Headlines

ਡਾ ਜਗਦੀਪ ਸਿੰਘ ਯੂਨੀਵਰਸਿਟੀ ਆਫ ਵਾਟਰਲੂ ਦੇ ਚਾਂਸਲਰ ਨਿਯੁਕਤ

ਵਾਟਰਲੂ, ਉਨਟਾਰੀਓ ( ਕੁਲਤਰਨ ਸਿੰਘ ਪਧਿਆਣਾ)- ਡਾ ਜਗਦੀਪ ਸਿੰਘ ਕੈਨੇਡਾ ਦੀ ਨਾਮੀਂ ਸੰਸਥਾ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਬਣਾਏ ਗਏ ਹਨ। ਯੂਨੀਵਰਸਿਟੀ ਆਫ ਵਾਟਰਲੂ ਕੈਨੇਡਾ ਦੀ ਚੋਟੀ ਦੀ ਯੂਨੀਵਰਸਿਟੀ ਹੈ ਜਿੱਥੇ ਹਰ ਸਾਲ ਤਕਰੀਬਨ 42,000 ਦੇ ਕਰੀਬ ਵਿਦਿਆਰਥੀ ਪੜਨ ਲਈ ਆਉਂਦੇ ਹਨ। ਵਾਟਰਲੂ ਯੂਨੀਵਰਸਿਟੀ ਐਕਸਪੈਰੀਮੈਂਟਲ ਲਰਨਿੰਗ ਲਈ ਕੈਨੇਡਾ ‘ਚ ਪਹਿਲੇ ਨੰਬਰ ਦੀ ਯੂਨੀਵਰਸਿਟੀ ਹੈ।

ਜਗਦੀਪ ਸਿੰਘ ਨੇ ਵਾਟਰਲੂ ਯੂਨੀਵਰਸਿਟੀ ਤੋਂ ਹੀ ਬੈਚਲਰ ਆਫ ਐਪਲਾਈਡ ਸਾਇੰਸ, ਮੈਨੇਜਮੈਂਟ ਸਾਇੰਸ,ਪੀ ਐਚ ਡੀ ਮੈਨੇਜਮੈਂਟ ਸਾਇੰਸ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸਤੋਂ ਇਲਾਵਾ ਜਗਦੀਪ ਸਿੰਘ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੁੱਖ ਨਿਵੇਸ਼ ਅਧਿਕਾਰੀ ਅਤੇ ਉਪ ਪ੍ਰਧਾਨ ਵੀ ਹਨ, ਜਿੱਥੇ ਉਹ $164 ਬਿਲੀਅਨ ਦੇ ਨਿਵੇਸ਼ ਪੋਰਟਫੋਲੀਓ ਦੀ ਨਿਗਰਾਨੀ ਕਰਦੇ ਹਨ।

ਉਹ ਅਲਬਰਟਾ ਇਨਵੈਸਟਮੈਂਟ ਮੈਨਜਮੈਂਟ ਕਾਰਪੋਰੇਸ਼ਨ ਦੇ ਵੀ ਮੁਖੀ ਰਹਿ ਚੁੱਕੇ ਹਨ। ਚਾਂਸਲਰ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ, ਯੂਨੀਵਰਸਿਟੀ ਦੇ ਮੁਖੀ ਵਜੋਂ ਉਹ ਸੰਸਥਾ ਲਈ ਇੱਕ ਮੁੱਖ ਅੰਬੈਸਡਰ ਹੋਣਗੇ, ਵਾਟਰਲੂ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਟਰਲੂ ਯੁਨੀਵਰਸਿਟੀ ਦੇ ਮਿਸ਼ਨ ਨੂੰ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅੱਗੇ ਵਧਾਉਣਗੇ। ਉਹ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹਾਂ ਦੀ ਪ੍ਰਧਾਨਗੀ, ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਦੇ ਨਜ਼ਰ ਆਉਣਗੇ ਅਤੇ ਭਾਈਚਾਰੇ ਲਈ ਇੱਕ ਪ੍ਰੇਰਨਾ ਸਰੋਤ ਵਜੋਂ ਕੰਮ ਕਰਨਗੇ।