Headlines

ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਲੰਮੇ ਸਮੇਂ ਤੋਂ ਬਿਮਾਰ ਸਨ; ਇੱਕ ਦਹਾਕੇ ਤੋਂ ਵੱਧ ਸਮਾਂ ਭਾਰਤੀ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਰਹੇ-

ਨਵੀਂ ਦਿੱਲੀ, 23 ਅਕਤੂਬਰ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦੇਸ਼ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਲੰਮੀ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅੰਜੂ, ਪੁੱਤਰ ਅੰਗਦ ਤੇ ਧੀ ਨੇਹਾ ਹਨ। ਬੇਦੀ ਦਾ ਜਨਮ 1946 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਖੱਬੂ ਸਪਿੰਨਰ ਬੇਦੀ ਨੇ ਭਾਰਤ ਲਈ 67 ਟੈਸਟ ਮੈਚ ਖੇਡੇ ਤੇ 266 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਪਾਰੀ ਵਿੱਚ 14 ਵਾਰ ਪੰਜ ਵਿਕਟਾਂ ਅਤੇ ਮੈਚ ਵਿੱਚ ਇੱਕ ਵਾਰ 10 ਵਿਕਟਾਂ ਹਾਸਲ ਕੀਤੀਆਂ। ਉਹ 22 ਟੈਸਟ ਮੈਚਾਂ ਵਿੱਚ ਭਾਰਤੀ ਟੀਮ ਦੇ ਕਪਤਾਨ ਵੀ ਰਹੇ। ਉਹ ਭਾਰਤੀ ਕ੍ਰਿਕਟ ਦੇ ਸਪਿੰਨਰਾਂ ਦੀ ਉਸ ਸੁਨਹਿਰੀ ਚੌਕੜੀ ਦਾ ਹਿੱਸਾ ਸਨ ਜਿਹਨਾਂ ਵਿੱਚ ਉਨ੍ਹਾਂ ਤੋਂ ਇਲਾਵਾ ਇਰਾਪੱਲੀ ਪ੍ਰਸੰਨਾ, ਭਾਗਵਤ ਚੰਦਰਸ਼ੇਖਰ ਤੇ ਸ੍ਰੀਨਿਵਾਸ ਵੈਂਕਟਰਾਘਵਨ ਸ਼ਾਮਲ ਸਨ। ਉਹ 1966 ਤੇ 1978 ਵਿਚਾਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਰਹੇ। ਬੇਦੀ 1990 ’ਚ ਨਿਊਜ਼ੀਲੈਂਡ ਤੇ ਇੰਗਲੈਂਡ ਦੌਰੇ ਦੌਰਾਨ ਕੁਝ ਸਮੇਂ ਲਈ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਵੀ ਰਹੇ। ਉਹ ਕੌਮੀ ਚੋਣਕਾਰ ਹੋਣ ਦੇ ਨਾਲ ਨਾਲ ਮਨਿੰਦਰ ਸਿੰਘ ਤੇ ਮੁਰਲੀ ਕਾਰਤਿਕ ਜਿਹੇ ਕਈ ਸ਼ਾਨਦਾਰ ਸਪਿੰਨਰਾਂ ਦੇ ਗੁਰੂ ਵੀ ਸਨ। ਬਿਸ਼ਨ ਸਿੰਘ ਬੇਦੀ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 1560 ਵਿਕਟਾਂ ਹਾਸਲ ਕੀਤੀਆਂ ਜੋ ਕਿਸੇ ਵੀ ਹੋਰ ਭਾਰਤੀ ਖਿਡਾਰੀ ਨਾਲੋਂ ਵੱਧ ਹਨ। ਉਨ੍ਹਾਂ ਦਿੱਲੀ ਲਈ ਘਰੇਲੂ ਕ੍ਰਿਕਟ ਵੀ ਖੇਡਿਆ। ਉਨ੍ਹਾਂ ਨੂੰ 1970 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।