Headlines

ਨਵਾਜ਼ ਸ਼ਰੀਫ ਚਾਰ ਸਾਲ ਦੀ ਜਲਾਵਤਨੀ ਮਗਰੋਂ ਪਾਕਿਸਤਾਨ ਪੁੱਜੇ

ਇਸਲਾਮਾਬਾਦ, 22 ਅਕਤੂਬਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇੰਗਲੈਂਡ ਵਿੱਚ ਚਾਰ ਸਾਲ ਦੀ ਜਲਾਵਤਨੀ ਮਗਰੋਂ ਵਿਸ਼ੇਸ਼ ਉਡਾਣ ਰਾਹੀਂ ਵਤਨ ਪਰਤ ਆਏ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਵਿਸ਼ੇਸ਼ ਜਹਾਜ਼ ‘ਉਮੀਦ-ਏ-ਪਾਕਿਸਤਾਨ’ ਰਾਹੀਂ ਦੁਬਈ ਤੋਂ ਇਸਲਾਮਾਬਾਦ ਪੁੱਜੇ ਹਨ। ਇਥੇ ਪੁੱਜਣ ’ਤੇ ਸ਼ਰੀਫ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਲਏ ਜਿਹੜੇ ਇਸਲਾਮਾਬਾਦ ਹਾਈ ਕੋਰਟ ’ਚ ਜਮ੍ਹਾਂ ਕਰਵਾਏ ਜਾਣਗੇ। ਹਾਈ ਕੋਰਟ ਨੇ ਉਨ੍ਹਾਂ ਨੂੰ 19 ਅਕਤੂਬਰ ਨੂੰ ਜ਼ਮਾਨਤ ਦਿੱਤੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਬਾਇਓਮੀਟਰਿਕਸ ਵੀ ਲਏ ਹਨ। ਨਵਾਜ਼ ਸ਼ਰੀਫ ਦੀ ਵਾਪਸੀ ਨਾਲ ਸਿਆਸੀ ਮਾਹੌਲ ਭਖ ਗਿਆ ਹੈ ਅਤੇ ਉਨ੍ਹਾਂ ਦੇ ਜਨਵਰੀ ’ਚ ਹੋਣ ਵਾਲੀਆਂ ਆਮ ਚੋਣਾਂ ਲੜਨ ਦੀ ਪੂਰੀ ਸੰਭਾਵਨਾ ਹੈ। ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਨੇ ਪਾਕਿਸਤਾਨ ਦੇ ਮਾੜੇ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਜਤਾਈ ਕਿ ਉਨ੍ਹਾਂ ਦੀ ਪਾਰਟੀ ਮੰਦਹਾਲੀ ’ਚ ਫਸੇ ਮੁਲਕ ਨੂੰ ਮੌਜੂਦਾ ਸੰਕਟ ’ਚੋਂ ਕੱਢਣ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪਾਕਿਸਤਾਨ ਛੱਡ ਕੇ ਜਾ ਰਹੇ ਸਨ ਤਾਂ ਨਾਖੁਸ਼ ਸਨ ਪਰ ਅੱਜ ਵਤਨ ਪਰਤ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸ਼ਰੀਫ ਨੇ ਕਿਹਾ ਕਿ ਮੁਲਕ ਨੂੰ ਆਪਣੇ ਪੈਰਾਂ ’ਤੇ ਖੁਦ ਹੀ ਖੜ੍ਹਾ ਹੋਣਾ ਪਵੇਗਾ ਅਤੇ ਕੋਈ ਉਸ ਦੀ ਸਹਾਇਤਾ ਨਹੀਂ ਕਰੇਗਾ। ਸ਼ਰੀਫ ਨੇ ਕਿਹਾ ਕਿ ਸਿਰਫ਼ ਚੋਣ ਕਮਿਸ਼ਨ ਹੀ ਚੋਣਾਂ ਕਰਾਉਣ ਦਾ ਫ਼ੈਸਲਾ ਲੈ ਸਕਦਾ ਹੈ ਅਤੇ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਮੈਂ 150 ਅਦਾਲਤੀ ਸੁਣਵਾਈਆਂ ਰਾਹੀਂ ਗੁਜ਼ਰਿਆ ਹਾਂ। ਨਾ ਸਿਰਫ਼ ਮੈਨੂੰ ਸਗੋਂ ਮੇਰੀ ਧੀ ਨੂੰ ਵੀ ਕੇਸ ਝੱਲਣੇ ਪਏ ਹਨ। ਉਹ ਕਿਸੇ ਸਰਕਾਰੀ ਅਹੁਦੇ ’ਤੇ ਵੀ ਨਹੀਂ ਸੀ ਪਰ ਫਿਰ ਵੀ ਉਸ ਖ਼ਿਲਾਫ਼ ਕੇਸ ਹੋਏ।’’ ਉਨ੍ਹਾਂ ਕਿਹਾ ਕਿ ਭਰਾ ਸ਼ਾਹਬਾਜ਼ ਸ਼ਰੀਫ, ਰਾਣਾ ਸਨਾਉੱਲ੍ਹਾ ਖ਼ਾਨ ਅਤੇ ਹਨੀਫ਼ ਅੱਬਾਸੀ ਖ਼ਿਲਾਫ਼ ਝੂਠੇ ਕੇਸ ਕੀਤੇ ਗਏ। -ਪੀਟੀਆਈ

ਮੀਨਾਰ-ਏ-ਪਾਕਿਸਤਾਨ ’ਤੇ ਰੈਲੀ ਨੂੰ ਕੀਤਾ ਸੰਬੋਧਨ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਇੱਥੇ ਮੀਨਾਰ-ਏ-ਪਾਕਿਸਤਾਨ ’ਤੇ ਇਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਵਤਨ ਪਰਤਣ ’ਤੇ ਉਹ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਇਸ ਮੌਕੇ ਕਿਹਾ, ‘ਸਿਆਸਤ ਕਾਰਨ ਮੇਰੀ ਮਾਂ ਅਤੇ ਪਤਨੀ ਮੇਰੇ ਤੋਂ ਦੂਰ ਹੋ ਗਈਆਂ। ਉਨ੍ਹਾਂ ਦੀ ਮੌਤ ਦੀ ਖ਼ਬਰ ਮੈਨੂੰ ਜੇਲ੍ਹ ਵਿਚ ਮਿਲੀ।’ ਨਵਾਜ਼ ਨੇ ਕਿਹਾ ਕਿ ਪਾਰਟੀ ਵਰਕਰਾਂ ਦਾ ਇਕੱਠ ਦੇਖ ਕੇ ਉਨ੍ਹਾਂ ਨੂੰ ‘ਦੁੱਖ ਤੇ ਦਰਦ’ ਭੁੱਲ ਗਿਆ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ 73 ਸਾਲਾ ਸੁਪਰੀਮੋ ਨੇ ਕਿਹਾ ਕਿ ਕੁਝ ਜ਼ਖ਼ਮ ਕਦੇ ਵੀ ਨਹੀਂ ਭਰ ਸਕਦੇ। ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਕੁਲਸੂਮ ਉਦੋਂ ਆਪਣੇ ਆਖ਼ਰੀ ਸਾਹ ਗਿਣ ਰਹੀ ਸੀ। ਉਨ੍ਹਾਂ ਜੇਲ੍ਹ ਅਥਾਰਿਟੀ ਤੋਂ ਪਤਨੀ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ ਜੋ ਕਿ ਲੰਮੇ ਸਮੇਂ ਤੱਕ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਮੌਤ ਦੀ ਖਬਰ ਹੀ ਮਿਲੀ।

ਪਿਤਾ ਦੀ ਵਾਪਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ: ਮਰੀਅਮ

ਇਸਲਾਮਾਬਾਦ: ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਪਿਤਾ ਨਵਾਜ਼ ਸ਼ਰੀਫ ਦੀ ਚਾਰ ਸਾਲ ਮਗਰੋਂ ਵਤਨ ਵਾਪਸੀ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਉਨ੍ਹਾਂ ਆਸ ਜਤਾਈ ਕਿ ਸਾਬਕਾ ਪ੍ਰਧਾਨ ਮੰਤਰੀ ਸਿਆਸਤ ’ਚ ਇਕ ਵਾਰ ਫਿਰ ਵਾਪਸੀ ਕਰਨਗੇ। ਮਰੀਅਮ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਜਿਹੜਾ ਦੁੱਖ ਅਤੇ ਦਰਦ ਨਵਾਜ਼ ਸ਼ਰੀਫ ਨੇ ਪਿਛਲੇ 24 ਸਾਲਾਂ ’ਚ ਝੱਲਿਆ ਹੈ, ਉਸ ਨੂੰ ਬਿਆਨ ਨਹੀਂ ਜਾ ਸਕਦਾ ਹੈ। ਕੁਝ ਜ਼ਖ਼ਮ ਅਜਿਹੇ ਹਨ ਜੋ ਕਦੇ ਵੀ ਠੀਕ ਨਹੀਂ ਹੋਣਗੇ।