Headlines

ਏਸ਼ੀਆ ਹਾਕੀ ਗੋਲਡ ਮੈਡਲ ਜੇਤੂ ਜਰਮਨਪ੍ਰੀਤ ਸਿੰਘ ਦਾ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਭਾਰੀ ਸਵਾਗਤ

ਬਾਬਾ ਹਰਨਾਮ ਸਿੰਘ ਖਾਲਸਾ ਨੇ ਟੈਲੀਫੋਨ ਉੱਤੇ ਦਿੱਤੀ ਵਧਾਈ-
ਚੌਕ ਮਹਿਤਾ/ਅੰਮ੍ਰਿਤਸਰ -28 ਅਕਤੂਬਰ-ਪਰਮਿੰਦਰ ਸਿੰਘ ਬਮਰਾਹ-ਭਾਰਤੀ ਹਾਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਸ: ਜਰਮਨਪ੍ਰੀਤ ਸਿੰਘ ਬੱਲ  ਸਪੁੱਤਰ ਸ: ਬਲਬੀਰ ਸਿੰਘ, ਨਿਵਾਸੀ ਰਜਧਾਨ , ਜ਼ਿਲ੍ਹਾ  ਅੰਮ੍ਰਿਤਸਰ ਜਿਸ ਨੇ ਆਪਣੀ ਮੁਢਲੀ ਪੜ੍ਹਾਈ ਦਮਦਮੀ ਟਕਸਾਲ ਮੁਖੀ ਅਤੇ ਪ੍ਰਧਾਨ ਸੰਤ ਸਮਾਜ,ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਚਲ ਰਹੀ ਵਿਦਿਅਕ ਸੰਸਥਾ “ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ” ਮਹਿਤਾ ਚੌਕ ਤੋਂ ਸ਼ੁਰੂ ਕਰਕੇ ਇਸੇ ਅਦਾਰੇ ਤੋਂ ਹੀ ਹਾਕੀ ਦੀ ਦੁਨੀਆ ਵਿੱਚ ਪੈਰ ਧਰਿਆ ਅਤੇ ਅੱਜ ਉਹ ਪੂਰੇ ਭਾਰਤ ਅਤੇ ਆਪਣੇ ਮਾਤਾ ਪਿਤਾ, ਵਿਦਿਆਕ ਅਦਾਰਿਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ, ਦੇ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਪਹੁੰਚਣ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਜਰਮਨ ਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਨੱਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਿੱਥੇ ਜਥੇਦਾਰ ਅਜੀਤ ਸਿੰਘ ਤਰਨਾ ਦਲ ਵਾਲਿਆਂ ਨੇ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।  ਬਾਅਦ ਵਿੱਚ ਖਾਲਸਾ ਅਕੈਡਮੀ ਦੇ  ਮੇਨ ਗੇਟ ਤੇ ਸਾਰੇ ਸਟਾਫ ਨੇ ਉਹਨਾਂ ਦੇ ਗਲ ਵਿੱਚ ਹਾਰ ਪਾ ਕੇ ਅਤੇ ਵਿਦਿਆਰਥੀਆਂ ਵੱਲੋਂ ਬੈਂਡ ਵਾਜਿਆਂ  ਨਾਲ ਇੱਕ ਜੇਤੂ ਜਲੂਸ ਦੀ ਸ਼ਕਲ ਵਿੱਚ  ਉਹਨਾਂ ਨੂੰ ਅੰਦਰ ਲਿਜਾਇਆ ਗਿਆ।
ਸਕੂਲ ਦੀ ਹਾਕੀ ਗਰਾਂਊਂਡ ਵਿੱਚ ਮੱਥਾ ਟੇਕ ਕੇ ਜਰਮਨ ਪ੍ਰੀਤ ਸਿੰਘ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਬਣ ਸਕਿਆ ਹਾਂ, ਇਹਨਾਂ ਗਰਾਊਂਡਾਂ ਅਤੇ ਚੰਗੇ ਕੋਚ ਸਾਹਿਬਾਨਾਂ ਦੀ ਮਿਹਰਬਾਨੀ ਸਦਕਾ ਹੀ ਇਹ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਤੁਹਾਡੇ ਅਸ਼ੀਰਵਾਦ ਸਦਕਾ ਸਾਡੀ ਏਸ਼ੀਆ ਜੇਤੂ ਹਾਕੀ ਟੀਮ ਓਲੰਪਿਕ ਖੇਡਾਂ ਵਾਸਤੇ ਵੀ ਕਵਾਲੀਫਾਈ ਕਰ ਗਈ ਹੈ ।ਉਹਨਾਂ ਨੇ ਅਕੈਡਮੀ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਤੁਸੀਂ ਵੀ ਮਿਹਨਤ ਕਰਕੇ ਬਹੁਤ ਉੱਚੇ ਮੁਕਾਮ ਤੇ ਪਹੁੰਚ ਸਕਦੇ ਹੋ। ਕਾਲਜ ਦੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜਲਾਲ ਉਸਮਾਂ  ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਬੱਚਿਆਂ ਵਾਸਤੇ ਜਰਮਨ ਪ੍ਰੀਤ ਸਿੰਘ ਇੱਕ ਪ੍ਰੇਰਨਾ ਸਰੋਤ ਹੈ ਅਤੇ ਇਸ ਨੌਜਵਾਨ ਨੇ ਮਿਹਨਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਕੰਮ ਅਸੰਭਵ ਨਹੀਂ । ਅੰਤਰਰਾਸ਼ਟਰੀ ਕੋਚ ਸਰਦਾਰ ਹਰਭਜਨ ਸਿੰਘ ਰੰਧਾਵਾ ਨੇ ਕਿਹਾ ਕਿ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ,ਨੌਕਰੀਆਂ ਦੇਣ ਵਾਲੇ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਨਗੇ।ਅਕੈਡਮੀ ਦੇ ਪ੍ਰਿੰਸੀਪਲ ਮੈਡਮ ਸੁਖਮੀਤ ਕੌਰ ਨੇ ਵੀ ਜੇਤੂ ਖਿਡਾਰੀ ਨੂੰ ਅਸ਼ੀਰਵਾਦ ਦਿੰਦਿਆਂ  ਉਹਨਾਂ ਲਈ ਜਿੰਦਗੀ ਵਿੱਚ ਹੋਰ ਉੱਚੇ ਮੁਰਾਤਬੇ ਹਾਸਲ ਕਰਨ ਦੀ ਕਾਮਨਾ ਕੀਤੀ।
 ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਵੀਡੀਓ ਕਾਲ ਸੰਦੇਸ਼ ਵਿੱਚ ਕਿਹਾ ਕਿ ਜਰਮਨ ਪ੍ਰੀਤ ਸਿੰਘ ਬੱਲ ਵਰਗੇ  ਹੀਰਿਆਂ ਦੀ ਸਾਨੂੰ ਬਹੁਤ ਲੋੜ ਹੈ ਅਤੇ ਨੌਜਵਾਨਾਂ ਨੂੰ  ਨਸ਼ਿਆਂ ਤੋਂ ਦੂਰ ਰਹਿ ਕੇ ਅਤੇ ਬਾਣੀ ਨਾਲ ਜੁੜ ਕੇ ਪੂਰਨ ਸਿੱਖੀ ਸਰੂਪ ਦਾ ਆਦਰ ਸਤਿਕਾਰ ਕਰਦਿਆਂ ਦੇਸ਼ ਕੌਮ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ   ਜਰਮਨ ਪ੍ਰੀਤ ਸਿੰਘ ਬੱਲ,ਜੋ ਕਿ ਆਉਣ ਵਾਲੀ ਪੀੜ੍ਹੀ ਲਈ ਕਾਮਯਾਬੀ ਦੀ ਮਿਸਾਲ ਬਣਿਆ ਹੈ, ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਬੁਲੰਦੀਆਂ ਛੂਹਣ ਲਈ ਅਸ਼ੀਰਵਾਦ ਦਿੱਤਾ।
ਜਰਮਨ ਪ੍ਰੀਤ ਸਿੰਘ ਨੇ ਸਾਰੇ ਸਟਾਫ ਨਾਲ ਹਾਕੀ ਗਰਾਊਂਡ ਵਿੱਚ ਜਾ ਕੇ ਛੋਟੇ ਵੱਡੇ ਖਿਡਾਰੀ ਬੱਚੇ ਬੱਚੀਆਂ ਨਾਲ ਮਿਲ ਕੇ ਖੇਡਾਂ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਹਨਤ ਕਰਕੇ ਉੱਚੇ ਮੁਕਾਮਾਂ ਤੇ ਪਹੁੰਚਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਸਕੂਲ ਪ੍ਰਿੰਸੀਪਲ ਮੈਡਮ ਸੁਖਮੀਤ ਕੌਰ, ਕੋਚ ਸਰਦਾਰ ਹਰਭਜਨ ਸਿੰਘ ਰੰਧਾਵਾ, ਸਰਦਾਰ ਸਤਨਾਮ ਸਿੰਘ ਬਾਠ, ਪ੍ਰਿੰਸੀਪਲ ਮੈਡਮ ਹਰਜੀਤ ਕੌਰ,ਮੈਡਮ ਪਰਵੀਨ ਕੌਰ, ਕੁਲਦੀਪ ਕੌਰ, ਕੋਚ ਮਨਮੀਤ ਸਿੰਘ, ਸ੍ਰ: ਬਾਜ਼ ਸਿੰਘ,ਰੁਪਿੰਦਰ ਸਿੰਘ, ਗੁਰਪਿੰਦਰ ਸਿੰਘ, ਮੈਡਮ ਗੁਰਜੀਤ ਕੌਰ, ਮੈਡਮ ਤਾਨੀਆ ਮਾਨ, ਕਾਬਲ ਸਿੰਘ ਪੁਰਬਾ ਅਤੇ ਹੋਰ ਵੀ ਬਹੁਤ ਸਾਰੇ ਅਧਿਆਪਕ ਜਨ ਮੌਜੂਦ ਸਨ।
ਫੋਟੋ ਕੈਪਸ਼ਨ -ਏਸ਼ੀਆਈ ਹਾਕੀ ਟੀਮ ਦੇ ਜੇਤੂ ਮੈਂਬਰ ਜਰਮਨ ਪ੍ਰੀਤ ਸਿੰਘ ਬਲ ਦਾ ਦਮਦਮੀ ਟਕਸਾਲ ਅਤੇ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਕੀਤੇ ਗਏ ਸਵਾਗਤ ਦੀਆਂ ਤਸਵੀਰਾਂ।
ਤਸਵੀਰਾਂ- ਪਰਮਿੰਦਰ ਸਿੰਘ ਬਮਰਾਹ