Headlines

ਦਸਹਿਰੇ ਮਗਰੋਂ ਪੰਜਾਬ ਦੀ ਆਬੋ-ਹਵਾ ਖ਼ਰਾਬ ਹੋਈ

ਚੰਡੀਗੜ੍ਹ, 25 ਅਕਤੂਬਰ

ਦਸਹਿਰੇ ਮਗਰੋਂ ਪੰਜਾਬ ਦੀ ਆਬੋ-ਹਵਾ ਆਮ ਦਿਨਾਂ ਦੇ ਮੁਕਾਬਲੇ ਗੰਧਲੀ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਨੂੰ ਦਰਮਿਆਨੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਹੋਰ ਵਧਣ ਦਾ ਖ਼ਦਸ਼ਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸੂਬੇ ਵਿੱਚ ਅੰਮ੍ਰਿਤਸਰ ਦੀ ਹਵਾ ਸਭ ਤੋਂ ਗੰਧਲੀ ਰਹੀ ਜਦਕਿ ਬਠਿੰਡਾ ਦੀ ਹਵਾ ਸਭ ਤੋਂ ਸਾਫ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਦਾ ਏਕਿਊਆਈ 129 ਅਤੇ ਬਠਿੰਡਾ ਦਾ ਏਕਿਊਆਈ 77 ਦਰਜ ਕੀਤਾ ਗਿਆ।

ਇਸੇ ਤਰ੍ਹਾਂ ਰੂਪਨਗਰ ਦਾ ਏਕਿਊਆਈ 127, ਜਲੰਧਰ ਦਾ 112, ਲੁਧਿਆਣਾ ਦਾ 114, ਪਟਿਆਲਾ ਦਾ 106 ਅਤੇ ਖੰਨਾ ਦਾ ਏਕਿਊਆਈ 78 ਦਰਜ ਕੀਤਾ ਗਿਆ ਹੈ।

ਵਾਤਾਵਰਨ ਮਾਹਿਰਾਂ ਅਨੁਸਾਰ ਦਸਹਿਰੇ ਤੋਂ ਬਾਅਦ ਪੰਜਾਬ ਵਿੱਚ ਹਵਾ ਪ੍ਰਦੂਸ਼ਣ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਦਸਹਿਰੇ ਵਾਲੇ ਦਿਨ ਪੰਜਾਬ ਭਰ ਵਿੱਚ ਥਾਂ-ਥਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਗਏ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਲੋਕਾਂ ਨੇ ਪਟਾਕੇ ਵੀ ਚਲਾਏ, ਜਿਸ ਕਾਰਨ ਹਵਾ ਪ੍ਰਦੂਸ਼ਣ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਹਾਲੇ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਅੱਧੇ ਰਹਿਣ ਕਰਕੇ ਵੀ ਹਵਾ ਪ੍ਰਦੂਸ਼ਣ ਘੱਟ ਹੋ ਰਿਹਾ ਹੈ।

ਅੱਜ ਪੰਜਾਬ ਵਿੱਚ ਪਰਾਲੀ ਸਾੜਨ ਦੇ 398 ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਅੰਮ੍ਰਿਤਸਰ ’ਚ ਸਭ ਤੋਂ ਵੱਧ 79, ਫਿਰੋਜ਼ਪੁਰ ’ਚ 61 ਅਤੇ ਪਟਿਆਲਾ ’ਚ 47 ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਪਰਾਲੀ ਸਾੜਨ ਦੇ ਕੁੱਲ 2704 ਮਾਮਲੇ ਸਾਹਮਣੇ ਆਏ ਹਨ। ਸਾਲ 2022 ਵਿੱਚ ਪਰਾਲੀ ਸਾੜਨ ਦੇ 3696 ਅਤੇ ਸਾਲ 2021 ’ਚ 5438 ਮਾਮਲੇ ਸਾਹਮਣੇ ਆਏ ਸਨ।

ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ

ਪੰਜਾਬ ਵਿੱਚ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਦਿਨ ਨਿੱਘੇ ਅਤੇ ਰਾਤਾਂ ਨੂੰ ਠੰਢ ਵੱਧ ਗਈ ਹੈ। ਮੌਸਮ ਵਿਗਿਆਨੀਆਂ ਨੇ ਇਹ ਪੂਰਾ ਹਫਤਾ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ। ਉਨ੍ਹਾਂ ਕਿਹਾ ਕਿ ਲੰਘੀ ਰਾਤ ਪੰਜਾਬ ’ਚ ਪਠਾਨਕੋਟ, ਗੁਰਦਾਸਪੁਰ ਤੇ ਰੂਪਨਗਰ ਸਭ ਤੋਂ ਠੰਢੇ ਰਹੇ, ਜਿੱਥੇ ਤਾਪਮਾਨ 14.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਦਿਨ ਵੇਲੇ ਲੁਧਿਆਣਾ ਦਾ ਤਾਪਮਾਨ ਸਭ ਤੋਂ ਵੱਧ 33.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਨਵਾਂ ਸ਼ਹਿਰ ’ਚ ਸਭ ਤੋਂ ਘੱਟ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।