Headlines

ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ 26 ਅਕਤੂਬਰ ਤੋਂ ਮੁੜ ਬਹਾਲ

ਵੈਨਕੂਵਰ ( ਦੇ ਪ੍ਰ ਬਿ)- ਕੈਨੇਡਾ  ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ   ਓਟਾਵਾ , ਟੋਰਾਂਟੋ ਅਤੇ ਵੈਨਕੂਵਰ ਦੇ ਭਾਰਤੀ ਕੌਂਸਲਖਾਨਿਆਂ ਵਿਚ ਕੈਨੇਡੀਅਨ ਨਾਗਰਿਕਾਂ ਲਈ 26 ਅਕਤੂਬਰ ਤੋਂ ਮੁੜ ਵੀਜ਼ਾ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਭਾਰਤੀ ਕੌਂਸਲਖਾਨਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈਕੇ ਜੋ ਵੀਜ਼ਾ ਸੇਵਾਵਾਂ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਉਸ ਸਬੰਧੀ ਮੁੜ ਵਿਚਾਰ ਉਪਰੰਤ ਕੁਝ ਕੈਟਾਗਰੀ ਵਿਚ ਇਹ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਹਾਈ ਕਮਿਸ਼ਨ ਨੇ ਕਿਹਾ ਹੈ  ਕਿ ਉਹ 26 ਅਕਤੂਬਰ ਵੀਰਵਾਰ ਤੋਂ ਐਂਟਰੀ ਵੀਜ਼ਾ, ਬਿਜਨੈਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਲਈ ਅਰਜੀਆਂ ਸਵੀਕਾਰ ਕਰਨਗੇ।

ਭਾਰਤ ਨੇ 21 ਸਤੰਬਰ ਨੂੰ ਓਟਾਵਾ, ਟੋਰਾਂਟੋ ਅਤੇ ਵੈਨਕੂਵਰ ਵਿੱਚ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਸੀ। ਕਿਹਾ ਗਿਆ ਸੀ ਕਿ ਵੱਖਵਾਦੀ ਤੱਤਾਂ ਵਲੋਂ ਅੰਬੈਸੀਆਂ ਅੱਗੇ ਮੁਜ਼ਾਹਰਿਆਂ ਅਤੇ ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਉਣ ਕਾਰਣ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਸੀ।
ਭਾਰਤ ਨੇ ਰਸਮੀ ਤੌਰ ‘ਤੇ ਕੈਨੇਡਾ ਨੂੰ ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਲਈ ਆਪਣੇ ਫਰਜ਼ ਨੂੰ ਬਿਹਤਰ ਢੰਗ ਨਾਲ ਨਿਭਾਉਣ ਲਈ ਕਿਹਾ।
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੌਲੀ ਨੇ 14 ਸਤੰਬਰ ਨੂੰ ਕਿਹਾ ਸੀ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ 7 ਦਿਨ 24 ਘੰਟੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ  ਕਿਹਾ ਸੀ  ਕਿ ਉਨ੍ਹਾਂ ਦਾ ਦੇਸ਼ ਵੀਜ਼ਾ ਪਾਬੰਦੀਆਂ ਵਿਚ  ਢਿੱਲ ਦੇਣ ‘ਤੇ ਵਿਚਾਰ ਕਰ ਰਿਹਾ ਹੈ।