Headlines

ਬਹੁਤੇ ਨਵੇਂ ਐਂਟੀਬਾਇਓਟਿਕਸ ਤੱਕ ਨਹੀਂ ਹੈ ਕੈਨੇਡੀਅਨਜ਼ ਦੀ ਪਹੁੰਚ : ਰਿਪੋਰਟ

ਓਟਵਾ, 22 ਅਕਤੂਬਰ – ਨਵੇਂ ਫੈਡਰਲ ਆਡਿਟ ਵਿੱਚ ਇਹ ਪਾਇਆ ਗਿਆ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊਐਚਓ) ਵੱਲੋਂ ਬਿਮਾਰੀ ਨੂੰ ਠੀਕ ਕਰਨ ਲਈ ਆਖਰੀ ਹੱਲ ਵਜੋਂ ਨਿਰਧਾਰਤ ਕੀਤੇ ਗਏ 29 ਐਂਟੀਬਾਇਓਟਿਕਸ ਵਿੱਚੋਂ ਕੈਨੇਡੀਅਨਜ ਦੀ 19 ਤੱਕ ਪਹੁੰਚ ਹੀ ਨਹੀਂ ਹੈ।
ਆਡੀਟਰ ਜਨਰਲ ਕੈਰਨ ਹੋਗਨ ਵੱਲੋਂ ਵੀਰਵਾਰ ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਪਾਇਆ ਗਿਆ ਕਿ ਐਂਟੀਮਾਇਕ੍ਰੋਬੀਅਲ ਡਰੱਗਜ਼ ਪ੍ਰਤੀ ਵਿਰੋਧ ਵਧਣ ਦਰਮਿਆਨ ਹੈਲਥ ਕੈਨੇਡਾ ਵੱਲੋਂ ਹੋਰਨਾਂ ਮੁਲਕਾਂ ਵਿੱਚ ਉਪਲਬਧ ਨਵੇਂ ਐਂਟੀਮਾਇਕ੍ਰੋਬੀਅਲ ਡਰੱਗਜ਼ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਬਹੁਤਾ ਕੁੱਝ ਨਹੀਂ ਕੀਤਾ ਗਿਆ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਕੋਵਿਡ-19 ਮਹਾਂਮਾਰੀ ਨੇ ਦਰਸ਼ਾ ਦਿੱਤਾ ਹੈ ਕਿ ਜੇ ਸਮੇਂ ਸਿਰ ਤਿਆਰੀ ਨਾ ਕੀਤੀ ਜਾਵੇ ਤਾਂ ਕਈ ਜਿੰ਼ਦਗੀਆਂ ਦਾ ਘਾਣ ਹੋ ਸਕਦਾ ਹੈ।
ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਤੇ ਹੈਲਥ ਕੈਨੇਡਾ ਵੱਲੋਂ ਐਂਟੀਮਾਇਕ੍ਰੋਬੀਅਲ ਡਰੱਗਜ਼ ਦੇ ਵਿਰੋਧ ਨੂੰ ਖ਼ਤਮ ਕਰਨ ਪ੍ਰਤੀ ਕੁੱਝ ਕਦਮ ਚੁੱਕੇ ਗਏ ਹਨ ਪਰ ਇਸ ਦੇ ਬਾਵਜੂਦ ਜਦੋਂ ਹਸਪਤਾਲਾਂ ਦੇ ਬਾਹਰ ਤੇ ਕਮਜੋ਼ਰ ਆਬਾਦੀ ਸਬੰਧੀ ਡਾਟਾ ਇੱਕਠਾ ਕਰਨ ਦੀ ਗੱਲ ਆਉਂਦੀ ਹੈ ਤਾਂ ਵੱਡਾ ਪਾੜਾਂ ਨਜ਼ਰ ਆਉਂਦਾ ਹੈ।ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਗਨ ਨੇ ਆਖਿਆ ਕਿ ਸਹੀ ਢੰਗ ਨਾਲ ਕ਼ੰਮ ਕਰਨ ਵਾਸਤੇ ਸਰਕਾਰ ਨੂੰ ਪਹਿਲਾਂ ਸੰਕਟ ਖੜ੍ਹਾ ਹੋਣ ਦੀ ਉਡੀਕ ਕਰਨ ਦੀ ਤਾਂ ਲੋੜ ਨਹੀਂ ਹੋਣੀ ਚਾਹੀਦੀ।
ਹੋਗਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ 2020 ਵਿੱਚ ਨਵੇਂ 13 ਐਂਟੀਬਾਇਓਟਿਕਸ ਵਿੱਚੋਂ ਕੈਨੇਡੀਅਨਜ਼ ਦੀ ਪਹੁੰਚ ਸਿਰਫ ਦੋ ਤੱਕ ਸੀ ਜਦਕਿ ਅਮੈਰੀਕਨਜ਼ ਦੀ ਪਹੁੰਚ ਸਾਰੇ 13 ਐਂਟੀਬਾਇਓਟਿਕਸ ਤੱਕ ਸੀ ਤੇ ਸਵੀਡਨ ਤੇ ਯੂਕੇ ਦੀ ਪਹੁੰਚ ਅੱਠ ਨਵੇਂ ਐਂਟੀਬਾਇਓਟਿਕਸ ਤੱਕ ਸੀ।ਇਸ ਆਡਿਟ ਦੀਆਂ ਲੱਭਤਾਂ ਉੱਤੇ ਪ੍ਰਤੀਕਿਰਿਆ ਕਰਦਿਆਂ ਵੀਰਵਾਰ ਦੁਪਹਿਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਆਖਿਆ ਕਿ ਇਸ ਰਿਪੋਰਟ ਤੋਂ ਬਾਅਦ ਅਸੀਂ ਸਮਝ ਗਏ ਹਾਂ ਕਿ ਸਾਨੂੰ ਕਿਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਮੰਨਿਆ ਕਿ ਸਰਕਾਰ ਨੂੰ ਅਜੇ ਇਸ ਪਾਸੇ ਹੋਰ ਕਾਫੀ ਕੰਮ ਕਰਨਾ ਬਾਕੀ ਹੈ।