Headlines

ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਪੁਲੀਸ ਹਵਾਲਦਾਰ ਦਾ ਕਤਲ

ਬਰਨਾਲਾ-ਬਰਨਾਲਾ ਦੀ  25 ਏਕੜ ਕਲੋਨੀ ਵਿੱਚ ਬੀਤੀ ਰਾਤ 10 ਵਜੇ ਦੇ ਕਰੀਬ ਪਟਿਆਲਾ ਚਿਕਨ ਕਾਰਨਰ ’ਤੇ ਹੋਏ ਝਗੜੇ ਸਬੰਧੀ ਮੌਕੇ ’ਤੇ ਗਏ ਪੁਲੀਸ ਮੁਲਾਜ਼ਮ ਦਾ ਚਾਰ ਕੌਮਾਂਤਰੀ ਕਬੱਡੀ ਖਿਡਾਰੀ ਕਤਲ ਕਰ ਕੇ ਫ਼ਰਾਰ ਹੋ ਗਏ। ਪੁਲੀਸ ਨੇ ਚਾਰੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ। ਐੱਚਡੀਐੱਫਸੀ ਬੈਂਕ ਵੱਲੋਂ ਵੱਖਰੇ ਤੌਰ ’ਤੇ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਕਮ ਦਿੱਤੀ ਜਾਵੇਗੀ।

ਬੀਤੀ ਰਾਤ 25 ਏਕੜ ਕਲੋਨੀ ਵਿੱਚ ਪਟਿਆਲਾ ਚਿਕਨ ਕਾਰਨਰ ’ਤੇ ਚਾਰ ਨੌਜਵਾਨ ਚਿਕਨ ਖਾਣ ਲਈ ਆਏ ਸਨ। ਚਾਰੋਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਚਿਕਨ ਕਾਰਨਰ ਵਾਲੇ ਨਾਲ ਬਹਿਸ ਹੋ ਗਈ ਜੋ ਮਗਰੋਂ ਲੜਾਈ ਵਿੱਚ ਬਦਲ ਗਈ। ਦੁਕਾਨਦਾਰ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਲੜਾਈ ਕਰ ਰਹੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ­ ਪਰ ਉਹ ਭੰਨਤੋੜ ਕਰਦੇ ਰਹੇ। ਇਸ ਦੌਰਾਨ ਹੌਲਦਾਰ ਦਰਸ਼ਨ ਸਿੰਘ ਨੇ ਮੁਲਜ਼ਮਾਂ ਨੂੰ ਗੱਡੀ ’ਚ ਬੈਠਣ ਲਈ ਕਿਹਾ ਤਾਂ ਨੌਜਵਾਨਾਂ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖ਼ਮੀ ਹੌਲਦਾਰ ਨੂੰ ਪੁਲੀਸ ਮੁਲਾਜ਼ਮ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸਿਟੀ ਵਿੱਚ ਪੁਲੀਸ ਨੇ ਚਾਰੋਂ ਨੌਜਵਾਨਾਂ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਠੀਕਰੀਵਾਲਾ­, ਜਗਰਾਜ ਸਿੰਘ ਉਰਫ਼ ਰਾਜਾ ਵਾਸੀ ਪਿੰਡ ਰਾਏਸਰ­, ਗੁਰਮੀਤ ਸਿੰਘ ਉਰਫ਼ ਮੀਤਾ ਵਾਸੀ ਪਿੰਡ ਚੀਮਾ ਅਤੇ ਵਜ਼ੀਰ ਸਿੰਘ ਵਾਸੀ ਪਿੰਡ ਅਮਲਾ ਸਿੰਘ ਵਾਲਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਚਾਰੋਂ ਨੌਜਵਾਨ ਕੌਮਾਂਤਰੀ ਕੱਬਡੀ ਖਿਡਾਰੀ ਦੱਸੇ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।