Headlines

ਪੰਜਾਬੀ ਪੱਤਰਕਾਰ ਸਦਨ ਵਲੋਂ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਸਨਮਾਨਿਤ

ਦਿਲਜੀਤ ਸਿੰਘ ਬੇਦੀ

ਅੰਮ੍ਰਿਤਸਰ:- ਬੀਤੇ ਦਿਨ ਇਥੋਂ ਦੀ ਪੰਜਾਹ ਸਾਲ ਪੁਰਾਣੀ ਪੰਜਾਬੀ ਪੱਤਰਕਾਰ ਸਦਨ ਨਾਮੀ ਸੰਸਥਾ ਨੇ ਵਿਸ਼ੇਸ਼ ਲਿੱਖਤਾਂ ਰਾਹੀਂ ਪੰਜਾਬੀ ਬੋਲੀ ਤੇ ਸੱਭਿਆਚਾਰ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਕੇ ਵਿਸ਼ਵ ਪ੍ਰਸਿੱਧ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੂੰ ਸਥਾਨਕ ਭਾਈ ਗੁਰਦਾਸ ਹਾਲ ਦੇ ਖੁੱਲ੍ਹੇ ਹਾਲ ਵਿਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੰਖੇਪ ਸਮਾਗਮ ਦੋਰਾਨ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਦਨ ਦੇ ਸਰਪ੍ਰਸਤ ਸ ਦਿਲਜੀਤ ਸਿੰਘ ਬੇਦੀ ਨੇ ਪ੍ਰੋ. ਢਿੱਲੋ ਦੀਆਂ ਲਿਖਤਾਂ ਦੀ ਭਰਵੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਅਠਾਰਾਂ ਕੁ ਪੁਸਤਕਾਂ ਦੀ ਰਚਨਾ ਕੀਤੀ ਹੈ ਤੇ ਸਭ ਪੁਸਤਕਾਂ ਵਿਸ਼ਵ ਦੇ ਨਾਮਵਰ ਵਿੱਦਿਅਕ ਅਦਾਰਿਆ ਦੀਆਂ ਲਾਇਬਰੇਰੀਆ ਵਾਸਤੇ ਪਰਵਾਨ ਕੀਤੀਆ ਗਈਆ ਹਨ । ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੋ ਢਿੱਲੋਂ ਦੀ ਲਿਖਣ ਸ਼ੈਲੀ ਬਹੁਤ ਹੀ ਵਿਲੱਖਣ ਤੇ ਰੌਚਿਕ ਹੁੰਦੀ ਹੈ ਤੇ ਉਹਨਾਂ ਦੀ ਹਰ ਲਿਖਤ ਪੜ੍ਹਨ ਉਪਰੰਤ ਪਾਠਕ ਨੂੰ ਬਹੁਤ ਕੁੱਝ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ। ਸ. ਬੇਦੀ ਨੇ ਪ੍ਰੋ. ਢਿੱਲੋਂ ਦੀ ਅਗਲੀ ਫੇਰੀ ‘ਤੇ ਰਾਜਪੱਧਰੀ ਇਕ ਵੱਡਾ ਪ੍ਰੋਗਰਾਮ ਆਯੋਜਿਨ ਕਰਨ ਦਾ ਐਲਾਨ ਵੀ ਕੀਤਾ।

ਇਸ ਮੌਕੇ ਪੱਤਰਕਾਰ ਸਦਨ ਦੇ ਚੇਅਰਮੈਨ ਸ ਜੁਗਿੰਦਰ ਪਾਲ ਸਿੰਘ ਕੁੰਦਰਾ ਨੇ ਕਿਹਾ ਕਿ ਪ੍ਰੋ ਢਿੱਲੋਂ ਦੀ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡੀ ਦੇਣ ਹੈ ਕਿਉਕਿ ਉਹ ਬਰਤਾਨੀਆ ਵਰਗੇ ਅਤੀ  ਰੁਝੇਵਿਆ ਵਾਲੇ ਮੁਲਕ ਵਿਚ ਰਹਿੰਦੇ ਹੋਏ  ਵੀ ਪਿਛਲੇ ਤਿੰਨ ਦਹਾਕਿਆ ਤੋ ਲਗਾਤਾਰ ਬਹੁਤ ਪ੍ਰਤੀਬੱਧਤਾ ਨਾਲ ਲਿਖ ਰਹੇ ਹਨ । ਸ. ਕੁੰਦਰਾ ਨੇ ਇਹ ਵੀ ਦੱਸਿਆ ਕਿ ਪ੍ਰੋ ਢਿੱਲੋਂ ਵਿਸ਼ਵ ਪੰਜਾਬੀ ਭਾਈਚਾਰੇ ਦੇ ਪਹਿਲੇ ਅਜਿਹੇ ਪਰਵਾਸੀ ਹਨ, ਜਿਹਨਾ ਦੀਆ ਲਿਖਤਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਦਿੱਲੀ ਯੂਨੀਵਰਸਿਟੀ, ਕੈਬਰਿਜ ਤੇ ਔਕਸਫੋਰਡ  ਵਰਗੇ ਸੰਸਾਰ ਪ੍ਰਸਿੱਧ ਅਦਾਰਿਆ ਦੀਆਂ ਲਾਇਬਰੇਰੀਆ ਵਿਚ ਜਗਾ ਮਿਲੀ ਹੈ ।

ਇਸ ਮੌਕੇ ਸਦਨ ਦੇ ਪ੍ਰਧਾਨ ਸ ਜਤਿੰਦਰ ਸਿੰਘ ਥਿੰਦ ਅਤੇ ਜਸਪਾਲ ਸਿੰਘ ਵਿਰਦੀ (ਜਨਰਲ ਸਕੱਤਰ) ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਇਸ ਮੌਕੇ ਵੱਖ ਵੱਖ ਪੱਤਰਕਾਰਤਾ ਦੇ ਅਦਾਰਿਆਂ ਤੋਂ ਹਾਜਰ ਤਿਨ ਕੁ ਦਰਜਨ ਪੱਤਰਕਾਰਾਂ ਨੂੰ ਸੰਬੋਧਿਨ ਕਰਦਿਆਂ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੇ ਜਿੱਥੇ ਆਪਣੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਉਥੇ ਪੱਤਰਕਾਰੀ ਦੀਆਂ ਉਚ ਰਿਵਾਇਤਾਂ ਦਾ ਜਿਕਰ ਕਰਦਿਆਂ ਪੱਤਰਕਾਰਾਂ ਨੁੰ ਅਪੀਲ ਕੀਤੀ ਕਿ ਉਹ ਪਰੋਫੈਸ਼ਨਲ ਪੱਤਰਕਾਰੀ ਕਰਨ ਤੇ ਇਸ ਕਿੱਤੇ ਵਿਚ ਨਾਮਣਾ ਖੱਟਣ। ਪੱਤਰਕਾਰਾਂ ਵਲੋਂ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਪੱਤਰਕਾਰਤਾ ਇਕ ਸੱਚਾ ਸੁੱਚਾ ਪੇਸ਼ਾ ਹੈ । ਇਹ ਸਿਰਾਂ ਦੀ ਸੌਦਾਗਰੀ ਹੈ ਤੇ ਇਸ ਕਿੱਤੇ ਨਾਲ ਇਨਸਾਫ ਕਰਨ ਵਾਸਤੇ ਹਮੇਸ਼ਾ ਹੀ ਸਿਰ ‘ਤੇ ਕੱਫਨ ਬੰਨ੍ਹਕੇ ਤੁਰਨਾ ਪੈਂਦਾ ਹੈ । ਉਹਨਾ ਇਹ ਵੀ ਕਿਹਾ ਕਿ ਉਹ ਪੱਤਰਕਾਰੀ ਅਦਾਰਾ ਜੋ ਮਾਲੀ ਪੱਖੋ ਮਜਬੂਤ ਜਾਂ ਅਜਾਦ ਨਹੀ, ਕਦੇ ਵੀ ਇਸ ਕਿੱਤੇ ਨਾਲ ਇਂਨਸਾਫ ਨਹੀ ਕਰ ਸਕਦਾ। ਉਹਨਾਂ ਨੇ ਪੱਤਰਕਾਰੀ ਅਦਾਰਿਆ ਵਲੋ ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਉਤੇ ਪਾਏ ਜਾ ਰਹੇ ਗੈਰ ਵਾਜਬ ਦਬਾਅ ਉਤੇ ਗਹਿਰੀ  ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਹ ਸਰਕਾਰਾਂ ਦੀ ਜਿੰਮੇਵਾਰੀ  ਬਣਦੀ ਹੈ ਕਿ ਉਹ ਪੱਤਰਕਾਰਾਂ ਦੇ ਹਿੱਤਾਂ ਦਾ ਖਿਆਲ ਕਰਨ ਤੇ ਉਹਨਾਂ ਨੂੰ ਬਣਦੀਆ ਸਹੂਲਤਾਂ ਮੁਹੱਈਆ ਕਰਨ।

ਇਸ ਮੌਕੇ ਪੰਜਾਬੀ ਪੱਤਰਕਾਰ ਸਦਨ ਵਲੋਂ ਪ੍ਰੋ ਢਿੱਲੋਂ ਦੀਆਂ ਦੋ ਨਵੀਆਂ ਪੁਸਤਕਾਂ “ਇਹ ਦੁਨੀਆ ਪਿੱਤਲ ਦੀ ਅਤੇ ਕਰੋਨਾ ਕੌਵਿਡ – 19 ਇਕ ਨਵੇ ਯੁੱਗ ਦੀ ਸ਼ੁਰੂਆਤ” ਲੋਕ ਅਰਪਿਤ ਕੀਤੀਆ ਗਈਆ । ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਦਨ ਦੇ ਸਰਪ੍ਰਸਤ ਉਘੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਵਲੋਂ ਆਪਣੀਆ ਦੋ ਪੁਸਤਕਾਂ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ “ ਦਾ ਸੈੱਟ ਪ੍ਰੋ ਢਿੱਲੋਂ ਨੂੰ ਭੇਂਟ ਕੀਤਾ ਗਿਆ ।

ਪੱਤਰਕਾਰ ਸਦਨ ਵਲੋਂ ਉਨ੍ਹਾਂ ਨੂੰ ਇਕ ਬਹੁਤ ਹੀ ਸ਼ਾਨਦਾਰ ਯਾਦਗਾਰੀ ਟਰਾਫੀ, ਸ਼ਾਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅਖੀਰ ਵਿੱਚ ਸਦਨ ਦੇ ਪ੍ਰਧਾਨ ਸ. ਜਤਿੰਦਰ ਸਿੰਘ ਥਿੰਦ ਨੇ ਸਮਾਗਮ ਦੀ ਸਫਲਤਾ ਲਈ ਹਾਜ਼ਰ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਦਨ ਵੱਲੋਂ ਭਵਿੱਖ ਵਿੱਚ ਅਜਿਹੇ ਸਮਾਗਮ ਸਮੇਂ ਸਮੇਂ ਵਿਸ਼ਾਲ ਪੱਧਰ ਤੇ ਕੀਤੇ ਜਾਣਗੇ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਤੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਮੌਜੂਦਾ ਮੈਨੇਜ਼ਰ ਸ. ਪਰਮਜੀਤ ਸਿੰਘ ਬਾਜਵਾ ਵੱਲਂੋ ਵੀ ਉਹਨਾਂ ਨੂੰ ਸਿਰੋਪਾਓ ਭੇਂਟ ਕਰਕੇ ਮਾਣ ਦਿੱਤਾ ਗਿਆ। ਇਸ ਸਮੇਂ ਗੁਰਮੀਤ ਸਿੰਘ ਸੂਰੀ, ਤਜਿੰਦਰ ਸਿੰਘ, ਅਮਰੀਕ ਸਿੰਘ ਵੱਲਾ, ਸੁਰਿੰਦਰ ਸਿੰਘ ਵਿਰਦੀ, ਗੌਰਵ, ਮਨਜੀਤ, ਕੁਲਬੀਰ ਸਿੰਘ, ਕਾਕਾ, ਸਾਹਿਲ ਤੇ ਹਰਜਿੰਦਰ, ਬੰਟੀ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਪੱਤਰਕਾਰ ਸਦਨ ਵੱਲੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਸ਼ਿਗਾਰਾ ਸਿੰਘ ਢਿੱਲੋਂ ਦੀਆਂ ਕਿਤਾਬਾਂ ਰਲੀਜ਼ ਕਰਦੇ ਹੋਏ।