Headlines

ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

ਧਰਮਸ਼ਾਲਾ, 22 ਅਕਤੂਬਰ

ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਵਿਰਾਟ ਕੋਹਲੀ ਦੀ 95 ਦੌੜਾਂ ਦੀ ਪਾਰੀ ਸਦਕਾ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। ਭਾਰਤ ਨੇ ਜਿੱਤ ਲਈ 274 ਦੌੜਾਂ ਦਾ ਟੀਚਾ ਛੇ ਵਿਕਟਾਂ ਗੁਆ ਕੇ 48 ਓਵਰਾਂ ’ਚ ਪੂਰਾ ਕਰ ਲਿਆ। ਹਾਲਾਂਕਿ ਕੋਹਲੀ ਆਪਣਾ ਰਿਕਾਰਡ 49ਵਾਂ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ ਅਤੇ ਇਕ ਦਿਨਾਂ ਮੈਚਾਂ ’ਚ ਸਚਨਿ ਤੇਂਦੁਲਕਰ ਦੇ ਰਿਕਾਰਡ 49 ਸੈਂਕੜਿਆਂ ਦੀ ਬਰਾਬਰੀ ਨਾ ਕਰ ਸਕਿਆ। ਚਾਰ ਮੈਚ ਜਿੱਤ ਚੁੱਕੀ ਕਿਵੀ ਟੀਮ ਦੀ ਟੂਰਨਾਮੈਂਟ ’ਚ ਇਹ ਪਹਿਲੀ ਹਾਰ ਹੈ। ਸਲਾਮੀ ਜੋੜੀ ਰੋਹਿਤ ਸ਼ਰਮਾ (46 ਦੌੜਾਂ) ਅਤੇ ਸ਼ੁਭਮਨ ਗਿੱਲ ਦੇ ਆਊਟ ਹੋਣ ਮਗਰੋਂ ਵਿਰਾਟ ਕੋਹਲੀ ਨੇ ਸ਼੍ਰੇਅਸ ਅਈਅਰ (33 ਦੌੜਾਂ) ਅਤੇ ਕੇ.ਐੱਲ. ਰਾਹੁਲ (26 ਦੌੜਾਂ) ਨਾਲ ਮਿਲ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਰਵਿੰਦਰ ਜਡੇਜਾ (ਨਾਬਾਦ 39 ਦੌੜਾਂ) ਨੇ ਜੇਤੂ ਸ਼ਾਟ ਲਾਇਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਟੀਮ ਨੂੰ 50 ਓਵਰਾਂ ’ਚ 273 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਕਿਵੀ ਬੱਲੇਬਾਜ਼ ਡੈਰਿਲ ਮਿਸ਼ੇਲ ਨੇ ਸੈਂਕੜਾ ਜੜਦਿਆਂ 130 ਦੌੜਾਂ ਅਤੇ ਰਚਨਿ ਰਵਿੰਦਰਾ ਨੇ 75 ਦੌੜਾਂ ਬਣਾਈਆਂ। ਮਿਸ਼ੇਲ ਤੇ ਰਵਿੰਦਰਾ ਨੇ ਤੀਜੀ ਵਿਕਟ ਲਈ 159 ਦੌੜਾਂ ਦੀ ਭਾਈਵਾਲੀ ਕੀਤੀ। ਕਿਵੀ ਟੀਮ ਦੇ ਸੱਤ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਪੰਜ ਵਿਕਟਾਂ ਜਦਕਿ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ।

ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

ਚੇਨੱਈ: ਪਾਕਿਸਤਾਨ ਤੇ ਅਫ਼ਗਾਨਿਸਤਾਨ ਭਲਕੇ ਆਹਮੋ ਸਾਹਮਣੇ ਹੋਣਗੇ, ਜਿੱਥੇ ਵਿਰੋਧੀ ਟੀਮ ਦੇ ਸਪਿੰਨ ਗੇਂਦਬਾਜ਼ ਪਾਕਿਸਤਾਨ ਲਈ ਚਿੰਤਾ ਦਾ ਸਬੱਬ ਬਣ ਸਕਦੇ ਹਨ। ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨ ਟੀਮ ਨੂੰ ਭਾਰਤ ਅਤੇ ਆਸਟਰੇਲੀਆ ਹੱਥੋਂ ਮਿਲੀਆਂ ਲਗਾਤਾਰ ਦੋ ਹਾਰਾਂ ਮਗਰੋਂ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੋਵੇਗਾ। ਮੈਚ ਸੋਮਵਾਰ ਨੂੰ ਚੇਨੱਈ ਦੇ ਐੈੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਪਾਕਿਸਤਾਨ ਇਸ ਸਮੇਂ ਚਾਰ ਮੈਚਾਂ ਵਿੱਚੋਂ ਦੋ ਜਿੱਤਾਂ ਅਤੇ ਦੋ ਹਾਰਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਅਫ਼ਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖ਼ਾਨ, ਮੁਹੰਮਦ ਨਬੀ ਅਤੇ ਮੁਜੀਬ ਉਰ ਰਹਿਮਾਨ ਪਾਕਿ ਲਈ ਖ਼ਤਰਾ ਬਣ ਸਕਦੇ ਹਨ।