆਰਾਂ ਨਾਲ ਲੈਸ ਦੋਵਾਂ ਧਿਰਾਂ ਵਿਚਾਲੇ ਅਣਭੋਲ ਜਨਤਾ ਦਾ ਹੋਰ ਜਾਨੀ ਤੇ ਮਾਲੀ ਨੁਕਸਾਨ ਹੋਣ ਵਾਲਾ ਹੈ। ਉਧਰ ਅਮਰੀਕਾ ਨੇ ਇਜ਼ਰਾਈਲ ਦੀ ਮਦਦ ਲਈ ਆਪਣਾ ਜੰਗੀ ਬੇੜਾ ਵੀ ਗਾਜਾ ਪੱਟੀ ਦੇ ਸਮੁੰਦਰੀ ਪਾਣੀਆਂ ਵਿਚ ਭੇਜ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਹਮਾਸ ਦੇ ਹਮਲੇ ਨੂੰ ਨਾਜੀ ਸੈਨਾ ਦੁਆਰਾ ਯਹੂਦੀਆਂ ਦੇ ਕਤਲੇਆਮ ਦੀ ਯਾਦ ਨਾਲ ਜੋੜਿਆ ਗਿਆ ਹੈ। ਅਮਰੀਕਾ ਤੇ ਉਸਦੇ ਮਿੱਤਰ ਦੇਸ਼ ਜੇ ਹਮਾਸ ਨੂੰ ਅਤਵਾਦੀ ਜਥੇਬੰਦੀ ਅਤੇ ਉਸਦੀਆਂ ਕਾਰਵਾਈਆਂ ਨੂੰ ਦਹਿਸ਼ਦਗਰਦੀ ਨਾਲ ਜੋੜਦੇ ਹਨ ਤਾਂ ਹਮਾਸ ਦੇ ਹਮਦਰਦ ਖਾੜੀ ਅਤੇ ਮੁਸਲਿਮ ਮੁਲਕ ਇਸਨੂੰ ਇਜ਼ਰਾਈਲ ਵਲੋਂ ਫਲਸਤੀਨੀ ਲੋਕਾਂ ਉਪਰ ਤਸ਼ੱਦਦ ਅਤੇ ਜੁਲਮ ਦਾ ਮੋੜਵਾਂ ਪ੍ਰਤੀਕਰਮ ਦੱਸ ਰਹੇ ਹਨ। ਭਾਵੇਂਕਿ ਇਜ਼ਰਾਈਲ ਵਲੋਂ ਗਾਜਾ ਪੱਟੀ ਉਪਰ ਤਾਜਾ ਹਮਲਿਆਂ ਦੀ ਸ਼ੁਰੂਆਤ ਹਮਾਸ ਦੁਆਰਾ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਅਤਵਾਦੀ ਹਮਲਾ ਹੈ ਪਰ ਲੜਾਈ ਨੇ ਵਿਸ਼ਵ ਭਰ ਵਿਚ ਫਿਰਕੂ ਤੇ ਨਸਲੀ ਨਫਰਤ ਨੂੰ ਮੁੜ ਉਜਾਗਰ ਕਰ ਦਿੱਤਾ ਹੈ।

ਇਜ਼ਰਾਈਲ ਤੇ ਫਲਸਤੀਨ ਵਿਚਾਲੇ ਨਸਲੀ ਨਫਰਤ ਅਤੇ ਖੂਨੀ ਜੰਗ ਦਾ ਪਿਛੋਕੜ ਸਦੀਆਂ ਪੁਰਾਣਾ ਹੈ। ਹਜਾਰਾਂ ਸਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਕਿਵੇਂ ਯਹੂਦੀ ਲੋਕ ਯੋਰੋਸ਼ਲਮ ਤੋਂ ਉਜੜਕੇ ਦੁਨੀਆ ਦੇ ਵੱਖ -ਵੱਖ ਮੁਲਕਾਂ ਵਿਚ ਬਿਖਰ ਗਏ ਸਨ ਤੇ ਫਿਰ ਯਹੂਦੀ ਫਰਿਸ਼ਤੇ ਇਬਰਾਹਿਮ ਦੇ ਬੋਲਾਂ ਮੁਤਾਬਿਕ ਲਗਪਗ 3500 ਸਾਲ ਬਾਦ ਉਹਨਾਂ ਨੂੰ ਮੁੜ ਆਪਣੀ ਧਰਤੀ ਉਪਰ ਵਾਪਿਸ ਪਰਤਣ ਦਾ ਮੌਕਾ ਮਿਲਿਆ। ਇਹ ਬ੍ਰਿਟਿਸ਼ ਸਾਸ਼ਕ ਹੀ ਸਨ ਜਿਹਨਾਂ ਨੇ ਬਸਤੀਵਾਦੀ ਦੌਰ ਦੇ ਖਾਤਮੇ ਦੀ ਸ਼ੁਰੂਆਤ ਕਰਦਿਆਂ ਯਹੂਦੀਆਂ ਨੂੰ ਇਕ ਸਮਝੌਤੇ ਤਹਿਤ ਫਲਸਤੀਨ ਦੀ ਧਰਤੀ ਤੇ ਇਜ਼ਰਾਈਲ ਮੁਲਕ ਵਸਾਉਣ ਦਾ ਐਲਾਨ ਕੀਤਾ ਸੀ। ਇਕ ਮਿੱਥ ਤੇ ਸੰਸਕਾਰਾਂ ਨੂੰ ਪੁਗਾਉਂਦਿਆਂ ਜਦੋਂ ਵਿਸ਼ਵ ਭਰ ਚੋਂ ਯਹੂਦੀਆਂ ਨੇ ਇਜ਼ਰਾਈਲ ਵਿਚ ਇਕੱਤਰ ਹੋਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਖਾੜੀ ਮੁਲਕਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਯਹੂਦੀਆਂ ਨੂੰ ਇਜ਼ਰਾਈਲ ਦੀ ਸਥਾਪਨਾ ਲਈ ਗਵਾਂਢੀ ਮੁਲਕਾਂ ਮਿਸਰ,ਸੀਰੀਆ ਤੇ ਜੌਰਡਨ ਨਾਲ ਜੰਗ ਲੜਨੀ ਪਈ।

ਅਖੀਰ 14 ਮਈ 1948 ਨੂੰ ਇਜ਼ਰਾਈਲ ਇਕ ਮੁਲਕ ਵਜੋਂ ਹੋਂਦ ਵਿਚ ਆਇਆ। ਪਰ ਇਸ ਦੌਰਾਨ ਗਾਜਾ ਪੱਟੀ ਤੇ ਉਸ ਖਿੱਤੇ ਵਿਚ ਰਹਿਣ ਵਾਲੇ ਸੀਆ ਮੁਸਲਮਾਨਾਂ ਨੇ ਇਜ਼ਰਾਈਲ ਦੀ ਹੋਂਦ ਦਾ ਤਿੱਖਾ ਵਿਰੋਧ ਕੀਤਾ ਤੇ ਇਸ ਵਿਰੋਧ ਵਿਚੋਂ ਫਲਸਤੀਨੀ ਮੁਕਤੀ ਸੰਗਠਨ ਦਾ ਜਨਮ ਹੋਇਆ ਜਿਸਦੀ ਅਗਵਾਈ ਲੰਬਾ ਸਮਾਂ ਯਾਸਰ ਅਰਾਫਾਤ ਵਰਗੇ ਆਗੂ ਨੇ ਕੀਤੀ। ਯੂ ਐਨ ਓ ਤੇ ਅਮਰੀਕਾ ਦੇ ਦਖਲ ਨਾਲ ਆਖਰ ਇਜ਼ਰਾਈਲ ਤੇ ਪੀ ਐਲ ਓ ਵਿਚਾਲੇ 1993 ਵਿਚ ਇਕ ਸਮਝੌਤਾ ਸਿਰੇ ਚੜਿਆ ਜਿਸਨੂੰ ਓਸਲੋ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਮਝੌਤੇ ਤਹਿਤ ਪੀ ਐਲ ਓ ਨੇ  ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਤੇ ਇਜ਼ਰਾਈਲ ਨੇ ਗਾਜਾ ਪੱਟੀ ਵਿਚ ਫਲਸਤੀਨ ਨੈਸ਼ਨਲ ਅਥਾਰਟੀ ਨੂੰ। ਇਸ ਸਮਝੌਤੇ ਨਾਲ ਲੰਬੇ ਸਮੇਂ ਤੋ ਚਲਦੀ ਆ ਰਹੀ ਜੰਗ ਦੀ ਸਮਾਪਤੀ ਹੋਈ ਤੇ ਇਸਦੇ ਇਨਾਮ ਵਜੋਂ ਯਾਸਰ ਅਰਾਫਾਤ ਤੇ ਇਜਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਜਿਤਜੈਕ ਰੁਬੀਨ  ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਜ਼ਰਾਈਲ ਤੇ ਫਲਸਤੀਨ ਵਿਚਾਲੇ ਭਾਵੇਂਕਿ ਰਾਜਧਾਨੀ ਯੋਰੋਸ਼ਲਮ ਉਪਰ ਦਾਅਵੇ ਨੂੰ ਲੈਕੇ ਸਹਿਮਤੀ ਕਦੇ ਨਾ ਬਣੀ ਪਰ ਸਾਲ 2004 ਤੱਕ ਯਾਸਰ ਅਰਾਫਾਤ ਦੀ ਮੌਤ ਤੱਕ ਸਾਂਝੇ ਪੀਸ ਐਵਾਰਡ ਦਾ ਵਿਰੋਧ ਕਰਨ ਵਾਲੀ ਹਮਾਸ ਇਤਨੀ ਮਜ਼ਬੂਤ ਨਹੀ ਸੀ। ਮੌਜੂਦਾ ਜੰਗ ਦੇ ਹਾਲਾਤ ਲਈ ਜਿੰਮੇਵਾਰੀ ਦਾ ਸਬੰਧ ਹਮਾਸ ਅਤੇ ਉਸਦੀਆਂ ਹਮਦਰਦ ਮੁਸਲਿਮ ਕੱਟੜਪੰਥੀ ਜਥੇਬੰਦੀਆਂ ਦੇ ਨਾਲ ਇਜਰਾਈਲ ਵਲੋਂ ਸਾਂਝੇ ਸਮਝੌਤੇ ਨੂੰ ਲਾਗੂ ਕਰਨ ਦੀ ਬਿਜਾਏ ਅਣਅਧਿਕਾਰਤ ਕਾਲੋਨੀਆਂ ਦੇ ਪਾਸਾਰ ਨਾਲ ਵੀ ਜੁੜਦਾ ਹੈ। ਹਮਾਸ ਇਜ਼ਰਾਈਲ ਦੀ ਇਸ ਪਾਸਾਰਵਾਦੀ ਨੀਤੀ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਸੀ ਪਰ ਹੁਣ ਜੰਗ ਵਿਚ ਤਬਦੀਲ ਹੋਇਆ ਇਹ ਵਿਰੋਧ ਵਿਸ਼ਵ ਭਰ ਲਈ ਚਿੰਤਾਜਨਕ ਹੈ। ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਵਸਨੀਕਾਂ ਆਪਣੇ ਘਰ ਛੱਡ ਕੇ ਦੱਖਣਾ ਗਾਜਾ ਵਿਚ ਜਾਣ ਲਈ ਕਿਹਾ ਹੈ। ਉੱਤਰੀ ਗਾਜ਼ਾ ਵਿਚ ਲਗਭਗ 11 ਲੱਖ ਫਸਲਤੀਨੀ ਵੱਸਦੇ ਹਨ। ਗਾਜ਼ਾ ਦੇ ਪੂਰੇ 365 ਵਰਗ ਕਿਲੋਮੀਟਰ ਦੇ ਇਲਾਕੇ ਦੀ ਕੁੱਲ ਵਸੋਂ 23 ਲੱਖ ਹੈ। ਹਮਾਸ ਨੇ ਇਜ਼ਰਾਈਲ ’ਤੇ ਦਹਿਸ਼ਤਗਰਦ ਹਮਲਾ ਕੀਤਾ ਸੀ ਜਿਸ ਵਿਚ 1300 ਤੋਂ ਵੱਧ ਇਜ਼ਰਾਇਲੀ ਮਾਰੇ ਗਏ ਅਤੇ 2000 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਹਮਾਸ ਦੇ ਦਹਿਸ਼ਤਗਰਦਾਂ ਨੇ 100 ਤੋਂ ਵੱਧ ਇਜ਼ਰਾਇਲੀਆਂ ਨੂੰ ਅਗਵਾ ਕੀਤਾ ਜਿਹਨਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਹਨ। ਬੱਚੇ, ਔਰਤਾਂ ਤੇ ਬਜ਼ੁਰਗ ਹਮਾਸ ਦੇ ਕਤਲੇਆਮ ਦਾ ਸ਼ਿਕਾਰ ਵੀ ਹੋਏ। ਜਵਾਬੀ ਹਮਲੇ ਵਿਚ 1500 ਤੋਂ ਵੱਧ ਫਲਸਤੀਨੀ ਮਾਰੇ ਗਏ ਅਤੇ 6000 ਤੋਂ ਵੱਧ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 400 ਤੋਂ ਜ਼ਿਆਦਾ ਬੱਚੇ ਅਤੇ 250 ਤੋਂ ਜ਼ਿਆਦਾ ਔਰਤਾਂ ਹਨ। ਇਸ ਜੰਗ ਦੌਰਾਨ ਸੰਯੁਕਤ ਰਾਸ਼ਟਰ ਦੇ 11 ਮੁਲਾਜਮਾਂ ਦੇ ਨਾਲ 11 ਪੱਤਰਕਾਰ  ਵੀ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਗਾਜ਼ਾ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ ਅਤੇ ਉਸ ਦੀਆਂ ਫ਼ੌਜਾਂ ਗਾਜ਼ਾ ਵਿਚ ਦਾਖਲ ਹੋਣ ਲਈ ਤਿਆਰ ਹਨ।

ਹਮਾਸ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਨੂੰ ਦਹਿਸ਼ਤਵਾਦੀ ਕਾਰਵਾਈ ਕਹਿਣਾ ਉਚਿਤ ਹੈ  ਪਰ ਇਜ਼ਰਾਈਲ ਦੀਆਂ ਕਾਰਵਾਈਆਂ ਵੀ ਜਾਇਜ਼ ਨਹੀ ਠਹਿਰਾਉਆ ਜਾ ਸਕਦਾ। ਇਜ਼ਰਾਈਲ ਦੁਆਰਾ ਕੀਤੀ ਗਈ ਬੰਬਾਰੀ ਵਿਚ ਹਸਪਤਾਲਾਂ, ਵਿਦਿਅਕ ਅਦਾਰਿਆਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਧਮਕੀ ਦਿੱਤੀ ਕਿ ਗਾਜ਼ਾ ਨੂੰ ਮਲਬੇ ਦੇ ਢੇਰ ਵਿਚ ਬਦਲ ਦਿੱਤਾ ਜਾਵੇਗਾ। ਹਮਾਸ ਤੇ ਇਜ਼ਰਾਈਲ ਦੋਵੇਂ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜੋ ਮਨੁੱਖਤਾ ਵਿਰੁੱਧ ਜੁਰਮ ਦੇ ਦਾਇਰੇ ਵਿਚ ਆਉਂਦੀਆਂ ਹੈ। ਸਰਕਾਰੀ ਤੇ ਨਸਲੀ ਹਿੰਸਾ ਵਿਚਾਲੇ ਆਮ ਲੋਕ ਪਿਸ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੌਮਾਂਤਰੀ ਭਾਈਚਾਰਾ ਜੰਗਬੰਦੀ ਲਈ ਦਬਾਅ ਬਣਾਏ ਪਰ ਹਾਲਾਤ ਇਹ ਹਨ ਕਿ ਦੁਨੀਆ ਦੇ ਲੋਕ ਬੁਰੀ ਤਰਾਂ ਦੋ ਹਿੱਸਿਆਂ ਵਿਚ ਵੰਡੇ ਜਾ ਰਹੇ ਹਨ। ਯੂ ਐਨ ਓ ਉਪਰ ਵੱਡਾ ਪ੍ਰਭਾਵ ਰੱਖਣ ਵਾਲਾ ਅਮਰੀਕਾ ਇਜ਼ਰਾਈਲ ਨੂੰ ਅਤਵਾਦ ਨੂੰ ਖਤਮ ਕਰਨ ਦੇ ਨਾਮ ਹੇਠ ਫੌਜੀ ਸਹਾਇਤਾ ਤੇ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਜਿਸ ਨਾਲ ਜੰਗ ਅਤੇ ਤਬਾਹੀ ਦੇ ਆਸਾਰ ਹੋਰ ਵਧੇਰੇ ਬਣ ਗਏ ਹਨ। ਖਦਸ਼ਾ ਹੈ ਕਿ ਯੂਕਰੇਨ ਮੁੱਦੇ ਉਪਰ ਅਮਰੀਕਾ ਤੇ ਉਸਦੇ ਭਾਈਵਾਲਾਂ ਤੇ ਔਖਾ ਰੂਸ ਕਿਤੇ ਹਮਾਸ ਨਾਲ ਨਾ ਖੜ ਜਾਏ। ਮੁਸਲਿਮ ਅਤੇ ਖਾੜੀ ਮੁਲਕਾਂ ਦੇ ਨਾਲ ਦਹਿਸ਼ਤਗਰਦੀ ਕੱਟੜਪੰਥੀ ਸੰਗਠਨ ਪਹਿਲਾਂ ਹੀ ਹਮਾਸ ਦੀ ਮਦਦ ਤੇ ਹਨ। ਅਜਿਹੀ ਸਥਿਤੀ ਵਿਚ ਜੇ ਮਿਡਲ ਈਸਟ ਜੰਗ ਤੇ ਤਬਾਹੀ ਦਾ ਕੇਂਦਰ ਬਣਦਾ ਹੈ ਤਾਂ ਇਸਦਾ ਸੇਕ ਪੂਰੀ ਦੁਨੀਆ ਨੂੰ ਸਹਿਣ ਕਰਨਾ ਪਵੇਗਾ।