Headlines

ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਨਵੀ ਦਿੱਲੀ ( ਦੇ ਪ੍ਰ ਬਿ)- ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦੱਖਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ  ਦਾ ਸੋਮਵਾਰ ਨੂੰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਧੀਆਂ ਛੱਡ ਗਏ ਸਨ। ਉਹ ਗੋਆ ਦੇ ਲੈਫ ਗਵਰਨਰ  ਰਹੇ ਕਰਨਲ ਪ੍ਰਤਾਪ ਸਿੰਘ ਗਿੱਲ ਦੇ ਸਪੁੱਤਰ ਸਨ। ਉਹਨਾਂ ਦਾ ਪਿੰਡ ਪੰਜਾਬ ਦੇ ਇਤਿਹਾਸਕ ਸ਼ਹਿਰ ਤਰਨ ਤਾਰਨ ਦੇ ਨੇੜੇ ਅਲਾਦੀਨਪੁਰ ਸੀ ਤੇ ਨਾਨਕਾ ਪਿੰਡ ਚੋਹਲਾ ਸਾਹਿਬ ਦੇ ਨੇੜੇ ਰੂੜੀਵਾਲਾ ਸੀ।
ਸ ਮਨੋਹਰ ਸਿੰਘ ਗਿੱਲ ਨੇ ਇਕ ਆਈ ਏ ਐਸ ਅਧਿਕਾਰੀ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।
ਉਸਨੇ ਦਸੰਬਰ 1996 ਤੋਂ ਜੂਨ 2001 ਦਰਮਿਆਨ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਸੇਵਾ ਨਿਭਾਈ। ਸ ਗਿੱਲ ਅਤੇ ਜੀਵੀਜੀ ਕ੍ਰਿਸ਼ਨਾਮੂਰਤੀ ਨੂੰ ਚੋਣ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ ਜਦੋਂ ਟੀਐਨ ਸ਼ੈਸ਼ਨ ਚੋਣ ਪੈਨਲ ਦੀ ਅਗਵਾਈ ਕਰ ਰਹੇ ਸਨ। ਸ ਗਿੱਲ ਕਾਂਗਰਸ ਮੈਂਬਰ ਵਜੋਂ ਰਾਜ ਸਭਾ ਵਿੱਚ ਦਾਖ਼ਲ ਹੋਏ ਅਤੇ 2008 ਵਿੱਚ ਕੇਂਦਰੀ ਖੇਡ ਮੰਤਰੀ ਵੀ ਬਣੇ।

–ਅਲਵਿਦਾ ਗਿੱਲ ਸਾਹਿਬ….

-ਨਵਦੀਪ ਸਿੰਘ ਗਿੱਲ-

ਕੁਸ਼ਲ ਪ੍ਰਸ਼ਾਸਕ ਅਤੇ ਧੜੱਲੇਦਾਰ ਚੋਣ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਖੇਤੀ, ਸੈਰ ਸਪਾਟਾ, ਸਾਹਿਤ ਤੇ ਖੇਡ ਪ੍ਰੇਮੀ ਡਾ ਮਨੋਹਰ ਸਿੰਘ ਗਿੱਲ ਵੱਲੋਂ ਬਤੌਰ ਕੇਂਦਰੀ ਖੇਡ ਮੰਤਰੀ ਕੀਤੇ ਕੰਮ ਸਦਾ ਯਾਦ ਰਹਿਣਗੇ। ਪਦਮਾ ਵਿਭੂਸ਼ਣ ਜੇਤੂ ਮਨੋਹਰ ਸਿੰਘ ਗਿੱਲ ਨੇ ਆਪਣੀ ਲਿਆਕਤ, ਸੂਝ-ਬੂਝ ਅਤੇ ਨਿਧੜਕ ਫੈਸਲਿਆਂ ਨਾਲ ਤਰਨ ਤਾਰਨ ਜ਼ਿਲੇ ਦੇ ਪਿੰਡ ਅਲਾਦੀਨ ਪੁਰ ਦਾ ਨਾਮ ਕੁੱਲ ਦੁਨੀਆਂ ਵਿੱਚ ਰੌਸ਼ਨ ਕੀਤਾ।

ਮਹਿੰਦਰ ਸਿੰਘ ਰੰਧਾਵਾ ਦੀ ਵਿਰਾਸਤ ਨੂੰ ਸਾਂਭਣ ਵਾਲੇ ਡਾ. ਮਨੋਹਰ ਸਿੰਘ ਗਿੱਲ ਵੀ ਪੰਜਾਬੀਅਤ ਦੇ ਵਗਦੇ ਦਰਿਆ ਸਨ। ਸਾਂਝੇ ਪੰਜਾਬ ਦੌਰਾਨ ਲਾਹੌਲ ਸਪਿਤੀ ਦੇ ਡਿਪਟੀ ਕਮਿਸ਼ਨਰ ਰਹੇ ਡਾ ਗਿੱਲ ਨੇ ‘ਹਿਮਾਲੀਅਨ ਵੰਡਰਲੈਂਡ- ਟ੍ਰੈਵਲਜ਼ ਇਨ ਲਾਹੌਲ-ਸਪਿਤੀ’ ਅਤੇ ‘ਫੋਕ ਟੇਲਜ਼ ਆਫ ਲਾਹੌਲ’ ਦੋ ਪੁਸਤਕਾਂ ਵੀ ਲਿਖੀਆਂ।

ਡਾ ਗਿੱਲ ਦੇ ਕੇਂਦਰੀ ਖੇਡ ਮੰਤਰੀ ਵਜੋਂ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਨੇੜਿਓ ਵੇਖਣ ਦਾ ਮੌਕਾ ਮਿਲਿਆ। 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਵੇਲੇ ਚੀਨ ਵਿੱਚ ਪਹਿਲੀ ਵਾਰ ਮਿਲਿਆ। ਉਸ ਵੇਲੇ ਮੈਂ ਆਪਣੀ ਰਿਲੀਜ਼ ਹੋਈ ਨਵੀਂ ਪੁਸਤਕ “ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ” ਦੀ ਕਾਪੀ ਭੇਂਟ ਕੀਤੀ ਤਾਂ ਕਾਰ ਵਿੱਚ ਬੈਠ ਕੇ ਸ਼ੀਸ਼ਾ ਖੋਲ਼੍ਹ ਕੇ ਬੋਲੇ “ਮੈਂ ਇਹ ਕਿਤਾਬ ਹੁਣੇ ਪੜ੍ਹਨ ਲਈ ਨਾਲ ਰੱਖ ਲਈ” । ਬੀਜਿੰਗ ਵਿੱਚ ਅਭਿਨਵ ਬਿੰਦਰਾ ਦੇ ਪਹਿਲੇ ਭਾਰਤੀ ਵਿਅਕਤੀਗਤ ਓਲੰਪਿਕਸ ਗੋਲਡ ਮੈਡਲਿਸਟ ਅਤੇ ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਦੇ ਕਾਂਸੇ ਦੇ ਮੈਡਲ ਤੋਂ ਖੁਸ਼ ਗਿੱਲ ਸਾਹਬ ਨੇ ਆਪਣੇ ਕਾਰਜਕਾਲ ਦੌਰਾਨ ਇਸ ਇਤਿਹਾਸਿਕ ਪ੍ਰਾਪਤੀ ਲਈ ਆਪਣੇ ਆਪ ਨੂੰ ਵਡਭਾਗਾ ਮੰਨਿਆ।ਅਭਿਨਵ ਦੀ ਜਿੱਤ ਉਤੇ ਉਸ ਨਾਲੋਂ ਵੱਧ ਉਤਸ਼ਾਹਤ ਤਾਂ ਗਿੱਲ ਸਾਹਿਬ ਸਨ।

2010 ਵਿੱਚ ਭਾਰਤ-ਚੀਨ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਚੀਨ ਦੇ ਦੌਰੇ ਉੱਤੇ ਗਏ 100 ਮੈਂਬਰੀ ਯੂਥ ਡੈਲੀਗੇਸ਼ਨ ਦਾ ਮੈਨੂੰ ਹਿੱਸਾ ਬਣਨ ਦਾ ਸਬੱਬ ਮਿਲਿਆ। ਗਿੱਲ ਸਾਹਿਬ ਦੀ ਅਗਵਾਈ ਵਿੱਚ ਅਸੀ ਨਵੀਂ ਦਿੱਲੀ ਤੋਂ ਸ਼ੰਘਾਈ ਏਅਰ ਇੰਡੀਆ ਦੀ ਇੱਕੋ ਫਲਾਈਟ ਵਿੱਚ ਸਵਾਰ ਸੀ। ਉਨ੍ਹਾਂ ਦੀ ਪੰਜਾਬ ਪੱਖੀ ਸੋਚ ਸਕਦਾ ਤਿੰਨ ਪੱਤਰਕਾਰਾਂ ਵਿੱਚ ਦੋ ਟ੍ਰਿਬਿਊਨ ਅਦਾਰੇ ਦੇ ਪੱਤਰਕਾਰ ਸ਼ਾਮਲ ਸਨ ਜਿਨਾਂ ਵਿੱਚ ਪੰਜਾਬੀ ਟ੍ਰਿਬਿਊਨ ਵੱਲੋਂ ਮੈਨੂੰ ਅਤੇ ਦਿ ਟ੍ਰਿਬਿਊਨ ਵੱਲੋਂ ਮੇਘਾ ਮਾਨ। ਇਸ ਤੋਂ ਇਲਾਵਾ ਗਿੱਲ ਸਾਹਿਬ ਦੇ ਜੱਦੀ ਜਿਲੇ ਤਰਨ ਤਾਰਨ ਦੇ ਨੌਜਵਾਨਾਂ ਸਮੇਤ ਛੇ ਪੰਜਾਬੀ ਡੈਲੀਗੇਸ਼ਨ ਦਾ ਹਿੱਸਾ ਸੀ। ਸ਼ੰਘਾਈ, ਹੇਫਈ ਤੇ ਚੌਂਗਕਿੰਗ ਦਾ 10 ਦਿਨਾਂ ਦੌਰਾ ਕਰਨ ਦੀ ਪਹਿਲੀ ਸ਼ਾਮ ਸ਼ੰਘਾਈ ਵਿਖੇ ਜਦੋਂ ਸਾਰੇ ਸੂਬਿਆਂ ਦੇ ਨੌਜਵਾਨਾਂ ਨੇ ਆਪੋ ਆਪਣੇ ਸੂਬੇ ਦਾ ਰਵਾਇਤੀ ਪਹਿਰਾਵਾ ਪਹਿਨਿਆ ਤਾਂ ਮੇਰੇ ਸਮੇਤ ਦੂਜੇ ਪੰਜਾਬੀ ਮੁੰਡੇ ਨੂੰ ਕੁੜਤਾ-ਚਾਦਰਾ, ਤੁਰਲੇ ਵਾਲੀ ਪੱਗ ਵਿੱਚ ਦੇਖ ਕੇ ਡਾ ਗਿੱਲ ਗਦਗਦ ਹੋ ਗਏ।

ਡਾ ਗਿੱਲ ਦੇ ਕਾਰਜਕਾਲ ਵਿੱਚ ਨਵੀਂ ਦਿੱਲੀ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ।ਖੇਡ ਐਵਾਰਡਾਂ ਵਿੱਚ ਪਾਰਦਰਸ਼ਤਾ ਤੇ ਸਹੀ ਚੋਣ ਲਈ ਮਾਹਿਰਾਂ ਦੀਆਂ ਚੋਣ ਕਮੇਟੀਆਂ, ਸ਼ਿਲਾਰੂ (ਹਿਮਾਚਲ ਪ੍ਰਦੇਸ਼) ਵਿਖੇ ਹਾਕੀ ਐਸਟੋਟਰਫ ਵਿਛਾ ਕੇ ਖਿਡਾਰੀਆਂ ਨੂੰ ਤਿਆਰੀ ਲਈ ਸਮੁੰਦਰੀ ਤਲ ਤੋਂ ਵੱਧ ਉਚਾਈ ਵਾਲੇ ਮੈਦਾਨ ਸਥਾਪਤ ਕਰਨ ਦਾ ਮੁੱਢ ਬੱਝਿਆ।ਆਪਣੇ ਜੱਦੀ ਜ਼ਿਲੇ ਤਰਨ ਤਾਰਨ ਨੂੰ ਯੂਥ ਹੋਸਟਲ ਸਮੇਤ ਬਿਹਤਰ ਖੇਡ ਢਾਂਚਾ ਦਿੱਤਾ। ਉਨ੍ਹਾਂ ਦਾ ਕਾਰਜਕਾਲ ਬਹੁਤ ਛੋਟਾ ਸੀ ਨਹੀਂ ਤਾਂ ਖੇਡ ਸੁਧਾਰਾਂ ਦੀ ਸੂਚੀ ਬਹੁਤ ਲੰਬੀ ਹੋਣੀ ਸੀ।

ਇਕੇਰਾਂ ਜਦੋਂ ਡਾ ਗਿੱਲ 2005 ਵਿੱਚ ਰਾਜ ਸਭਾ ਮੈਂਬਰ ਸਨ ਤਾਂ ਮੈਂ ਜਲੰਧਰੋਂ ਪੰਜਾਬੀ ਟ੍ਰਿਬਿਊਨ ਲਈ ਰਿਪੋਰਟਿੰਗ ਕਰਦਿਆਂ ਅਥਲੀਟ ਮਨਜੀਤ ਕੌਰ ਦੀਆਂ ਪ੍ਰਾਪਤੀਆਂ ਬਾਰੇ ਸਟੋਰੀ ਕਰਦਿਆਂ ਉਸ ਲਈ ਵਿਦੇਸ਼ ਤਿਆਰੀ ਲਈ ਸਪਾਂਸਰਸ਼ਿਪ ਦਾ ਮੁੱਦਾ ਉਠਾਇਆ ਸੀ। ਉਸ ਸਮੇਂ ਡਾ ਗਿੱਲ ਨੇ ਦਿੱਲੀਓਂ ਮੈਨੂੰ ਫੋਨ ਕਰਕੇ ਮਨਜੀਤ ਕੌਰ ਦਾ ਮੋਬਾਈਲ ਲਿਆ ਅਤੇ ਉਸ ਨੂੰ ਤੁਰੰਤ ਆਪਣੇ ਕੋਲ਼ੋਂ 2 ਲੱਖ ਰੁਪਏ ਦੀ ਵਿੱਤੀ ਮੱਦਦ ਕੀਤੀ।

ਇਕ ਗੱਲ ਹੋਰ। ਇਕ ਵਾਰ ਜਦੋਂ ਮੈਂ ਉਨ੍ਹਾਂ ਦੇ ਕੇਂਦਰੀ ਮੰਤਰੀ ਰਹਿੰਦਿਆਂ ਮਦਰ ਟੈਰੇਸਾ ਕਰਸੈਂਟ ਰੋਡ ਸਥਿਤ 12 ਨੰਬਰ ਸਰਕਾਰੀ ਕੋਠੀ ਵਿੱਚ ਮਿਲਣ ਗਿਆ ਤਾਂ ਉਨ੍ਹਾਂ ਇੱਕ ਕਿੱਸਾ ਸੁਣਾਇਆ ਕਿ ਇਹ ਕੋਠੀ ਅਭਾਗੀ ਰਹੀ ਜਿਵੇਂ ਕਿ ਇੰਦਰਾ ਗਾਂਧੀ ਦੀ ਇੱਥੇ ਰਿਹਾਇਸ਼ ਦੌਰਾਨ ਸੰਜੇ ਗਾਂਧੀ ਦੀ ਦੁਰਘਟਨਾ ਹੋਈ ਅਤੇ ਹੋਰ ਵੀ ਕਈ ਆਗੂਆਂ ਨਾਲ ਵਾਪਰੀਆਂ ਦੁਖਦਾਇਕ ਗੱਲਾਂ ਸੁਣਾਈਆਂ ਪਰ ਉਹ ਕਹਿੰਦੇ “ਮੈਂ ਇਸ ਗੱਲ ਵਿੱਚ ਵਹਿਮ ਨਹੀਂ ਕਰਦਾ” ਹਾਂਲਾਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਪਰ ਫੇਰ ਵੀ ਉਨ੍ਹਾਂ ਨੇ ਬਾਅਦ ਵਿੱਚ ਇੱਕ ਮੁਲਾਕਾਤ ਦੌਰਾਨ ਇਸ ਗੱਲ ਉੱਤੇ ਕੋਈ ਅਫ਼ਸੋਸ ਨਹੀਂ ਜਤਾਇਆ।