Headlines

ਖੁਸ਼ੀਆਂ -ਖੇੜਿਆਂ ਭਰਪੂਰ ਜੀਵਨ ਬਣਾਉਣ ਲਈ…..

ਤਿੰਨ ਪਹਿਲੂ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਹਨ : ਬਜ਼ੁਰਗ , ਦੋਸਤ ਤੇ ਪੁਸਤਕਾਂ। ਇਹਨਾਂ ਤਿੰਨਾਂ ਵਿੱਚੋਂ ਬਜ਼ੁਰਗ ਸਾਡੇ ਜੀਵਨ ਦੇ ਅਜਿਹੇ ਅਹਿਮ ਰਤਨ ਹਨ ਜੋ ਹਮੇਸ਼ਾ ਨਿਸਵਾਰਥ – ਭਾਵ ਨਾਲ ਸਾਨੂੰ ਪਿਆਰ , ਸਹੀ ਸਲਾਹ ਤੇ ਸੁਚੱਜੀ ਸਹਾਇਤਾ ਦੇ ਕੇ ਸਾਡੀ ਹਮੇਸ਼ਾ ਯੋਗ ਅਗਵਾਈ ਕਰਦੇ ਹਨ। ਭਾਵੇਂ ਕਿ ਚੰਗੇ ਦੋਸਤਾਂ ਤੇ ਚੰਗੀਆਂ ਪੁਸਤਕਾਂ ਤੋਂ ਵੀ ਅਸੀਂ ਬਹੁਤ ਕੁਝ ਚੰਗਾ ਸਿੱਖਦੇ ਤੇ ਪ੍ਰਾਪਤ ਕਰਦੇ ਹਾਂ , ਪਰ ਬਜ਼ੁਰਗਾਂ ਕੋਲ ਬੈਠ ਕੇ , ਉਹਨਾਂ ਕੋਲ ਵੱਧ ਤੋਂ ਵੱਧ ਸਮਾਂ ਬਤੀਤ ਕਰਕੇ , ਉਹਨਾਂ ਨੂੰ ਧਿਆਨਪੂਰਵਕ ਸੁਣ ਕੇ ਤੇ ਉਹਨਾਂ ਦੀ ਯਥਾਸੰਭਵ ਸਹਾਇਤਾ ਕਰਕੇ ਅਸੀਂ ਜੋ ਸਕੂਨ , ਖੁਸ਼ੀ ਤੇ ਨਵਾਂ ਊਰਜਾ – ਭਰਪੂਰ ਉਤਸਾਹ ਪ੍ਰਾਪਤ ਕਰਦੇ ਹਾਂ , ਉਸ ਨੂੰ ਸ਼ਾਇਦ ਕਲਮ ਰਾਹੀਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਬਜ਼ੁਰਗਾਂ ਦੇ ਚਰਨ ਸਪਰਸ਼ ਕਰਕੇ ਤੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਜੀਵਨ ਦੇ ਤਜਰਬੇ ਪ੍ਰਾਪਤ ਕਰਕੇ ਆਪਣੇ – ਆਪ ਬਾਰੇ , ਸਮਾਜ , ਭਾਈਚਾਰੇ ਤੇ ਦੇਸ਼ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਜੋ ਗੱਲਾਂ ਸਾਨੂੰ ਕਦੇ ਪਤਾ ਵੀ ਨਹੀਂ ਹੁੰਦੀਆਂ ਤੇ ਸਾਡੇ ਜੀਵਨ ਲਈ ਅਤਿਅੰਤ ਮਹੱਤਵਪੂਰਨ ਹੋ ਸਕਦੀਆਂ ਹਨ , ਉਹ ਗੱਲਾਂ ਸਾਨੂੰ ਕੇਵਲ ਤੇ ਕੇਵਲ ਆਪਣੇ ਬਜ਼ੁਰਗਾਂ ਤੇ ਵੱਡੇ – ਵਡੇਰਿਆਂ ਕੋਲ ਬੈਠ ਕੇ ਹੀ ਪਤਾ ਲੱਗਦੀਆਂ ਹਨ। ਜੋ ਕੁਝ ਚੰਗੀਆਂ ਪੁਸਤਕਾਂ ਤੋਂ ਵੀ ਨਹੀਂ ਮਿਲ ਸਕਦਾ ਹੁੰਦਾ , ਉਹ ਬਜ਼ੁਰਗਾਂ ਪਾਸੋਂ ਪ੍ਰਾਪਤ ਹੁੰਦਾ ਹੈ। ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ – ਪਰਿਵਾਰ ਜਾਂ ਸਮਾਜ ਵਿੱਚ ਬਜ਼ੁਰਗਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਹਨਾਂ ਕੋਲ ਹਰ ਰੋਜ਼ ਕੁਝ ਸਮਾਂ ਕੱਢ ਕੇ ਜਰੂਰ ਬੈਠੀਏ , ਉਹਨਾਂ ਨੂੰ ਸੁਣੀਏ , ਮਨ ਵਿੱਚ ਪੈਦਾ ਹੋਏ ਸ਼ੰਕੇ ਤੇ ਪ੍ਰਸ਼ਨਾਂ ਦੇ ਜਵਾਬ ਬਜ਼ੁਰਗਾਂ ਕੋਲੋਂ ਪ੍ਰਾਪਤ ਕਰੀਏ , ਉਹਨਾਂ ਕੋਲੋਂ ਨਵੀਆਂ ਤੇ ਉਸਾਰੂ ਜੀਵਨ – ਸੇਧਾਂ ਪ੍ਰਾਪਤ ਕਰਦੇ ਰਹੀਏ , ਜੋ ਕਿ ਸਾਡੇ ਜੀਵਨ ਨੂੰ ਸੁੱਖ – ਸ਼ਾਂਤੀ , ਸਕੂਨ ਤੇ ਉਤਸ਼ਾਹ ਦਿੰਦੀਆਂ ਹਨ। ਬਜ਼ੁਰਗ ਵੀ ਕਈ ਵਾਰ ਆਪਣੇ ਜੀਵਨ ਦੇ ਇਸ ਦੌਰ ਵਿੱਚ ਇਕੱਲਾਪਣ ਮਹਿਸੂਸ ਕਰਦੇ ਹਨ ਤੇ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਕੋਲ ਕੁਝ ਸਮਾਂ ਬੈਠਣ , ਉਹਨਾਂ ਦੀ ਗੱਲ ਸੁਣਨ , ਉਨ੍ਹਾਂ ਦਾ ਦੁੱਖ – ਦਰਦ ਵੰਡਾਉਣ ਤੇ ਉਹ ਵੀ ਕਿਸੇ ਆਪਣੇ ਨਾਲ ਦਿਲ ਦੀਆਂ ਰਮਜ਼ਾਂ ਸਾਂਝੀਆਂ ਕਰ ਸਕਣ। ਬਜ਼ੁਰਗਾਂ ਕੋਲ ਅਜਿਹੇ ਅਨਮੋਲ ਜੀਵਨ ਤਜਰਬੇ , ਅਨੁਭਵ ਤੇ ਜੀਵਨ ਦੇ ਸੰਬੰਧ ਵਿੱਚ ਕਈ ਗੁੱਝੇ ਭੇਦ ਹੁੰਦੇ ਹਨ ਜੋ ਸਾਨੂੰ ਦੁਨੀਆਂ ਵਿੱਚ ਹੋਰ ਕਿਸੇ ਪਾਸਿਓਂ ਪ੍ਰਾਪਤ ਨਹੀਂ ਹੁੰਦੇ। ਬਜ਼ੁਰਗਾਂ ਪਾਸੋਂ ਪ੍ਰਾਪਤ ਵਡਮੁੱਲਾ ਗਿਆਨ ਸਾਡੇ ਜੀਵਨ ਨੂੰ ਹਨੇਰੇ ਰਾਹਾਂ ਵਿੱਚ ਵੀ ਰੁਸ਼ਨਾਉਂਦਾ ਰਹਿੰਦਾ ਹੈ ਤੇ ਹਮੇਸ਼ਾ ਸਾਨੂੰ ਬੁਲੰਦੀਆਂ ਵੱਲ ਲੈ ਕੇ ਜਾਂਦਾ ਹੈ। ਅੱਜ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਕਿ ਅਸੀਂ ਆਪਣੇ ਲਈ , ਆਪਣੇ ਬਜ਼ੁਰਗਾਂ ਲਈ ਤੇ ਜੀਵਨ ਦੀ ਸਾਰਥਕਤਾ ਲਈ ਆਪਣੇ ਘਰ – ਪਰਿਵਾਰ ਤੇ ਸਮਾਜ ਵਿੱਚ ਬਜ਼ੁਰਗਾਂ ਨੂੰ ਸਤਿਕਾਰ ਦਈਏ ਤੇ ਕੁਝ ਸਮਾਂ ਕੱਢ ਕੇ ਬਜ਼ੁਰਗਾਂ ਕੋਲ ਬਤੀਤ ਕਰੀਏ। ਇਸ ਨਾਲ ਸਾਡੇ ਜੀਵਨ ਵਿੱਚੋਂ ਕਈ ਪਰੇਸ਼ਾਨੀਆਂ ਘੱਟ ਹੋ ਸਕਦੀਆਂ ਹਨ ਤੇ ਅਸੀਂ ਅਣਚਾਹੇ ਦੁੱਖਾਂ ਤੇ ਸੰਕਟਾਂ ਤੋਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਬਚਾ ਸਕਦੇ ਹਾਂ। ਆਖਿਰ ਇਹੋ ਕਿਹਾ ਜਾ ਸਕਦਾ ਹੈ ਕਿ ਜੀਵਨ ਨੂੰ ਖੁਸ਼ੀਆਂ – ਖੇੜਿਆਂ ਭਰਪੂਰ ਬਣਾਉਣ ਲਈ ਘਰ – ਪਰਿਵਾਰ ਤੇ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਜਰੂਰ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਕੁਝ ਸਮਾਂ ਕੱਢ ਕੇ ਜਰੂਰ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ ਤੇ ਉਹਨਾਂ ਨੂੰ ਧਿਆਨ ਨਾਲ ਸੁਣਨਾ ਤੇ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ। ਇਹੀ ਜੀਵਨ ਦਾ ਸਾਰ ਹੈ ਤੇ ਇਸੇ ਵਿੱਚ ਜੀਵਨ ਦਾ ਭੇਦ ਛੁਪਿਆ ਹੋਇਆ ਹੈ।

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,