Headlines

ਪੰਜਾਬ ਪੁਲੀਸ ਦੇ ‘ਕੈਟ’ ਗੁਰਮੀਤ ਸਿੰਘ ਪਿੰਕੀ ਦੀ ਦਿਲ ਦੇ ਦੌਰੇ ਕਾਰਨ ਮੌਤ

ਚੰਡੀਗੜ੍ਹ, 25 ਅਕਤੂਬਰ

ਪੰਜਾਬ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਦੀ ਅੱਜ ਇਥੇ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਕੀ ਕੈਟ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਪਿੰਕੀ ਸਾਲ 2001 ਵਿੱਚ ਲੁਧਿਆਣਾ ਵਿੱਚ ਅਵਤਾਰ ਸਿੰਘ ਗੋਲਾ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਹੋਈ ਸੀ। ਖਾਲਿਸਤਾਨੀ ਅਤਿਵਾਦੀ ਜਗਤਾਰ ਸਿੰਘ ਹਵਾਰਾ ਨੂੰ ਦੋ ਵਾਰ ਗ੍ਰਿਫਤਾਰ ਕਰਨ ਤੋਂ ਬਾਅਦ ਪਿੰਕੀ ਮਸ਼ਹੂਰ ਹੋ ਗਿਆ ਸੀ। ਉਸ ਨੇ ਪੁਲੀਸ ਬਹਾਦਰੀ ਦਾ ਤਗਮਾ ਵੀ ਜਿੱਤਿਆ ਸੀ ਪਰ ਗੋਲਾ ਦੇ ਕਤਲ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਿਆ ਸੀ। ਉਸ ਨੇ ਇਕ ਵਾਰ ਦਾਅਵਾ ਕੀਤਾ ਸੀ ਕਿ ਉਸ ਕੋਲ ਪੰਜਾਬ ਵਿਚ ਅਤਿਵਾਦ ਦੌਰਾਨ 52 ਝੂਠੇ ਮੁਕਾਬਲਿਆਂ ਦੇ ਸਬੂਤ ਹਨ। ਪਿੰਕੀ ਦੇ ਕਰੀਬੀ ਦੋਸਤ ਅਤੇ ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਕੀ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਅਤੇ ਚੰਡੀਗੜ੍ਹ ਦੇ ਸੈਕਟਰ 34 ਦੇ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।