Headlines

ਬਜੁਰਗ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜ਼ੀਰਵੀ ਦਾ ਸਦੀਵੀ ਵਿਛੋੜਾ

ਟੋਰਾਂਟੋ ( ਸੇਖਾ)-ਸੀਨੀਅਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਦਾ ਇਥੇ  ਦੇਹਾਂਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜ਼ਾਨਾ ਅਖ਼ਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸ਼ਰਫ਼ ਹਾਸਲ ਸੀ।
ਪਿਛਲੇ ਲੰਮੇ ਸਮੇਂ ਤੋਂ ਸੁਰਜਨ ਸਿੰਘ ਜ਼ੀਰਵੀ  ਕੈਨੇਡਾ ਵੱਸਦੇ ਸਨ । ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਨੇ ਵਿਜ਼ਨ ਆਫ਼ ਪੰਜਾਬ ਵੱਸੋਂ ਕੁਝ ਸਾਲ ਪਹਿਲਾਂ ਉਨ੍ਹਾਂ ਦੇ 85ਵੇਂ ਜਨਮ ਦਿਨ ਤੇ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ।
ਸੁਰੀਲੇ ਪੰਜਾਬੀ ਗਾਇਕ ਸਵਰਗੀ ਜਗਜੀਤ ਸਿੰਘ ਜ਼ੀਰਵੀ ਦੇ ਉਹ ਵੱਡੇ ਭਰਾ ਸਨ ਅਤੇ ਪੰਜਾਬੀ ਕਵੀ ਸਵਰਗੀ ਡਾਃ ਜਸਵੰਤ ਸਿੰਘ ਨੇਕੀ (ਸਾਬਕਾ ਡਾਇਰੈਕਟਰ, ਪੀ ਜੀ ਆਈ, ਚੰਡੀਗੜ੍ਹ) ਦੇ ਉਹ ਬਹਿਨੋਈ ਸਨ। ਉਨ੍ਹਾਂ ਦੀ ਬਹੁਚਰਚਿਤ ਕਿਤਾਬ “ਇਹ ਹੈ ਬਾਰਬੀ ਸੰਸਾਰ” ਵਾਰਤਕ ਦੇ ਉੱਚਤਮ ਨਮੂਨੇ ਵਜੋਂ ਜਾਣੀ ਜਾਂਦੀ ਹੈ।
ਸਃ ਸੁਰਜਨ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਲਿਆਕਤ, ਸਾਹਿੱਤ ਸੂਝ ਅਤੇ ਵਿਅੰਗ ਨਸ਼ਤਰ ਨੂੰ ਇੱਕੋ ਜਹੀ ਮੁਹਾਰਤ ਨਾਲ ਵਾਰਤਕ ਲਿਖਣ ਵਾਲੇ ਸਿਰਜਕਾਂ ਚੋਂ ਸਿਰਮੌਰ ਸਨ। ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਜਗਜੀਤ ਸਿੰਘ ਅਨੰਦ ਯਾਦਗਾਰੀ ਪੁਰਸਕਾਰ ਦੇਣ ਦਾ ਫ਼ੈਸਲਾ ਸਰਬ ਸੰਮਤੀ ਨਾਲ ਕਰ ਕੇ ਐਲਾਨ ਕੀਤਾ ਗਿਆ ਸੀ। ਉਨ੍ਹਾ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਦੇ ਸੰਪਾਦਕ ਹੋਣ ਸਮੇਂ ਦੀਆਂ ਮੁਲਾਕਾਤਾਂ ਅਤੇ ਬਾਦ ਵਿੱਚ ਕੈਨੇਡਾ ਵਿਖੇ ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਜੀ ਨਾਲ ਜ਼ੀਰਵੀ ਨਿਵਾਸ ਤੇ ਪਹੁੰਚ ਕੇ ਬਿਤਾਈ ਸ਼ਾਮ ਨੂੰ ਚੇਤੇ ਕੀਤਾ।