Headlines

ਕੈਲਗਰੀ ਪੁਸਤਕ ਮੇਲੇ ਪ੍ਰਤੀ ਪਾਠਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਕੈਲਗਰੀ (ਹਰਚਰਨ ਸਿੰਘ ਪਰਹਾਰ): ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਆਖਰੀ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ।ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਮਿੰਨੀ ਲਾਇਬ੍ਰੇਰੀਆਂ ਵੀ ਬਣਾਉਣ ਦੀ ਲੋੜ ਹੈ।ਉਨ੍ਹਾਂ ਪਾਠਕਾਂ ਨੂੰ ਸੁਝਾਅ ਦਿੱਤਾ ਕਿ ਹੁਣ ਠੰਡ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਬਾਹਰ ਦੀਆਂ ਸਰਗਰਮੀਆਂ ਘਟ ਜਾਂਦੀਆਂ ਹਨ, ਇਸ ਮੌਕੇ ਘਰ ਬੈਠ ਕੇ ਕਿਤਾਬਾਂ ਪੜ੍ਹਨ ਦਾ ਵਧੀਆ ਮੌਕਾ ਹੈ।ਉਨ੍ਹਾਂ ਸਮੁੱਚੇ ਮੀਡੀਏ ਦਾ ਹਮੇਸ਼ਾਂ ਸਹਿਯੋਗ ਲਈ ਧੰਨਵਾਦ ਕੀਤਾ।
ਪੁਸਤਕ ਮੇਲੇ ਦੀ ਸ਼ੁਰੂਆਤ ਰੇਡੀਓ ਰੈਡ ਐਫ ਐਮ ਦੇ ਨਿਊਜ਼ ਹੋਸਟ ਰਿਸ਼ੀ ਨਾਗਰ ਵਲੋਂ ਰਿਬਨ ਕੱਟ ਕੇ ਕੀਤੀ ਗਈ।ਉਨ੍ਹਾਂ ਪਾਠਕਾਂ ਸੰਬੋਧਨ ਹੁੰਦੇ ਹੋਏ ਕਿਹਾ ਕਿ ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ।ਜਿਹੜੇ ਲੋਕ ਕਿਤਾਬਾਂ ਨਹੀਂ ਪੜ੍ਹਦੇ, ਉਨ੍ਹਾਂ ਦਾ ਬੌਧਿਕ ਵਿਕਾਸ ਰੁਕ ਜਾਂਦਾ ਹੈ।ਪੰਜਾਬੀਆਂ ਵਿੱਚ ਕਿਤਾਬਾਂ ਦੇ ਘਟਦੇ ਰੁਝਾਨ ਤੇ ਉਨ੍ਹਾਂ ਚਿੰਤਾ ਪ੍ਰਗਟ ਕੀਤੀ।ਇਸ ਮੌਕੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਕੁਝ ਕਿਤਾਬਾਂ ਦਾ ਸੈਟ ਵੀ ਭੇਟ ਕੀਤਾ ਗਿਆ।
ਪ੍ਰਬੰਧਕਾਂ ਨੇ ਪਾਠਕਾਂ ਵਲੋਂ ਦਿਖਾਏ ਉਤਸ਼ਾਹ ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।ਬੇਸ਼ਕ ਇਹ ਪੁਸਤਕ ਮੇਲਾ ਤਾਂ ਉਸੇ ਦਿਨ ਸਮਾਪਤ ਹੋ ਗਿਆ ਸੀ, ਪਰ ਮਾਸਟਰ ਜੀ ਕੋਲ਼ ਕਿਤਾਬਾਂ ਦਾ ਸਟਾਕ ਖਤਮ ਨਹੀਂ ਹੋਇਆ।ਤੁਸੀਂ ਮਾਸਟਰ ਭਜਨ ਸਿੰਘ ਜੀ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹੋ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ।


00000