Headlines

ਜਗਰਾਉਂ ‘ਚ ਕੌਮਾਂਤਰੀ ਪੱਧਰ ਦੇ ਡੇਅਰੀ ਅਤੇ ਖੇਤੀਬਾੜੀ ਮੇਲੇ ਦੀਆਂ ਤਾਰੀਕਾਂ ਦਾ ਐਲਾਨ

3 ਤੋਂ 5 ਫਰਵਰੀ 2024 ਨੂੰ ਹੋਣ ਵਾਲੇ ਮੇਲੇ ਵਿਚ ਕੈਨੇਡਾ ਤੇ ਅਮਰੀਕਾ ਸਮੇਤ ਦਰਜਨ ਦੇਸ਼ਾਂ ਤੋਂ ਪੁੱਜਣਗੇ ਮਾਹਿਰ-

ਪੰਜਾਬ ਦੀ ਕਿਸਾਨੀ ਲਈ ਨਵੇਂ ਰਾਹ ਖੋਲਣ ਦੇ ਯਤਨ ਕਰ ਰਹੇ ਹਾਂ -ਸਦਰਪੁਰਾ

ਕਿਸਾਨਾਂ ਨੂੰ ਦਿੱਤੇ ਜਾਣਗੇ 50 ਲੱਖ ਦੇ ਇਨਾਮ-

ਜਗਰਾਉਂ, (ਜੋਗਿੰਦਰ ਸਿੰਘ )-ਕੌਮਾਂਤਰੀ ਪੱਧਰ ਦੇ ਜਗਰਾਉਂ ‘ਚ ਹੋਣ ਵਾਲੇ ਡੇਅਰੀ ਅਤੇ ਖੇਤੀਬਾੜੀ ਮੇਲੇ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ l ਇਹ ਐਲਾਨ ਮੇਲੇ ਦੀ ਪ੍ਰਬੰਧਕ ਜਥੇਬੰਦੀ ਪ੍ਰੋਗਰੈਸਿਵ ਡੇਆਰੀ ਫਾਰਮਰਜ ਐਸੋਸੀਏਸ਼ਨ (ਪੀ. ਡੀ.ਐਫ. ਏ.) ਨੇ ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਬਿਆਨ ‘ ਚ ਕੀਤਾ ਗਿਆ। ਕੈਨੇਡਾ ਤੋਂ ਛਪਦੇ  ਦੇਸ਼ ਪ੍ਰਦੇਸ਼ ਟਾਈਮਜ ਨਾਲ ਗੱਲਬਾਤ ਦੌਰਾਨ ਪੀ. ਡੀ. ਐਫ. ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਕੌਮਾਂਤਰੀ ਪੱਧਰ ਦਾ ਇਹ ਮੇਲਾ ਰਾਜ ਦੀ ਕਿਸਾਨੀ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਤੇ ਖੇਤੀਬਾੜੀ ਦੇ ਨਾਲ ਡੇਅਰੀ ਧੰਦੇ ਨੂੰ ਵੀ ਉਤਸ਼ਾਹਿਤ ਕਰਨ ਲਈ ਪਿਛਲੇ ਲੰਬੇ ਅਰਸੇ ਤੋਂ ਯੋਗਦਾਨ ਪਾਉਂਦਾ ਆ ਰਿਹਾ । ਉਨ੍ਹਾਂ ਦੱਸਿਆ ਕਿ ਜਗਰਾਉਂ ਦੀ ਧਰਤੀ ‘ਤੇ ਇਸ ਵਾਰ ਇਹ ਮੇਲਾ ਮਿਤੀ 3, 4 ਅਤੇ 5 ਫਰਵਰੀ 2024 ਨੂੰ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਦੁਧਾਰੂ ਪਸ਼ੂਆਂ ਦੇ  ਦੁੱਧ ਚੋਆਈ ਅਤੇ ਬਰੀਡ ਮੁਕਾਬਲਿਆਂ ਵਿੱਚ ਜੇਤੂਆਂ ਨੂੰ 50 ਲੱਖ ਰੁਪਏ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ, ਤਾਂ ਕਿ ਰਾਜ ਦੀ ਕਿਸਾਨੀ ਨੂੰ ਉਤਸਾਹਿਤ ਕੀਤਾ ਜਾ ਸਕੇ । ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਲੁਧਿਆਣਾ – ਫਿਰੋਜ਼ਪੁਰ ਨੈਸ਼ਨਲ ਹਾਈਵੇ ਤੇ ਜਗਰਾਉਂ ਦੀ ਪਸ਼ੂ ਮੰਡੀ ਵਿਖੇ ਇਹ ਕੌਮਾਂਤਰੀ ਐਕਸਪੋ 3 ਫਰਵਰੀ ਨੂੰ ਸ਼ੁਰੂ ਹੋਵੇਗਾ, ਜਿਸ ਵਿੱਚ ਕਨੇਡਾ, ਅਮਰੀਕਾ, ਡੈਨਮਾਰਕ, ਜਰਮਨ, ਆਸਟਰੇਲੀਆ ਸਮੇਤ ਦਰਜਨ ਭਰ ਦੁਨੀਆਂ ਦੇ ਦੇਸ਼ਾਂ ਵਿੱਚੋਂ ਮਾਹਿਰ ਇਸ ਕਿੱਤੇ ਦੀ ਸਫ਼ਲਤਾ ਦੇ ਗੁਰ ਲੈ ਕੇ ਇੱਕੋ ਛੱਤ ਹੇਠ ਇਕੱਠੇ ਹੋ ਰਹੇ ਹਨ। ਇਹੀ ਨਹੀਂ ਇਸ ਐਕਸਪੋ ਵਿੱਚ ਜਿੱਥੇ ਡੇਅਰੀ ਮਾਲਕਾਂ ਅਤੇ ਪਸ਼ੂ ਪਾਲਕਾਂ ਨੂੰ ਅੱਜ ਦੇ ਜਮਾਨੇ ਦੀ ਡੇਅਰੀ ਅਤੇ ਖੇਤੀ ਕਿੱਤੇ ਨਾਲ ਜੁੜੀ ਅਤੀ ਆਧੁਨਿਕ ਤਕਨੀਕ ਤੋਂ ਜਾਣੂ ਕਰਵਾਉਣਗੇ, ਉਥੇ ਐਕਸਪੋ ‘ਚ ਦੋਵਾਂ ਕਿਤਿਆਂ ਨੂੰ ਲਾਹੇਵੰਦ ਬਣਾਉਂਦੀ ਮਸ਼ੀਨਰੀ, ਪ੍ਰੋਡਕਟ ਅਤੇ ਹੋਰ ਜਾਣਕਾਰੀ ਸਾਂਝੀ ਕਰਨਗੇ। ਇਸ ਮੇਲੇ ‘ਚ ਦੇਸ਼ ਦੁਨੀਆਂ ਤੋਂ 300 ਤੋਂ ਵੱਧ ਕੰਪਨੀਆਂ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ । ਮੀਟਿੰਗ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਬਲਵਿੰਦਰ ਸਿੰਘ ਚੌਤਰਾ, ਮਨਜੀਤ ਸਿੰਘ ਮੋਹੀ ਆਦਿ ਹਾਜ਼ਰ ਸਨ ।