Headlines

ਭਾਰਤ 2030 ਤੱਕ ਬਣ ਸਕਦੈ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ

ਨਵੀਂ ਦਿੱਲੀ, 24 ਅਕਤੂਬਰ

ਭਾਰਤ ਦੁਨੀਆਂ ਦਾ ਪੰਜਵਾਂ ਵੱਡਾ ਅਰਥਚਾਰਾ ਹੈ ਅਤੇ ਇਸ ਦੇ 2030 ਤੱਕ 7300 ਅਰਬ ਡਾਲਰ ਦੇ ਕੁਲ ਘਰੇਲੂ ਉਤਪਾਦਨ (ਜੀਡੀਪੀ) ਨਾਲ ਜਾਪਾਨ ਨੂੰ ਪਛਾੜ ਕੇ ਦੁਨੀਆਂ ਦਾ ਤੀਜਾ ਅਤੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੀ ਸੰਭਾਵਨਾ ਹੈ। ਐੱਸਐਂਡਪੀ ਗਲੋਬਲ ਮਾਰਕੀਟ ਇੰਟੈਲੀਜੈਂਸ ਨੇ ਆਪਣੇ ਤਾਜ਼ਾ ਖਰੀਦ ਪ੍ਰਬੰਧਕ ਸੂਚਕ ਅੰਕ (ਪੀਐੱਮਆਈ) ਇਹ ਗੱਲ ਆਖੀ ਹੈ।

ਸਾਲ 2021 ਅਤੇ 2022 ’ਚ ਦੋ ਸਾਲਾਂ ਦੇ ਤੇਜ਼ ਆਰਥਿਕ ਵਿਕਾਸ ਅਤੇ ਮਗਰੋਂ ਭਾਰਤੀ ਅਰਥਚਾਰੇ ਨੇ ਵਿੱਤੀ ਸਾਲ 2023 ਵਿੱਚ ਵੀ ਨਿਰੰਤਰ ਮਜ਼ਬੂਤ ਵਾਧਾ ਦਿਖਾਉਣਾ ਜਾਰੀ ਰੱਖਿਆ ਹੈ। ਮਾਰਚ 2024 ’ਚ ਸਮਾਪਤ ਹੋਣ ਵਾਲੇ ਵਿੱਤੀ ਸਾਲ ’ਚ ਭਾਰਤ ਦੀ ਜੀਡੀਪੀ 6.2 ਤੋਂ 6.3 ਫ਼ੀਸਦ ਵਧਣ ਦੀ ਉਮੀਦ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਇਸ ਵਿੱਤੀ ਸਾਲ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਮੁੱਖ ਅਰਥਵਿਵਸਥਾ ਹੋਵੇਗੀ। ਅਪਰੈਲ-ਜੂਨ ਤਿਮਾਹੀ ’ਚ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ’ਚ ਵਾਧਾ 7.8 ਫੀਸਦ ਰਿਹਾ।

ਐੱਸਐਂਡਪੀ ਗਲੋਬਲ ਨੇ ਕਿਹਾ, ‘‘ਨੇੜਲੇ ਸਮੇਂ ਦੇ ਆਰਥਿਕ ਨਜ਼ਰੀਏ ’ਚ 2023 ਦੇ ਬਾਕੀ ਸਮੇਂ ਅਤੇ 2024 ਵਿੱਚ ਲਗਾਤਾਰ ਤੇਜ਼ ਵਿਸਤਾਰ ਦਾ ਅਨੁਮਾਨ ਹੈ, ਜੋ ਘਰੇਲੂ ਮੰਗ ਵਿੱਚ ਮਜ਼ਬੂਤ ਵਾਧੇ ’ਤੇ ਆਧਾਰਿਤ ਹੈ।’’ ਇਸ ਵਿੱਚ ਕਿਹਾ ਗਿਆ, ‘‘ਅਮਰੀਕੀ ਡਾਲਰ ਦੇ ਸੰਦਰਭ ’ਚ ਮਾਪੀ ਗਈ ਭਾਰਤ ਦੀ ਮੌਜੂਦਾ ਕੀਮਤਾਂ ਦੀ ਜੀਡੀਪੀ 2022 ਦੇ 3500 ਅਰਬ ਡਾਲਰ ਤੋਂ ਵਧ ਕੇ 2023 ਤੱਕ 7300 ਅਰਬ ਡਾਲਰ ਹੋਣ ਦੀ ਸੰਭਾਵਨਾ ਹੈ। ਆਰਥਿਕ ਵਿਕਾਸ ਦੀ ਇਸ ਤੇਜ਼ ਰਫ਼ਤਾਰ ਦੇ ਨਤੀਜੇ ਵਜੋਂ 2030 ਤੱਕ ਭਾਰਤੀ ਜੀਡੀਪੀ ਦਾ ਆਕਾਰ ਜਪਾਨੀ ਜੀਡੀਪੀ ਤੋਂ ਵੱਡਾ ਹੋ ਜਾਵੇਗਾ, ਜਿਸ ਨਾਲ ਭਾਰਤ ਏਸ਼ੀਆ-ਪ੍ਰਸ਼ਾਂਤ ਖਿੱਤੇ ’ਚ ਦੂਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ।