Headlines

ਸਟੇਟ ਐਵਾਰਡੀ ਮੈਡਮ ਪੂਜਾ ਸ਼ਰਮਾ ਦਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਤੇ ਪ੍ਰੈੱਸ ਕਲੱਬ ਨਵਾਂ ਸ਼ਹਿਰ ਵੱਲੋਂ ਸਨਮਾਨ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਸ਼ਹੀਦ ਭਗਤ ਸਿੰਘ ਨਗਰ ਦੀ ਮੈਡਮ ਪੂਜਾ ਸ਼ਾਰਮਾ (ਅੰਗਰੇਜ਼ੀ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਨਵਾਂ ਸ਼ਹਿਰ) ਜਿਸ ਨੇ ਵਿਦਿਅਕ ਖੇਤਰ ਵਿੱਚ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 2 ਵਾਰ ਸੂਬਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਅੱਜ ਮੈਡਮ ਪੂਜਾ ਸ਼ਰਮਾ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ ਕਿਉਂ ਕਿ ਉਹਨਾਂ ਨੇ ਬ੍ਹਿਨਾਂ ਪੈਰਾਂ ਦੇ ਕਾਮਯਾਬੀ ਦੀਆਂ ਅਜਿਹੀ ਮੰਜਿ਼ਲਾਂ ਨੂੰ ਸਰ ਕੀਤਾ ਹੈ ਜਿਸ ਨੂੰ ਤੰਦਰੁਸਤ ਇਨਸਾਨ ਸਰ ਕਰਨ ਲਈ ਹੌਸਲਾ ਨਾ ਕਰ ਪਾਏ ਪਰ ਮੈਡਮ ਪੂਜਾ ਸ਼ਰਮਾ ਬੇਸ਼ੱਕ 80 ਫੀਸਦੀ ਅਪਾਹਿਜ ਹਨ ਇਸ ਦੇ ਬਾਵਜੂਦ ਉਹ ਕੋਵਿਡ-19 ਦੌਰਾਨ ਹਜ਼ਾਰਾਂ ਬੱਚਿਆਂ ਲਈ ਚਾਨਣ ਮੁਨਾਰਾ ਬਣੇ ।ਉਹਨਾਂ ਬੱਚਿਆਂ ਨੂੰ ਆਨ -ਲਾਈਨ ਪੜ੍ਹਾਈ ਕਰਵਾ ਕੇ ਇਸ ਕਾਬਲ ਬਣਾਇਆ ਕਿ ਅੱਜ ਬੱਚੇ ਉਹਨਾਂ ਨੂੰ ਸਿਰ ਹੀ ਨਹੀਂ ਝੁਕਾਉਂਦੇ ਸਗੋਂ ਆਪਣੀ ਜਿੰਦਗੀ ਦਾ ਮਾਰਗ ਦਰਸ਼ਕ ਵੀ ਮੰਨਦੇ ਹਨ।ਮੈਡਮ ਪੂਜਾ ਸ਼ਰਮਾ ਜਿਹੜੇ ਕਰੀਬ 3 ਦਹਾਕਿਆਂ ਤੋਂ ਵਿੱਦਿਅਕ ਖੇਤਰ ਵਿੱਚ ਇੱਕ ਹੋਣਹਾਰ ਤੇ ਸਾਊ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਦੀ ਰੌਸ਼ਨੀ ਨਾਲ ਬੱਚਿਆਂ ਦਾ ਭੱਵਿਖ ਰੁਸ਼ਨਾ ਰਹੇ ਹਨ ਉਹਨਾਂ ਦੀਆਂ ਇਹਨਾਂ ਕਾਬਲੇ ਤਾਰੀਫ਼ ਕਾਰਵਾਈਆਂ ਦੀ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਯੂਰਪ ਵਿੱਚ ਵੀ ਪੂਰੀ ਚਰਚਾ ਹੈ ਜਿਸ ਦੇ ਫਲਸਰੂਪ ਇਟਲੀ ਦੇ ਭਾਰਤੀ ਪੱਤਰਕਾਰਾਂ ਦੀ ਇੱਕਲੋਤੀ ਸੰਸਥਾ “ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ”ਵੱਲੋਂ ਪ੍ਰੈੱਸ ਕੱਲਬ ਨਵਾਂ ਸ਼ਹਿਰ (ਰਜਿ:)ਦੇ ਸਹਿਯੋਗ ਨਾਲ ਮੈਡਮ ਪੂਜਾ ਸ਼ਰਮਾ ਦਾ ਵਿਸੇ਼ਸ ਸਨਮਾਨ ਪ੍ਰੰਸ਼ਸ਼ਾ ਪੱਤਰ ਦੇ ਕੇ ਕੀਤਾ ਗਿਆ।ਇਸ ਮੌਕੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਵੀਰ ਕੈਂਥ ਤੇ ਪ੍ਰੈੱਸ ਕਲੱਬ ਨਵਾਂ ਸ਼ਹਿਰ (ਰਜਿ:)ਦੇ ਪ੍ਰਧਾਨ ਲਾਜਵੰਤ ਸਿੰਘ ਲਾਜ ਨੇ ਕਿਹਾ ਕਿ ਮੈਡਮ ਪੂਜਾ ਸ਼ਰਮਾ ਵਰਗੀਆਂ ਸਖ਼ਸੀਅਤਾਂ ਪੂਰੇ ਸਮਾਜ ਲਈ ਮਾਰਗ ਦਰਸ਼ਕ ਹੁੰਦੀਆਂ ਹਨ ਜਿਹੜੀਆਂ ਕਿ ਬੇਸ਼ੱਕ ਸਰੀਰਕ ਪੱਖੋਂ ਨਹੀਂ ਚੱਲ ਸਕਦੀਆਂ ਪਰ ਇਹ ਬਿਨ੍ਹਾਂ ਪੈਰਾਂ ਅਜਿਹੇ ਇਤਿਹਾਸ ਬਣਾ ਦਿੰਦੀਆਂ ਹਨ ਜਿਹੜੇ ਰਹਿੰਦੀ ਦੁਨੀਆਂ ਤੱਕ ਲੋਕਾਂ ਲਈ ਪ੍ਰੇਰਨਾ ਸਰੋਤ ਰਹਿਣਗੇ।ਅਜਿਹੀਆਂ ਸ਼ਖਸੀਅਤਾਂ ਦੀ ਸਾਡੇ ਸਮਾਜ ਨੂੰ ਜ਼ਰੂਰ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ।ਮੈਡਮ ਪੂਜਾ ਸ਼ਰਮਾ ਨੂੰ ਸਨਮਾਨਿਤ ਕਰਕੇ ਕਲੱਬ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਪ੍ਰੈੱਸ ਕੱਲਬ ਨਵਾਂ ਸਹਿਰ (ਰਜਿ:)ਦੇ ਦਵਿੰਦਰ ਭਾਗੜਾ,ਰਾਜਿੰਦਰ ਮਹਿਤਾ,ਨਰਿੰਦਰ ਸਿੰਘ ਨੰਦੀ ਤੋਂ ਪ੍ਰੋਫੈਸਰ ਜਸਦੀਸ਼ ਰਾਏ , ਐਸਡੀਓ ਬਲਵਿੰਦਰ ਕੁਮਾਰ, ਪੂਜਾ ਮੈਡਮ ਦੇ ਮਾਤਾ ਜੀ ਸੁਮਨ ਸ਼ਰਮਾ ਅਤੇ ਭਰਾ ਪ੍ਰਬੋਧ ਸ਼ਰਮਾ ਆਦਿ ਮੌਜੂਦ ਸਨ।